- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿਮਾਚਲ ਪ੍ਰਦੇਸ਼ ਵਿੱਚ ਬੱਚਿਆਂ ਦੀ ਖ਼ਰੀਦੋ-ਫ਼ਰੋਖਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਜ਼ਿਲ੍ਹਾ ਕਾਂਗੜਾ ਦੇ ਅਧੀਨ ਪੈਂਦੇ ਸੰਸਾਰਪੁਰ ਟੈਰੇਸ ਪੁਲਿਸ ਥਾਣੇ ਦੀ ਟੀਮ ਨੇ ਮਾਮਲੇ ਵਿੱਚ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲਾਂ ਤੋਂ ਗ੍ਰਿਫ਼ਤਾਰ ਮੁਲਜ਼ਮ ਪੁਲਿਸ ਰਿਮਾਂਡ 'ਤੇ ਹੈ। ਉਸ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਮਹਿਲਾ ਨੂੰ ਬਟਾਲਾ (ਪੰਜਾਬ) ਤੋਂ ਗ੍ਰਿਫ਼ਤਾਰ ਕੀਤਾ ਹੈ।

ਬੱਚਾ ਗੋਦ ਦੇਣ ਦੇ ਬਦਲੇ ਮੰਗੇ ਸਨ 23,500 ਰੁਪਏ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੀਪਕ ਕੁਮਾਰ ਕਥਿਤ ਤੌਰ 'ਤੇ ਬੱਚਿਆਂ ਦੀ ਖ਼ਰੀਦੋ-ਫ਼ਰੋਖਤ ਕਰਦਾ ਸੀ। ਇਲਜ਼ਾਮ ਹੈ ਕਿ ਉਸ ਨੇ ਸੰਸਾਰਪੁਰ ਟੈਰੇਸ ਦੇ ਰਹਿਣ ਵਾਲੇ ਰੋਹਿਤ ਕੁਮਾਰ ਤੋਂ ਬੱਚਾ ਗੋਦ ਦੇਣ ਦੇ ਬਦਲੇ 23,500 ਰੁਪਏ ਦੀ ਮੰਗ ਕੀਤੀ ਸੀ। ਰੋਹਿਤ ਕੁਮਾਰ ਨੇ ਪਹਿਲਾਂ ਦੀਪਕ ਦੇ ਬੈਂਕ ਖਾਤੇ ਵਿੱਚ 10,000 ਰੁਪਏ ਜਮ੍ਹਾ ਕਰਵਾ ਦਿੱਤੇ ਸਨ, ਪਰ ਬਾਕੀ ਦੀ ਰਕਮ ਨਹੀਂ ਦਿੱਤੀ ਸੀ।
ਧੋਖਾਧੜੀ ਦੇ ਸ਼ੱਕ ਵਿੱਚ ਪਹੁੰਚਿਆ ਸੀ ਪੁਲਿਸ ਕੋਲ
ਰੋਹਿਤ ਨੂੰ ਮਹਿਸੂਸ ਹੋਇਆ ਕਿ ਉਸ ਨਾਲ ਧੋਖਾਧੜੀ ਹੋ ਰਹੀ ਹੈ। ਇਸ ਤੋਂ ਬਾਅਦ ਉਸ ਨੇ ਡਾਡਾਸੀਬਾ ਦੇ ਡੀ.ਐੱਸ.ਪੀ. ਰਾਜ ਕੁਮਾਰ ਕੋਲ ਸ਼ਿਕਾਇਤ ਕੀਤੀ ਅਤੇ ਇਸ ਦੇ ਆਧਾਰ 'ਤੇ ਥਾਣਾ ਸੰਸਾਰਪੁਰ ਟੈਰੇਸ ਵਿੱਚ ਮਾਮਲਾ ਦਰਜ ਕੀਤਾ ਗਿਆ।
ਬੱਚਿਆਂ ਨੂੰ ਅੱਗੇ ਵੇਚਣ ਦੇ ਨੈੱਟਵਰਕ ਨਾਲ ਜੁੜੀ ਮਹਿਲਾ
ਜਾਂਚ ਦੌਰਾਨ 47 ਸਾਲਾ ਰਿਤੂ (ਨਿਵਾਸੀ ਬਟਾਲਾ) ਦਾ ਨਾਮ ਵੀ ਸਾਹਮਣੇ ਆਇਆ ਹੈ, ਜੋ ਕਥਿਤ ਤੌਰ 'ਤੇ ਬੱਚਿਆਂ ਨੂੰ ਅੱਗੇ ਵੇਚਣ ਦੇ ਨੈੱਟਵਰਕ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਇਸ ਮਾਮਲੇ ਦੀ ਛਾਨਬੀਨ ਵਿੱਚ ਐਸ.ਪੀ. ਦੇਹਰਾ ਮਯੰਕ ਚੌਧਰੀ, ਏ.ਐਸ.ਪੀ. ਆਰ.ਪੀ. ਜਸਵਾਲ ਅਤੇ ਡੀ.ਐਸ.ਪੀ. ਰਾਜ ਕੁਮਾਰ ਵੀ ਸ਼ਾਮਲ ਰਹੇ। ਦੀਪਕ ਕੁਮਾਰ ਛੇ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਹੈ। ਐਸ.ਪੀ. ਨੇ ਕਿਹਾ ਕਿ ਇਹ ਇੱਕ ਅੰਤਰ-ਰਾਜੀ ਗਿਰੋਹ ਹੈ।