ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ NSA ਤਹਿਤ ਹੋਵੇ ਕਾਰਵਾਈ, ਯੂਪੀ ਦੇ ਸਾਬਕਾ DGP ਡਾ. ਵਿਕਰਮ ਸਿੰਘ ਨੇ ਦੱਸਿਆ ਦੇਸ਼ਧ੍ਰੋਹੀ ਧਰੁਵ ਰਾਠੀ: ਧਰੁਵ ਰਾਠੀ ਦੇ ਬਿਆਨ ਤੋਂ ਬਾਅਦ ਡਾ. ਵਿਕਰਮ ਸਿੰਘ ਦਾ ਪਾਰਾ ਚੜ੍ਹ ਗਿਆ ਹੈ। ਉਨ੍ਹਾਂ ਨੇ ਰਾਠੀ ਨੂੰ ਦੇਸ਼ਧ੍ਰੋਹੀ ਕਰਾਰ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਖ਼ਿਲਾਫ਼ ਤੁਰੰਤ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਕੇਸ ਦਰਜ ਕੀਤਾ ਜਾਵੇ।
Publish Date: Fri, 16 Oct 2026 02:52 PM (IST)
Updated Date: Fri, 16 Oct 2026 02:54 PM (IST)
ਡਿਜੀਟਲ ਡੈਸਕ, ਲਖਨਊ : ਯੂਟਿਊਬਰ ਧਰੁਵ ਰਾਠੀ ਵੱਲੋਂ ਫ਼ੌਜ ਤੇ ਪੁਲਿਸ ਖ਼ਿਲਾਫ਼ ਦਿੱਤੇ ਗਏ ਬਿਆਨ ’ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਡਾ. ਵਿਕਰਮ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਸੇਵਾਮੁਕਤ ਆਈਪੀਐੱਸ ਅਧਿਕਾਰੀ ਤੇ ਸਿੱਖਿਆ ਸ਼ਾਸਤਰੀ ਡਾ. ਵਿਕਰਮ ਸਿੰਘ ਨੇ ਧਰੁਵ ਰਾਠੀ ਦੇ ਫ਼ੌਜ ਤੇ ਪੁਲਿਸ ਨਾਲ ਸਬੰਧਤ ਬਿਆਨ ’ਤੇ ਇਤਰਾਜ਼ ਪ੍ਰਗਟਾਉਂਦਿਆਂ ਉਸ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਪੁਲਿਸ ਮਹਾਨਿਰਦੇਸ਼ਕ ਤੇ ਮੌਜੂਦਾ ਸਮੇਂ ’ਚ ਨੋਇਡਾ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਡਾ. ਵਿਕਰਮ ਸਿੰਘ 1974 ਬੈਚ ਦੇ ਆਈਪੀਐੱਸ ਅਧਿਕਾਰੀ ਰਹੇ ਹਨ। ਉਹ ਜੂਨ 2007 ਤੋਂ ਸਤੰਬਰ 2009 ਤੱਕ ਉੱਤਰ ਪ੍ਰਦੇਸ਼ ਦੇ ਡੀਜੀਪੀ ਰਹੇ ਸਨ।
ਧਰੁਵ ਰਾਠੀ ਨੇ ਹਾਲ ਹੀ ’ਚ SIR ਤੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨ ’ਚ ਸ਼ਾਮਲ ਹੋਣ ਤੋਂ ਬਾਅਦ ਇੱਕ ਯੂਟਿਊਬਰ ਪੱਤਰਕਾਰ ਨੂੰ ਇੰਟਰਵਿਊ ਦਿੱਤਾ ਸੀ, ਜਿਸ ’ਚ ਉਨ੍ਹਾਂ ਨੇ ਕਥਿਤ ਤੌਰ ’ਤੇ ਭੜਕਾਊ ਬਿਆਨ ਦਿੱਤਾ।
