ਸ਼ਿਮਲਾ-ਮਨਾਲੀ ਭੁੱਲ ਜਾਓ! ਕਾਜੀਰੰਗਾ ਤੋਂ ਮੁੰਨਾਰ ਤੱਕ IRCTC ਦੇ ਸ਼ਾਨਦਾਰ ਟੂਰ ਪੈਕੇਜਾਂ ਨਾਲ ਘੁੰਮੋ ਭਾਰਤ ਦੇ ਖ਼ੂਬਸੂਰਤ ਕੋਨੇ ; ਜਾਣੋ ਪੂਰੀ ਡਿਟੇਲ IRCTC ਨੇ ਭਾਰਤ ਦੇ ਖੂਬਸੂਰਤ ਕੋਨਿਆਂ ਦੀ ਸੈਰ ਲਈ ਦੋ ਰੋਮਾਂਚਕ ਟੂਰ ਪੈਕੇਜ ਲਾਂਚ ਕੀਤੇ ਹਨ।
Publish Date: Tue, 29 Sep 2026 04:28 PM (IST)
Updated Date: Tue, 29 Sep 2026 04:45 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਰੋਜ਼ਾਨਾ ਦੇ ਕੰਮ ਦੀ ਥਕਾਵਟ ਦੂਰ ਕਰਨ ਲਈ ਕਿਸੇ ਸ਼ਾਨਦਾਰ ਟ੍ਰਿਪ ’ਤੇ ਜਾਣ ਬਾਰੇ ਸੋਚ ਰਹੇ ਹੋ? ਜੇ ਹਾਂ, ਤਾਂ ਭਾਰਤੀ ਰੇਲਵੇ ਤੁਹਾਡੇ ਲਈ ਦੋ ਬੇਹੱਦ ਰੋਮਾਂਚਕ ਟੂਰ ਪੈਕੇਜ ਲੈ ਕੇ ਆਇਆ ਹੈ। ਇੱਕ ਪੈਕੇਜ ’ਚ ਤੁਹਾਨੂੰ ਉੱਤਰ-ਪੂਰਬੀ ਭਾਰਤ ਦੇ ਘਣੇ ਜੰਗਲਾਂ ਤੇ ਝਰਨਿਆਂ ਦਾ ਆਨੰਦ ਮਿਲੇਗਾ, ਜਦਕਿ ਦੂਜੇ ’ਚ ਦੱਖਣੀ ਭਾਰਤ ਦੀਆਂ ਸ਼ਾਂਤ ਝੀਲਾਂ ਤੇ ਚਾਹ ਦੇ ਬਾਗਾਂ ਦੀ ਖੂਬਸੂਰਤੀ ਦੇਖਣ ਨੂੰ ਮਿਲੇਗੀ।
ਸਭ ਤੋਂ ਵਧੀਆ ਗੱਲ ਇਹ ਹੈ ਕਿ ਇਨ੍ਹਾਂ ਪੈਕੇਜਾਂ ’ਚ ਤੁਹਾਡੇ ਰਹਿਣ, ਖਾਣ-ਪੀਣ, ਘੁੰਮਣ-ਫਿਰਨ ਤੇ ਟ੍ਰੈਵਲ ਇੰਸ਼ੋਰੈਂਸ ਦਾ ਪੂਰਾ ਖਰਚ ਪਹਿਲਾਂ ਹੀ ਸ਼ਾਮਲ ਹੈ। ਯਾਨੀ ਟ੍ਰਿਪ ਦੌਰਾਨ ਤੁਹਾਨੂੰ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਪਵੇਗੀ। ਆਓ, ਇਨ੍ਹਾਂ ਦੋਵੇਂ ਪੈਕੇਜਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਜੇਕਰ ਤੁਹਾਨੂੰ ਉੱਚੇ ਪਹਾੜ, ਝਰਨੇ ਤੇ ਜੰਗਲ ਸਫਾਰੀ ਦਾ ਸ਼ੌਕ ਹੈ ਤਾਂ 6 ਰਾਤਾਂ ਤੇ 7 ਦਿਨਾਂ ਦਾ ਇਹ ਪੈਕੇਜ ਤੁਹਾਨੂੰ ਜ਼ਰੂਰ ਪਸੰਦ ਆਵੇਗਾ।
