ਭੀਖ ਮੰਗਣ ਤੇ ਕੂੜਾ ਚੁੱਕਣ ਵਾਲੇ ਬੱਚਿਆਂ ਦੇ ਹੱਥਾਂ ’ਚ ਫੜਾਈ ਕਲਮ, 20 ਹਜ਼ਾਰ ਬੱਚਿਆਂ ਦੀ ਬਦਲੀ ਜ਼ਿੰਦਗੀ
ਹਿਸਾਰ ਦੀ ਅਨੁ ਚਿਨੀਆ ਪਿਛਲੇ 13 ਸਾਲਾਂ ਤੋਂ ਲੋੜਵੰਦ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ’ਚ ਜੁਟੀ ਹੋਈ ਹੈ।
Publish Date: Tue, 13 Oct 2026 12:11 PM (IST)
Updated Date: Tue, 13 Oct 2026 12:13 PM (IST)
ਨਮਹਾ ਯਾਦਵ, ਹਿਸਾਰ। ਕਿਸੇ ਬੱਚੇ ਦੇ ਹੱਥੋਂ ਭੀਖ ਮੰਗਣ ਵਾਲਾ ਕਟੋਰਾ ਖੋਹ ਕੇ ਉਸ ਦੇ ਹੱਥ ’ਚ ਕਲਮ ਫੜਾਉਣਾ ਸਿਰਫ਼ ਉਸ ਦੀ ਜ਼ਿੰਦਗੀ ਬਦਲਣਾ ਹੀ ਨਹੀਂ, ਸਗੋਂ ਉਸ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣਾ ਵੀ ਹੈ। ਹਿਸਾਰ ਦੀ ਅਨੁ ਚਿਨੀਆ ਪਿਛਲੇ 13 ਸਾਲਾਂ ਤੋਂ ਇਸੇ ਸੋਚ ਨਾਲ ਲੋੜਵੰਦ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ’ਚ ਜੁਟੀ ਹੋਈ ਹੈ। ਬੱਸ ਸਟੈਂਡ ’ਤੇ ਭੀਖ ਮੰਗਦੇ ਬੱਚਿਆਂ ਨੂੰ ਦੇਖ ਕੇ ਉਨ੍ਹਾਂ ਦੇ ਮਨ ’ਚ ਉੱਠੀ ਇੱਕ ਛੋਟੀ ਜਿਹੀ ਚਿੰਤਾ ਅੱਜ ‘ਭੀਖ ਨਹੀਂ, ਕਿਤਾਬ ਦਿਓ’ ਮੁਹਿੰਮ ਦਾ ਰੂਪ ਧਾਰ ਚੁੱਕੀ ਹੈ।
20 ਹਜ਼ਾਰ ਬੱਚਿਆਂ ਨੂੰ ਦਿਖਾਇਆ ਸਿੱਖਿਆ ਦਾ ਰਾਹ
ਇਸ ਮੁਹਿੰਮ ਤਹਿਤ 20 ਹਜ਼ਾਰ ਬੱਚਿਆਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਸਿੱਖਿਆ ਤੇ ਸਨਮਾਨ ਨਾਲ ਜ਼ਿੰਦਗੀ ਜਿਊਣ ਦਾ ਰਾਹ ਦਿਖਾਇਆ ਗਿਆ ਹੈ। ਹੁਣ ਅਨੁ ਉਨ੍ਹਾਂ ਔਰਤਾਂ ਨੂੰ ਵੀ ਆਤਮ-ਨਿਰਭਰ ਬਣਾਉਣ ’ਚ ਜੁਟੀ ਹੋਈ ਹੈ, ਜੋ ਕਦੇ ਮਜਬੂਰੀ ’ਚ ਕੂੜਾ ਚੁੱਕਣ ਜਾਂ ਭੀਖ ਮੰਗਣ ਦਾ ਕੰਮ ਕਰਦੀਆਂ ਸਨ।
ਅਨੁ ਲਈ ਇਹ ਪਹਿਲ ਸਿਰਫ਼ ਬੱਚਿਆਂ ਨੂੰ ਸਕੂਲ ਭੇਜਣ ਜਾਂ ਔਰਤਾਂ ਨੂੰ ਹੁਨਰ ਸਿਖਾਉਣ ਤੱਕ ਸੀਮਤ ਨਹੀਂ ਹੈ। ਉਨ੍ਹਾਂ ਦਾ ਮਕਸਦ ਅਜਿਹੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੂੜਾ ਚੁੱਕਣ ਜਾਂ ਭੀਖ ਮੰਗਣ ਵਾਲੇ ਕਿਸੇ ਬੱਚੇ ਨੂੰ ਮਾਨਸਿਕ ਤੌਰ ’ਤੇ ਤਿਆਰ ਕਰਕੇ ਆਮ ਜ਼ਿੰਦਗੀ ਤੇ ਸਿੱਖਿਆ ਦੇ ਰਾਹ ’ਤੇ ਲਿਆਉਣ ’ਚ ਤਿੰਨ ਤੋਂ ਚਾਰ ਸਾਲ ਤੱਕ ਲੱਗ ਸਕਦੇ ਹਨ।