ਡਾ. ਵਿਕਰਮ ਸਿੰਘ ਦਾ ਚੜ੍ਹਿਆ ਪਾਰਾ ਧਰੁਵ ਰਾਠੀ ਦੇ ਬਿਆਨ ਤੋਂ ਬਾਅਦ ਡਾ. ਵਿਕਰਮ ਸਿੰਘ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਨੇ ਰਾਠੀ ਨੂੰ ਦੇਸ਼ਧ੍ਰੋਹੀ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਸਰਕਾਰ ਉਸ ਖ਼ਿਲਾਫ਼ ਤੁਰੰਤ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਕੇਸ ਦਰਜ ਕਰੇ। ਫ਼ੌਜ ਤੇ ਪੁਲਿਸ ’ਚ ਬਗਾਵਤ ਨੂੰ ਲੈ ਕੇ ਧਰੁਵ ਰਾਠੀ ਦੇ ਬਿਆਨ ’ਤੇ ਭੜਕੇ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਨੇ ਕਿਹਾ ਕਿ ਯੂਟਿਊਬਰ ਧਰੁਵ ਰਾਠੀ ਜਰਮਨੀ ਤੋਂ ਭਾਰਤ ਆਏ ਹਨ ਤੇ ਦੇਸ਼ ਦੇ ਨੌਜਵਾਨਾਂ ਨੂੰ ਭੜਕਾਉਣ ’ਚ ਲੱਗੇ ਹੋਏ ਹਨ। ਉਨ੍ਹਾਂ ਮੁਤਾਬਕ, ਇੰਟਰਵਿਊ ’ਚ ਪੁਲਿਸ ਤੇ ਦੇਸ਼ ਦੀ ਫ਼ੌਜ ਨੂੰ ਬਗਾਵਤ ਕਰਨ ਲਈ ਕਿਹਾ ਜਾ ਰਿਹਾ ਹੈ। ਯੂਪੀ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਨੇ ਰਾਠੀ ਦੇ ਬਿਆਨ ਨੂੰ ਦੇਸ਼ ਲਈ ਘਾਤਕ ਦੱਸਦਿਆਂ NSA ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ NSA ਤਹਿਤ ਕੇਸ ਦਰਜ ਕਰਨਾ ਬਿਲਕੁਲ ਢੁੱਕਵਾਂ ਹੈ।
ਧਰੁਵ ਰਾਠੀ ਤੋਂ ਬੇਹੱਦ ਨਾਰਾਜ਼ ਯੂਪੀ ਦੇ ਸਾਬਕਾ ਡੀਜੀਪੀ ਧਰੁਵ ਰਾਠੀ ਦੇ ਬਿਆਨ ਤੋਂ ਬੇਹੱਦ ਨਾਰਾਜ਼ ਡਾ. ਵਿਕਰਮ ਸਿੰਘ ਨੇ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ, “ਜੈ ਹਿੰਦ, ਦੋਸਤੋ। ਦੱਸਿਆ ਜਾ ਰਿਹਾ ਹੈ ਕਿ ਜਰਮਨੀ ’ਚ ਰਹਿਣ ਵਾਲੇ ਯੂਟਿਊਬਰ ਧਰੁਵ ਰਾਠੀ ਨੇ ਹਾਲ ਹੀ ’ਚ ਇੱਕ ਇੰਟਰਵਿਊ ਦੌਰਾਨ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਕਿ ਭਾਰਤੀ ਪੁਲਿਸ ਤੇ ਭਾਰਤੀ ਫ਼ੌਜ ਨੂੰ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਨੇ ਬਾਲੀਵੁੱਡ ਦੇ ਅਦਾਕਾਰਾਂ ਤੇ ਅਦਾਕਾਰਾਵਾਂ ਨੂੰ ਵੀ ਅਪੀਲ ਕੀਤੀ ਹੈ।”
