- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਰਾਸ਼ਟਰ ’ਚ ਸਾਬਕਾ ਭਾਜਪਾ ਵਿਧਾਇਕ ਨਰਿੰਦਰ ਪਵਾਰ ਤੇ ਬਰਖ਼ਾਸਤ ਪੁਲਿਸ ਮੁਲਾਜ਼ਮ ਸ਼ੈਲੇਸ਼ ਪਾਟਿਲ ਖ਼ਿਲਾਫ਼ ਸਮੂਹਿਕ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਡਿਜੀਟਲ ਡੈਸਕ, ਮੁੰਬਈ : ਮਹਾਰਾਸ਼ਟਰ ਦੇ ਕਲਿਆਣ ਪੱਛਮੀ ਵਿਧਾਨ ਸਭਾ ਹਲਕੇ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼ ਹੇਠ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਨਰਿੰਦਰ ਪਵਾਰ ਤੇ ਬਰਖ਼ਾਸਤ ਪੁਲਿਸ ਮੁਲਾਜ਼ਮ ਸ਼ੈਲੇਸ਼ ਪਾਟਿਲ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।
ਮਹਾਰਾਸ਼ਟਰ ਦੇ ਪੁਲਿਸ ਡਾਇਰੈਕਟਰ ਜਨਰਲ (DGP) ਸਦਾਨੰਦ ਦਾਤੇ ਦੇ ਹੁਕਮਾਂ ਤੋਂ ਬਾਅਦ ਪਡਘਾ ਪੁਲਿਸ ਨੇ ਵੀਰਵਾਰ ਤੜਕੇ ਐੱਫਆਈਆਰ ਦਰਜ ਕੀਤੀ। ਸ਼ਿਕਾਇਤ ਮੁਤਾਬਕ, ਕਲਿਆਣ ਦੀ ਰਹਿਣ ਵਾਲੀ ਪੀੜਤਾ ਆਪਣੇ ਪਤੀ ਨਾਲ ਚੱਲ ਰਹੇ ਘਰੇਲੂ ਵਿਵਾਦ ਨੂੰ ਸੁਲਝਾਉਣ ’ਚ ਮਦਦ ਲੈਣ ਲਈ ਨਰਿੰਦਰ ਪਵਾਰ ਕੋਲ ਗਈ ਸੀ।
ਮਦਦ ਦੇ ਬਹਾਨੇ ਫਾਰਮਹਾਊਸ ’ਤੇ ਲਿਜਾ ਕੇ ਸਮੂਹਿਕ ਜਬਰ-ਜਨਾਹ ਦਾ ਦੋਸ਼
13 ਸਤੰਬਰ ਨੂੰ ਨਰਿੰਦਰ ਪਵਾਰ ਨੇ ਵਿਵਾਦ ਸੁਲਝਾਉਣ ’ਚ ਮਦਦ ਕਰਨ ਦੇ ਬਹਾਨੇ ਔਰਤ ਨੂੰ ਕਲਿਆਣ ਸਥਿਤ ਆਪਣੇ ਦਫ਼ਤਰ ਬੁਲਾਇਆ। ਇਸ ਤੋਂ ਬਾਅਦ ਉਹ ਉਸ ਨੂੰ ਭਿਵੰਡੀ ਤਾਲੁਕਾ ਦੇ ਬਾਪਗਾਂਵ ਪਿੰਡ ’ਚ ਸਥਿਤ ਇੱਕ ਫਾਰਮਹਾਊਸ ’ਤੇ ਲੈ ਗਿਆ। ਔਰਤ ਨੇ ਦੋਸ਼ ਲਗਾਇਆ ਕਿ ਸ਼ੈਲੇਸ਼ ਪਾਟਿਲ ਨੇ ਹਥਿਆਰ ਦਿਖਾ ਕੇ ਉਸ ਨੂੰ ਧਮਕਾਇਆ, ਜ਼ਬਰਦਸਤੀ ਸ਼ਰਾਬ ਪਿਲਾਈ ਤੇ ਸਭ ਤੋਂ ਪਹਿਲਾਂ ਨਰਿੰਦਰ ਪਵਾਰ ਨੇ ਉਸ ਨਾਲ ਜਬਰ-ਜਨਾਹ ਕੀਤਾ। ਬਾਅਦ ’ਚ ਨਰਿੰਦਰ ਪਵਾਰ ਉੱਥੋਂ ਚਲਾ ਗਿਆ, ਜਿਸ ਤੋਂ ਬਾਅਦ ਸ਼ੈਲੇਸ਼ ਪਾਟਿਲ ਨੇ ਵੀ ਉਸ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ। ਸਵੇਰੇ ਲਗਭਗ 4 ਵਜੇ ਪਾਟਿਲ ਦੇ ਘਰੇਲੂ ਕੇਅਰਟੇਕਰ ਨੇ ਔਰਤ ਨੂੰ ਉਸ ਦੇ ਘਰ ਵਾਪਸ ਪਹੁੰਚਾਇਆ। ਇਸ ਘਟਨਾ ਤੋਂ ਸਦਮੇ ’ਚ ਆਈ ਔਰਤ ਨੇ 16 ਸਤੰਬਰ ਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਲਿਆਣ-ਡੋਂਬੀਵਲੀ ਨਗਰ ਨਿਗਮ (KDMC) ਦੀ ਕਾਂਗਰਸ ਕੌਂਸਲਰ ਕੰਚਨ ਕੁਲਕਰਨੀ ਨਾਲ ਸੰਪਰਕ ਕੀਤਾ।
48 ਘੰਟਿਆਂ ਦੇ ਅੰਦਰ ਕਾਰਵਾਈ ਦੀ ਮੰਗ
ਪੀੜਤਾ ਵੱਲੋਂ ਦਿਖਾਏ ਗਏ ਵੀਡੀਓ ਤੇ ਸਬੂਤਾਂ ਦੀ ਜਾਂਚ ਕਰਨ ਤੋਂ ਬਾਅਦ ਕੰਚਨ ਕੁਲਕਰਨੀ ਬੁੱਧਵਾਰ ਦੇਰ ਰਾਤ ਉਸ ਦੇ ਨਾਲ ਪਡਘਾ ਪੁਲਿਸ ਸਟੇਸ਼ਨ ਗਈ। ਪਡਘਾ ਪੁਲਿਸ ਸਟੇਸ਼ਨ ਨੇ ਦੱਸਿਆ ਕਿ ਸ਼ਿਕਾਇਤ ਦੀ ਪੁਸ਼ਟੀ ਤੋਂ ਬਾਅਦ ਪਵਾਰ ਤੇ ਪਾਟਿਲ ਦੋਵਾਂ ਖ਼ਿਲਾਫ਼ ਸਮੂਹਿਕ ਜਬਰ-ਜਨਾਹ ਤੇ ਹਥਿਆਰਾਂ ਨਾਲ ਅਪਰਾਧਿਕ ਧਮਕੀ ਦੇਣ ਸਮੇਤ ਹੋਰ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਕੰਚਨ ਕੁਲਕਰਨੀ ਨੇ ਮੁਲਜ਼ਮਾਂ ਨੂੰ 48 ਘੰਟਿਆਂ ਦੇ ਅੰਦਰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪਾਟਿਲ ਖ਼ਿਲਾਫ਼ ਪਹਿਲਾਂ ਤੋਂ ਹੀ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ।