- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਲੀਭੀਤ ਟਾਈਗਰ ਰਿਜ਼ਰਵ ’ਚ ਬਾਂਦਰਾਂ ਨੂੰ ਫਲ ਖੁਆਉਣਾ ਜੰਗਲੀ ਜੀਵ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਕਿਉਂਕਿ ਬਾਜ਼ਾਰ ’ਚ ਮਿਲਣ ਵਾਲੇ ਰਸਾਇਣਾਂ ਨਾਲ ਪਕਾਏ ਗਏ ਫਲ ਪੂਰੀ ਫੂਡ ਚੇਨ ਨੂੰ ਜ਼ਹਿਰੀਲਾ ਬਣਾ ਸਕਦੇ ਹਨ। ਇਹ ਪ੍ਰਥਾ ਬਾਘਾਂ ਤੇ ਤੇਂਦੂਆਂ ਵਰਗੇ ਸ਼ਿਕਾਰੀ ਜਾਨਵਰਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੀ ਹੈ।

ਸ੍ਰਿਜਿਤ ਅਵਸਥੀ, ਪੀਲੀਭੀਤ: ਤਿੰਨ ਦਿਨ ਪਹਿਲਾਂ ਮਾਲਾ ਰੇਂਜ ਤੋਂ ਲੰਘ ਰਹੀ ਰੇਲਗੱਡੀ ’ਚੋਂ ਯਾਤਰੀ ਵੱਲੋਂ ਖਾਣਾ ਸੁੱਟਣ ਦੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਸੀ। ਕਈ ਹੋਰ ਲੋਕ ਵੀ ਜੰਗਲ ’ਚ ਬਾਂਦਰਾਂ ਨੂੰ ਕੇਲੇ, ਪੂੜੀ ਆਦਿ ਖੁਆਉਂਦੇ ਹਨ। ਇਸ ’ਤੇ ਜੰਗਲੀ ਜੀਵ ਮਾਹਿਰਾਂ ਨੇ ਚਿੰਤਾ ਜਤਾਈ ਕਿ ਇਸ ਨਾਲ ਜੰਗਲ ਦੀ ਫੂਡ ਚੇਨ ’ਤੇ ਮਾੜਾ ਅਸਰ ਪੈ ਸਕਦਾ ਹੈ। ਕੇਲੇ ਜਾਂ ਹੋਰ ਫਲਾਂ ਨੂੰ ਕਈ ਵਾਰ ਕੈਲਸ਼ੀਅਮ ਕਾਰਬਾਈਡ ਨਾਲ ਪਕਾਇਆ ਜਾਂਦਾ ਹੈ, ਜਿਸ ’ਚ ਫਾਸਫੋਰਸ ਤੇ ਆਰਸੇਨਿਕ ਵਰਗੇ ਤੱਤ ਹੋ ਸਕਦੇ ਹਨ। ਜੇਕਰ ਅਜਿਹੇ ਫਲ ਬਾਂਦਰਾਂ ਨੂੰ ਖੁਆਏ ਜਾਣ ਤਾਂ ਉਨ੍ਹਾਂ ਦਾ ਲਿਵਰ ਤੇ ਕਿਡਨੀ ਖ਼ਰਾਬ ਹੋ ਸਕਦੇ ਹਨ। ਇਸ ਦੇ ਹੋਰ ਵੀ ਕਈ ਨੁਕਸਾਨਦਾਇਕ ਪ੍ਰਭਾਵ ਹੋ ਸਕਦੇ ਹਨ। ਅਜਿਹੀ ਸਥਿਤੀ ’ਚ ਜੇ ਬਾਘ ਜਾਂ ਤੇਂਦੂਆ ਇਨ੍ਹਾਂ ਬਾਂਦਰਾਂ ਦਾ ਸ਼ਿਕਾਰ ਕਰਦੇ ਹਨ ਤਾਂ ਬਿਮਾਰੀਆਂ ਤੇ ਹਾਨੀਕਾਰਕ ਪਦਾਰਥ ਉਨ੍ਹਾਂ ਦੇ ਸਰੀਰ ਤੱਕ ਵੀ ਪਹੁੰਚ ਸਕਦੇ ਹਨ। ਪੀਲੀਭੀਤ ਟਾਈਗਰ ਰਿਜ਼ਰਵ ਦੇ ਪਸ਼ੂ ਚਿਕਿਤਸਾ ਅਧਿਕਾਰੀ ਡਾ. ਦਕਸ਼ ਗੰਗਵਾਰ ਦੇ ਅਨੁਸਾਰ, ਇਸ ਤੋਂ ਪਹਿਲਾਂ ਪਸ਼ੂਆਂ ’ਚ ਡਾਈਕਲੋਫਿਨੈਕ ਦਵਾਈ ਦੀ ਵਰਤੋਂ ਕਾਰਨ ਗਿੱਧਾਂ ’ਤੇ ਵੀ ਵੱਡਾ ਸੰਕਟ ਆ ਚੁੱਕਾ ਹੈ। ਜੰਗਲ ਦੀ ਫੂਡ ਚੇਨ ’ਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ।