ਪੈਕੇਜ ਦਾ ਨਾਮ: ਅਸਾਮ ਐਂਡ ਮੇਘਾਲਿਆ ਟੂਰ ਬੁਕਿੰਗ ਕੋਡ: WBA106
ਪ੍ਰਤੀ ਵਿਅਕਤੀ ਖਰਚ: ₹54,900 ਟ੍ਰਿਪ ’ਚ ਕੀ-ਕੀ ਹੋਵੇਗਾ ਖਾਸ? ਇਸ ਯਾਤਰਾ ਦੌਰਾਨ ਤੁਸੀਂ ਅਸਾਮ ਦੇ ਗੁਹਾਟੀ ਤੇ ਕਾਜੀਰੰਗਾ ਨੈਸ਼ਨਲ ਪਾਰਕ ਦੇ ਨਾਲ-ਨਾਲ ਮੇਘਾਲਿਆ ਦੀਆਂ ਖੂਬਸੂਰਤ ਵਾਦੀਆਂ—ਸ਼ਿਲਾਂਗ, ਚੇਰਾਪੂੰਜੀ ਤੇ ਮਾਵਲਿਨਨੌਂਗ—ਦਾ ਆਨੰਦ ਲਓਗੇ। ਸੋਚੋ, ਕਾਜੀਰੰਗਾ ’ਚ ਇੱਕ ਸਿੰਗ ਵਾਲੇ ਗੈਂਡੇ ਨੂੰ ਦੇਖਣ ਲਈ ਜੰਗਲ ਸਫਾਰੀ ਦਾ ਤਜਰਬਾ ਕਿੰਨਾ ਰੋਮਾਂਚਕ ਹੋਵੇਗਾ।
ਇਸ ਤੋਂ ਇਲਾਵਾ, ਤੁਸੀਂ ਚੇਰਾਪੂੰਜੀ ਤੇ ਸ਼ਿਲਾਂਗ ’ਚ ਨੋਹਕਾਲੀਕਾਈ ਵਾਟਰਫਾਲ ਤੇ ਐਲੀਫੈਂਟ ਫਾਲਜ਼ ਦੀ ਸੈਰ ਕਰੋਗੇ। ਤੁਹਾਨੂੰ ਏਸ਼ੀਆ ਦੇ ਸਭ ਤੋਂ ਸਾਫ਼-ਸੁਥਰੇ ਪਿੰਡ ਮਾਵਲਿਨਨੌਂਗ ਜਾਣ ਤੇ ਉੱਥੇ ਦਰੱਖਤਾਂ ਦੀਆਂ ਜੜ੍ਹਾਂ ਨਾਲ ਬਣੇ ਅਦਭੁਤ ਪੁਲ ਨੂੰ ਦੇਖਣ ਦਾ ਮੌਕਾ ਵੀ ਮਿਲੇਗਾ। ਗੁਵਾਹਾਟੀ ਦੇ ਪ੍ਰਸਿੱਧ ਸ਼ਕਤੀਪੀਠ ਕਾਮਾਖਿਆ ਦੇਵੀ ਮੰਦਰ ਦੇ ਦਰਸ਼ਨ ਨਾਲ ਤੁਹਾਡੀ ਇਹ ਯਾਤਰਾ ਪੂਰੀ ਹੋਵੇਗੀ।
ਕੇਰਲ ਹਾਊਸਬੋਟ ਸਟੇ ਪੈਕੇਜ ‘God’s Own Country’ ਕਹੇ ਜਾਣ ਵਾਲੇ ਕੇਰਲ ਦੀ ਸ਼ਾਂਤੀ ਤੇ ਹਰਿਆਲੀ ਕਿਸ ਨੂੰ ਨਹੀਂ ਭਾਉਂਦੀ? IRCTC ਦਾ ਇਹ ਪੈਕੇਜ ਤੁਹਾਨੂੰ 6 ਦਿਨ ਤੇ 7 ਰਾਤਾਂ ਦੀ ਇੱਕ ਸ਼ਾਨਦਾਰ ਟ੍ਰਿਪ ’ਤੇ ਲੈ ਜਾਵੇਗਾ।
ਟੂਰ ਦਾ ਨਾਮ: Mesmerizing Kerala with Houseboat Stay ਬੁਕਿੰਗ ਕੋਡ: WBA040C ਪ੍ਰਤੀ ਵਿਅਕਤੀ ਖਰਚ: ₹66,700 ਟ੍ਰਿਪ ’ਚ ਕੀ-ਕੀ ਹੋਵੇਗਾ ਖਾਸ?
