ਪ੍ਰੋਫੈਸਰ ਤੇ ਕਾਂਗਰਸੀ ਸੰਸਦ ਮੈਂਬਰ ਖ਼ਿਲਾਫ਼ FIR, 11 ਵਿਦਿਆਰਥਣਾਂ ਨੇ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੇ ਪ੍ਰੋਫੈਸਰ ਤੇ ਕਾਂਗਰਸੀ ਸੰਸਦ ਮੈਂਬਰ ਅੰਗੋਮਚਾ ਬਿਮੋਲ ਅਕੋਇਜਮ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਐੱਫਆਈਆਰ ਦਰਜ ਕੀਤੀ ਗਈ ਹੈ।
Publish Date: Mon, 12 Oct 2026 01:31 PM (IST)
Updated Date: Mon, 12 Oct 2026 01:33 PM (IST)
ਜਾਗਰਣ ਸੰਵਾਦਦਾਤਾ, ਦੱਖਣੀ ਦਿੱਲੀ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਧਿਕਾਰੀ ਦੀ ਸ਼ਿਕਾਇਤ ’ਤੇ 11 ਅਕਤੂਬਰ ਨੂੰ ਵਸੰਤ ਕੁੰਜ ਨਾਰਥ ਥਾਣੇ ਦੀ ਪੁਲਿਸ ਨੇ ਕਾਂਗਰਸ ਦੇ ਲੋਕ ਸਭਾ ਮੈਂਬਰ ਤੇ ਜੇਐੱਨਯੂ ਦੇ ਪ੍ਰੋਫੈਸਰ ਅੰਗੋਮਚਾ ਬਿਮੋਲ ਅਕੋਇਜਮ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 75, 75(1)(i), 75(1)(iv) ਤੇ 79 ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੂਜੇ ਪਾਸੇ, ਜੇਐੱਨਯੂ ਦੇ ਪ੍ਰੋਫੈਸਰ ਅੰਗੋਮਚਾ ਬਿਮੋਲ ਅਕੋਇਜਮ ਨੂੰ ਬਰਖ਼ਾਸਤ ਕਰਨ ਦੇ ਮਾਮਲੇ ’ਚ ਯੂਨੀਵਰਸਿਟੀ ਪ੍ਰਸ਼ਾਸਨ ਤੇ ਅਧਿਆਪਕ ਸੰਘ ਵਿਚਾਲੇ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਜੇਐੱਨਯੂ ਅਧਿਆਪਕ ਸੰਘ (JNUTA) ਨੇ ਕੁਲਪਤੀ ਵੱਲੋਂ ਜਾਰੀ ਬਰਖ਼ਾਸਤਗੀ ਦੇ ਹੁਕਮ ਦੀ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ ਇਸ ਨੂੰ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ ਹੈ। 11 ਅਕਤੂਬਰ ਨੂੰ ਜਾਰੀ ਬਿਆਨ ’ਚ ਜੇਐੱਨਯੂਟੀਏ ਦੇ ਪ੍ਰਧਾਨ ਸਈਅਦ ਅਖ਼ਤਰ ਹੁਸੈਨ ਤੇ ਸਕੱਤਰ ਅਵਿਨਾਸ਼ ਕੁਮਾਰ ਨੇ ਕਿਹਾ ਕਿ 9 ਅਕਤੂਬਰ ਦੇ ਹੁਕਮ ਰਾਹੀਂ ਪ੍ਰੋਫੈਸਰ ਅਕੋਇਜਮ ਨੂੰ ਸੇਵਾਵਾਂ ਤੋਂ ਹਟਾਉਣ ਦੀ ਕਾਰਵਾਈ ਕੀਤੀ ਗਈ।