ਪੀਟੀਆਰ ਤੋਂ ਲੰਘਣ ਵਾਲੇ ਰਸਤਿਆਂ ’ਤੇ ਸਫ਼ਰ ਦੌਰਾਨ ਬਾਂਦਰਾਂ ਸਮੇਤ ਹੋਰ ਛੋਟੇ ਜੰਗਲੀ ਜੀਵਾਂ ਨੂੰ ਖਾਣਾ ਦੇਣਾ ਆਮ ਗੱਲ ਬਣ ਗਈ ਹੈ। ਲੋਕ ਪੁੰਨ ਕਮਾਉਣ ਜਾਂ ਸਿਰਫ਼ ਰੋਮਾਂਚ ਲਈ ਸੜਕ ਕਿਨਾਰੇ ਬੈਠੇ ਜਾਨਵਰਾਂ ਨੂੰ ਫਲ ਤੇ ਬਾਜ਼ਾਰ ’ਚ ਮਿਲਣ ਵਾਲੀਆਂ ਹੋਰ ਖਾਣ-ਪੀਣ ਦੀਆਂ ਚੀਜ਼ਾਂ ਖੁਆਉਂਦੇ ਹਨ। ਰਾਹਗੀਰਾਂ ਨੂੰ ਲੱਗਦਾ ਹੈ ਕਿ ਉਹ ਜਾਨਵਰਾਂ ਨਾਲ ਭਲਾਈ ਕਰ ਰਹੇ ਹਨ, ਪਰ ਅਸਲ ’ਚ ਇਹ ਆਦਤ ਜੰਗਲ ਦੀ ਪੂਰੀ ਫੂਡ ਚੇਨ ’ਚ ਹੌਲੀ ਜ਼ਹਿਰ ਘੋਲ ਸਕਦੀ ਹੈ। ਮਾਹਿਰਾਂ ਦੇ ਅਨੁਸਾਰ, ਇਹ ਨਕਲੀ ਆਹਾਰ ਫੂਡ ਚੇਨ ਦੇ ਸਭ ਤੋਂ ਉੱਪਰ ਬੈਠੇ ਸ਼ਿਕਾਰੀ ਜਾਨਵਰਾਂ ਦੀ ਹੋਂਦ ਲਈ ਵੱਡਾ ਸੰਕਟ ਬਣ ਸਕਦਾ ਹੈ। ਆਮ ਤੌਰ ’ਤੇ ਬਾਜ਼ਾਰ ’ਚ ਵਿਕਣ ਵਾਲੇ ਫਲਾਂ ਨੂੰ ਆਕਰਸ਼ਕ ਬਣਾਉਣ ਤੇ ਜਲਦੀ ਪਕਾਉਣ ਲਈ ਕਈ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਫਲਾਂ ਨੂੰ ਰਾਤੋ-ਰਾਤ ਪਕਾਉਣ ਲਈ ਕਈ ਵਾਰ ਕੈਲਸ਼ੀਅਮ ਕਾਰਬਾਈਡ ਤੇ ਇਥੇਫੋਨ ਵਰਗੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਉਨ੍ਹਾਂ ’ਤੇ ਜ਼ਹਿਰੀਲੇ ਕੀਟਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਜਾਂਦਾ ਹੈ। ਜਦੋਂ ਬਾਂਦਰ ਜਾਂ ਹੋਰ ਜੀਵ ਇਨ੍ਹਾਂ ਫਲਾਂ ਨੂੰ ਛਿਲਕੇ ਸਮੇਤ ਖਾਂਦੇ ਹਨ ਤਾਂ ਇਹ ਹਾਨੀਕਾਰਕ ਰਸਾਇਣ ਉਨ੍ਹਾਂ ਦੇ ਸਰੀਰ ’ਚ ਦਾਖ਼ਲ ਹੋ ਜਾਂਦੇ ਹਨ।
ਬਾਜ਼ਾਰ ’ਚ ਮਿਲਣ ਵਾਲੇ ਫਲਾਂ ’ਚ ਮੌਜੂਦ ਕੀਟਨਾਸ਼ਕ ਤੇ ਨਕਲੀ ਰਸਾਇਣ ਛੋਟੇ ਜੀਵਾਂ ਦੇ ਸਰੀਰ ’ਚ ਇਕੱਠੇ ਹੋ ਸਕਦੇ ਹਨ। ਜਦੋਂ ਵੱਡੇ ਮਾਸਾਹਾਰੀ ਜਾਨਵਰ ਇਨ੍ਹਾਂ ਦਾ ਸ਼ਿਕਾਰ ਕਰਦੇ ਹਨ ਤਾਂ ਰਸਾਇਣਾਂ ਦਾ ਇਹ ਇਕੱਠ ਉਨ੍ਹਾਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਜੰਗਲੀ ਜੀਵਾਂ ਨੂੰ ਬਾਹਰੋਂ ਖਾਣਾ ਦੇਣਾ ਉਨ੍ਹਾਂ ਦੇ ਜੀਵਨ ਚੱਕਰ ਤੇ ਜੰਗਲ ਦੇ ਕੁਦਰਤੀ ਵਾਤਾਵਰਣ ਲਈ ਖ਼ਤਰਨਾਕ ਹੈ। ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।— ਡਾ. ਦਕਸ਼ ਗੰਗਵਾਰ, ਪਸ਼ੂ ਚਿਕਿਤਸਾ ਅਧਿਕਾਰੀ, ਪੀਟੀਆਰ