ਧਰੁਵ ਰਾਠੀ ਦਾ ਅਪਰਾਧ ਗੰਭੀਰ: ਵਿਕਰਮ ਸਿੰਘ ਵਿਕਰਮ ਸਿੰਘ ਨੇ ਕਿਹਾ ਕਿ ਬਾਲੀਵੁੱਡ ਦੇ ਅਦਾਕਾਰ ਤੇ ਅਦਾਕਾਰਾਵਾਂ ਕੀ ਕਰਦੇ ਹਨ, ਇਹ ਉਨ੍ਹਾਂ ਦਾ ਆਪਣਾ ਮਾਮਲਾ ਹੈ। ਪਰ ਜਿੱਥੋਂ ਤੱਕ ਪੁਲਿਸ ਦਾ ਸਵਾਲ ਹੈ, ‘ਪੁਲਿਸ ਇਨਸਾਈਟਮੈਂਟ ਆਫ਼ ਡਿਸਐਫੈਕਸ਼ਨ ਐਕਟ’ ਇੱਕ ਕਾਨੂੰਨ ਹੈ, ਜਿਸ ਤਹਿਤ ਇਹ ਅਪਰਾਧ ਬਣਦਾ ਹੈ। ਉਨ੍ਹਾਂ ਇਸ ਨੂੰ ਗੰਭੀਰ ਅਪਰਾਧ ਦੱਸਿਆ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਫ਼ੌਜ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਦਾ ਸੱਦਾ ਦਿੰਦਾ ਹੈ, ਤਾਂ ਪੁਰਾਣੀ ਆਈਪੀਸੀ ਦੀ ਧਾਰਾ 131 ਤੇ ਮੌਜੂਦਾ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 159 ਤਹਿਤ ਇਹ ਗੰਭੀਰ ਜੁਰਮ ਹੈ। ਇਸ ’ਚ ਉਮਰ ਕੈਦ ਜਾਂ 10 ਸਾਲ ਤੱਕ ਦੀ ਕੈਦ ਤੇ ਜੁਰਮਾਨੇ ਦੀ ਵਿਵਸਥਾ ਹੈ।
ਇੰਟਰਵਿਊ ’ਚ ਧਰੁਵ ਰਾਠੀ ਨੇ ਕੀ ਕਿਹਾ ਸੀ?
ਧਰੁਵ ਰਾਠੀ ਨੇ ਇੰਟਰਵਿਊ ’ਚ ਕਿਹਾ ਸੀ, “ਜੇਕਰ ਪੁਲਿਸ ਵਾਲੇ ਇਕੱਠੇ ਹੋ ਕੇ ਆਵਾਜ਼ ਉਠਾਉਣਗੇ, ਤਾਂ ਸਰਕਾਰ ਕੀ ਕਰੇਗੀ? ਕੀ ਉਹ ਪੂਰੀ ਪੁਲਿਸ ਫੋਰਸ ਨੂੰ ਇੱਕੋ ਵਾਰ ਅਸਤੀਫ਼ਾ ਦੇਣ ਲਈ ਕਹੇਗੀ? ਜੇਕਰ ਫ਼ੌਜ ਦੇ ਜਵਾਨ ਇਕੱਠੇ ਹੋ ਕੇ ਆਵਾਜ਼ ਉਠਾਉਣਗੇ, ਤਾਂ ਸਰਕਾਰ ਕੀ ਕਰੇਗੀ? ਕੀ ਉਹ ਪੂਰੀ ਫ਼ੌਜ ਨੂੰ ਇੱਕੋ ਵਾਰ ਅਸਤੀਫ਼ਾ ਦੇਣ ਲਈ ਕਹੇਗੀ? ਫਿਰ ਸਰਕਾਰ ਕੁਝ ਨਹੀਂ ਕਰ ਸਕਦੀ। ਇੱਕ ਲੋਕਤੰਤਰੀ ਦੇਸ਼ ’ਚ ਤਾਕਤ ਜਨਤਾ ਦੇ ਹੱਥਾਂ ’ਚ ਹੁੰਦੀ ਹੈ। ਏਕਤਾ ’ਚ ਤਾਕਤ ਹੁੰਦੀ ਹੈ।”