ਜਦੋਂ ਅਨੁ ਚਿਨੀਆ ਕਾਲਜ ’ਚ ਪੜ੍ਹਨ ਜਾਂਦੀਆਂ ਸਨ, ਤਾਂ ਉਹ ਅਕਸਰ ਹਿਸਾਰ ਬੱਸ ਸਟੈਂਡ ’ਤੇ ਬੱਚਿਆਂ ਨੂੰ ਭੀਖ ਮੰਗਦੇ ਦੇਖਦੀਆਂ ਸਨ। ਸ਼ੁਰੂ ’ਚ ਉਨ੍ਹਾਂ ਨੇ ਬੱਚਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਉਹ ਆਪਣੇ ਭਰਾ ਨਾਲ ਸਵੇਰੇ ਬੱਚਿਆਂ ਦੀਆਂ ਝੁੱਗੀਆਂ ’ਚ ਪਹੁੰਚੀਆਂ। ਉੱਥੇ ਪਤਾ ਲੱਗਾ ਕਿ ਪਰਿਵਾਰ ਦੀ ਰੋਜ਼ੀ-ਰੋਟੀ ਭੀਖ ਮੰਗਣ ’ਤੇ ਨਿਰਭਰ ਸੀ ਤੇ ਬੱਚਿਆਂ ਦੇ ਪਿਤਾ ਦੀ ਸਿਹਤ ਵੀ ਖ਼ਰਾਬ ਸੀ। ਅਜਿਹੇ ਹਾਲਾਤ ’ਚ ਬੱਚਿਆਂ ਨੂੰ ਸਕੂਲ ਭੇਜਣ ਦੀ ਗੱਲ ਕਰਨੀ ਆਸਾਨ ਨਹੀਂ ਸੀ।
ਹੁਣ ਮਿਹਨਤ ਨਾਲ ਬਣਾ ਰਹੇ ਹਨ ਆਪਣੀ ਪਛਾਣ
ਅਨੁ ਦੱਸਦੀ ਹੈ ਕਿ ਬੱਚੇ ਲੱਕੜ, ਸ਼ੀਸ਼ੇ ਤੇ ਗੱਡੀਆਂ ਨਾਲ ਸਬੰਧਤ ਕੰਮ ਸਿੱਖ ਕੇ ਰੁਜ਼ਗਾਰ ਹਾਸਲ ਕਰ ਰਹੇ ਹਨ। ਸੰਸਥਾ ਨਾਲ ਜੁੜੇ ਕੁਝ ਬੱਚਿਆਂ ਨੂੰ ਅੱਗੇ ਦੀ ਪੜ੍ਹਾਈ ਲਈ ਦਿੱਲੀ ਯੂਨੀਵਰਸਿਟੀ ’ਚ ਵੀ ਭੇਜਿਆ ਗਿਆ ਹੈ। ਇਸ ਬਦਲਾਅ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਉਹ ਬੱਚਾ ਹੈ, ਜੋ ਕਦੇ ਭੀਖ ਮੰਗਦਾ ਸੀ ਤੇ ਅੱਜ ਹਰਿਆਣਾ ਦੀ ਸੂਬਾਈ ਵਾਲੀਬਾਲ ਟੀਮ ’ਚ ਖੇਡ ਰਿਹਾ ਹੈ। ਅਜਿਹੇ ਬੱਚਿਆਂ ਦੀਆਂ ਪ੍ਰਾਪਤੀਆਂ ਅਨੁ ਦੇ ਯਤਨਾਂ ਨੂੰ ਨਵੀਂ ਊਰਜਾ ਦਿੰਦੀਆਂ ਹਨ।
ਸੱਤ ਔਰਤਾਂ ਨਾਲ ਸ਼ੁਰੂ ਹੋਈ ਪਹਿਲ, 40 ਔਰਤਾਂ ਬਣੀਆਂ ਆਤਮ-ਨਿਰਭਰ
ਦੋ ਸਾਲ ਪਹਿਲਾਂ ਜਦੋਂ ਅਨੁ ਨੇ ਔਰਤਾਂ ਪ੍ਰਤੀ ਸਮਾਜ ਦਾ ਰਵੱਈਆ ਦੇਖਿਆ, ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਸਿਰਫ਼ ਨੌਕਰੀ ਦਿਵਾਉਣਾ ਹੀ ਕਾਫ਼ੀ ਨਹੀਂ ਹੈ। ਔਰਤਾਂ ਨੂੰ ਅਜਿਹਾ ਹੁਨਰ ਦੇਣਾ ਜ਼ਰੂਰੀ ਹੈ, ਜਿਸ ਨਾਲ ਉਹ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਸਕਣ। ਇਸ ਲਈ ਉਨ੍ਹਾਂ ਨੇ ਸੱਤ ਔਰਤਾਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਨੂੰ ਸਿਲਾਈ ਤੇ ਕਢਾਈ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਹੌਲੀ-ਹੌਲੀ ਇਸ ਪਹਿਲ ਨਾਲ ਜੁੜਨ ਵਾਲੀਆਂ ਔਰਤਾਂ ਦੀ ਗਿਣਤੀ ਵਧ ਕੇ 40 ਹੋ ਗਈ।