'ਅਧਿਆਪਕ ਨੂੰ ਬਰਖ਼ਾਸਤ ਕਰਨ ਦਾ ਅਧਿਕਾਰ ਕਾਰਜਕਾਰੀ ਕੌਂਸਲ ਕੋਲ' ਅਧਿਆਪਕ ਸੰਘ ਅਨੁਸਾਰ, ਜੇਐੱਨਯੂ ਐਕਟ ਦੇ ਨਿਯਮ 30 ਤਹਿਤ ਕਿਸੇ ਅਧਿਆਪਕ ਨੂੰ ਬਰਖ਼ਾਸਤ ਕਰਨ ਦਾ ਅਧਿਕਾਰ ਕਾਰਜਕਾਰੀ ਕੌਂਸਲ ਕੋਲ ਹੈ। ਦੋਸ਼ ਹੈ ਕਿ ਇਸ ਮਾਮਲੇ ’ਚ ਕੌਂਸਲ ਦੀ ਮੀਟਿੰਗ ਨਹੀਂ ਬੁਲਾਈ ਗਈ ਤੇ ਮੈਂਬਰਾਂ ਨੂੰ ਸਬੰਧਤ ਦਸਤਾਵੇਜ਼ ਵੀ ਮੁਹੱਈਆ ਨਹੀਂ ਕਰਵਾਏ ਗਏ। ਅਧਿਆਪਕ ਸੰਘ ਨੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਨਾਲ ਸਬੰਧਤ ਅੰਦਰੂਨੀ ਸ਼ਿਕਾਇਤ ਕਮੇਟੀ (ICC) ਦੀਆਂ ਸਿਫ਼ਾਰਸ਼ਾਂ ਮੀਡੀਆ ’ਚ ਲੀਕ ਹੋਣ ’ਤੇ ਵੀ ਇਤਰਾਜ਼ ਜਤਾਇਆ ਹੈ। ਸੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਜਨਤਕ ਹੋਣ ਨਾਲ ਗੋਪਨੀਯਤਾ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ।
ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਜ਼ਰੂਰੀ: JNUTA ਜੇਐੱਨਯੂਟੀਏ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਵਰਗੇ ਸੰਵੇਦਨਸ਼ੀਲ ਮਾਮਲਿਆਂ ’ਚ ਨਿਆਂ ਯਕੀਨੀ ਬਣਾਉਣ ਲਈ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕਰਨੀ ਜ਼ਰੂਰੀ ਹੈ। ਸੰਘ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣ ਦੀ ਮੰਗ ਕੀਤੀ ਹੈ। ਹਾਲਾਂਕਿ, ਬਰਖ਼ਾਸਤਗੀ ਦੇ ਹੁਕਮ ਦੀ ਕਾਨੂੰਨੀ ਵੈਧਤਾ ਨੂੰ ਲੈ ਕੇ ਚੁੱਕੇ ਗਏ ਸਵਾਲ ਅਧਿਆਪਕ ਸੰਘ ਦੇ ਦੋਸ਼ ਹਨ। ਦੱਸਣਯੋਗ ਹੈ ਕਿ 11 ਵਿਦਿਆਰਥਣਾਂ ਵੱਲੋਂ ਪ੍ਰੋਫੈਸਰ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਭਾਜਪਾ ਮਹਿਲਾ ਮੋਰਚਾ ਵੱਲੋਂ ਪ੍ਰਦਰਸ਼ਨ ਦਿੱਲੀ ਦੇ ਦੀਨਦਿਆਲ ਉਪਾਧਿਆਏ ਮਾਰਗ ’ਤੇ ਭਾਜਪਾ ਮਹਿਲਾ ਮੋਰਚਾ ਵੱਲੋਂ ਅੱਜ ਸਵੇਰ ਤੋਂ ਹੀ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਇੱਥੋਂ ਕਾਂਗਰਸ ਦੇ ਮੁੱਖ ਦਫ਼ਤਰ ਤੱਕ ਮਾਰਚ ਕਰਨਗੇ। ਭਾਜਪਾ ਮਹਿਲਾ ਮੋਰਚਾ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਜੇਐੱਨਯੂ ’ਚ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਕਾਂਗਰਸੀ ਸੰਸਦ ਮੈਂਬਰ ਤੇ ਪ੍ਰੋਫੈਸਰ ਬਿਮੋਲ ਅਕੋਇਜਮ ਨੂੰ ਰਾਹੁਲ ਗਾਂਧੀ ਦੀ ਸਰਪ੍ਰਸਤੀ ਹਾਸਲ ਹੈ।