ਇਸ ਸਫਰ ਦੌਰਾਨ ਤੁਸੀਂ ਕੋਚੀਨ, ਮੁੰਨਾਰ, ਥੇੱਕਡੀ, ਕੁਮਾਰਕੋਮ ਤੇ ਤਿਰੁਵਨੰਤਪੁਰਮ ਦੀ ਖੂਬਸੂਰਤੀ ਨੂੰ ਨੇੜੇ ਤੋਂ ਦੇਖੋਗੇ। ਮੁੰਨਾਰ ਦੇ ਧੁੰਦ ਨਾਲ ਢੱਕੇ ਚਾਹ ਦੇ ਬਾਗ ਤੇ ਥੇੱਕਡੀ ਦੇ ਪੇਰੀਆਰ ਨੈਸ਼ਨਲ ਪਾਰਕ ’ਚ ਮਸਾਲਿਆਂ ਦੇ ਬਾਗ ਤੇ ਜੰਗਲੀ ਜੀਵ ਤੁਹਾਨੂੰ ਮੋਹ ਲੈਣਗੇ। ਇਸ ਟ੍ਰਿਪ ਦਾ ਸਭ ਤੋਂ ਵੱਡਾ ਆਕਰਸ਼ਣ ਕੁਮਾਰਕੋਮ ਹੈ, ਜਿੱਥੇ ਤੁਹਾਨੂੰ ਬੈਕਵਾਟਰਜ਼ ਦੇ ਸ਼ਾਂਤ ਪਾਣੀ ’ਤੇ ਤੈਰਦੀ ਇੱਕ ਰਵਾਇਤੀ ਹਾਊਸਬੋਟ ’ਚ ਰਾਤ ਬਿਤਾਉਣ ਤੇ ਉੱਥੋਂ ਦੇ ਸੁਆਦਲੇ ਸਥਾਨਕ ਭੋਜਨ ਦਾ ਸਵਾਦ ਚੱਖਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਤੁਸੀਂ ਇਤਿਹਾਸਕ ਫੋਰਟ ਕੋੱਚੀ, ਕੋਵਲਮ ਬੀਚ ਦੀ ਸੈਰ ਕਰੋਗੇ ਤੇ ਵਿਸ਼ਵ ਪ੍ਰਸਿੱਧ ਸ਼੍ਰੀ ਪਦਮਨਾਭਸਵਾਮੀ ਮੰਦਰ ਦੇ ਦਰਸ਼ਨ ਵੀ ਕਰ ਸਕੋਗੇ।
ਇਸ ਤਰ੍ਹਾਂ ਕਰੋ ਆਨਲਾਈਨ ਬੁਕਿੰਗ ਵੈੱਬਸਾਈਟ ’ਤੇ ਜਾਓ: ਸਭ ਤੋਂ ਪਹਿਲਾਂ IRCTC ਟੂਰਿਜ਼ਮ ਦੀ ਆਫਿਸ਼ੀਅਲ ਵੈੱਬਸਾਈਟ (irctctourism.com) ਖੋਲ੍ਹੋ। ਕੋਡ ਪਾ ਕੇ ਸਰਚ ਕਰੋ: ਸਰਚ ਬਾਕਸ ’ਚ ਆਪਣੇ ਟੂਰ ਦਾ ਕੋਡ ਦਰਜ ਕਰੋ। ਉੱਤਰ-ਪੂਰਬੀ ਭਾਰਤ ਲਈ WBA106 ਤੇ ਕੇਰਲ ਲਈ WBA040C ਕੋਡ ਪਾਓ।
ਡਿਟੇਲਜ਼ ਚੁਣੋ: ਹੁਣ ਆਪਣੀ ਸੁਵਿਧਾ ਮੁਤਾਬਕ ਯਾਤਰਾ ਦੀ ਤਾਰੀਖ ਚੁਣੋ ਤੇ ਦੱਸੋ ਕਿ ਤੁਹਾਡੇ ਨਾਲ ਕਿੰਨੇ ਲੋਕ ਯਾਤਰਾ ਕਰ ਰਹੇ ਹਨ। ਪੇਮੈਂਟ ਕਰੋ: ਆਪਣੀ ਜ਼ਰੂਰੀ ਨਿੱਜੀ ਜਾਣਕਾਰੀ ਭਰੋ ਤੇ ਆਨਲਾਈਨ ਪੇਮੈਂਟ ਪੂਰੀ ਕਰੋ। ਟਿਕਟ ਡਾਊਨਲੋਡ ਕਰੋ : ਬੁਕਿੰਗ ਪੱਕੀ ਹੁੰਦੇ ਹੀ ਤੁਹਾਡੀ ਈ-ਟਿਕਟ ਤੇ ਵਾਊਚਰ ਤੁਹਾਡੀ ਰਜਿਸਟਰਡ ਈਮੇਲ ਆਈਡੀ ਤੇ ਮੋਬਾਈਲ ਨੰਬਰ ’ਤੇ ਤੁਰੰਤ ਭੇਜ ਦਿੱਤੇ ਜਾਣਗੇ।