'ਪਤੀ ਤੋਂ ਤੰਗ ਆ ਕੇ ਖਾਧਾ ਜ਼ਹਿਰ', 28 ਸਾਲਾ ਔਰਤ ਨੇ ਮਰਨ ਤੋਂ ਪਹਿਲਾਂ ਪੁਲਿਸ ਨੂੰ ਦਿੱਤੇ ਬਿਆਨ; 2 ਬੱਚਿਆਂ ਤੋਂ ਖੋਹੀ ਮਾਂ
ਸਹੁਰਾ ਪਰਿਵਾਰ ਪੀੜਤ ਨੂੰ ਸ਼ੁਰੂਆਤੀ ਇਲਾਜ ਲਈ ਸਿਵਲ ਹਸਪਤਾਲ ਸ਼ਾਹਪੁਰ ਲੈ ਗਿਆ, ਜਿੱਥੇ ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕੀਤੇ। ਬਿਆਨਾਂ ’ਚ ਮਹਿਲਾ ਨੇ ਆਪਣੇ ਪਤੀ 'ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।
Publish Date: Sun, 06 Sep 2026 03:41 PM (IST)
Updated Date: Sun, 06 Sep 2026 03:44 PM (IST)
ਸੰਵਾਦ ਸਹਿਯੋਗੀ, ਚੁਵਾੜੀ (ਚੰਬਾ)। ਹਿਮਾਚਲ ਪ੍ਰਦੇਸ਼ ਵਿੱਚ ਜ਼ਿਲ੍ਹਾ ਚੰਬਾ ਦੇ ਭਟਿਆਤ ’ਚ ਥਕੋਲੀ ਨਾਮਕ ਪਿੰਡ ਵਿੱਚ 28 ਸਾਲਾ ਔਰਤ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। 28 ਸਾਲਾ ਰੂਬੀ ਦਾ ਪੇਕੇ ਪਿੰਡ ਗੋਲਾ ਦੇ ਭਿਓਰਾ ਵਿੱਚ ਹੈ, ਜਿਸ ਦਾ ਵਿਆਹ ਲਗਪਗ ਅੱਠ ਸਾਲ ਪਹਿਲਾਂ ਸਿਹੁੰਤਾ ਦੇ ਨੇੜੇ ਥਕੋਲੀ ਨਾਮਕ ਪਿੰਡ ਵਿੱਚ 35 ਸਾਲਾ ਪਵਨ ਕੁਮਾਰ ਨਾਲ ਹੋਇਆ ਸੀ।
ਦੋਸ਼ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਪਤੀ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਲਗਾਤਾਰ ਮਾਨਸਿਕ ਤੇ ਸਰੀਰਕ ਤਸੀਹੇ ਸਹਿਣ ਤੋਂ ਬਾਅਦ ਰੂਬੀ ਨੇ ਜ਼ਹਿਰ (ਕਣਕ ’ਚ ਪਾਉਣ ਵਾਲੀ ਦਵਾਈ) ਖਾ ਲਈ।
ਪੁਲਿਸ ਨੂੰ ਦਿੱਤੇ ਬਿਆਨ
ਸਹੁਰਾ ਪਰਿਵਾਰ ਪੀੜਤ ਨੂੰ ਸ਼ੁਰੂਆਤੀ ਇਲਾਜ ਲਈ ਸਿਵਲ ਹਸਪਤਾਲ ਸ਼ਾਹਪੁਰ ਲੈ ਗਿਆ, ਜਿੱਥੇ ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕੀਤੇ। ਬਿਆਨਾਂ ’ਚ ਮਹਿਲਾ ਨੇ ਆਪਣੇ ਪਤੀ 'ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।
ਸ਼ਾਹਪੁਰ ਤੋਂ ਟਾਂਡਾ ਰੈਫ਼ਰ ਕੀਤੀ ਔਰਤ
ਗੰਭੀਰ ਹਾਲਤ ਨੂੰ ਦੇਖਦਿਆਂ ਔਰਤ ਨੂੰ ਟਾਂਡਾ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਆਖ਼ਰ ਅਜਿਹਾ ਕੀ ਵਾਪਰਿਆ, ਜਿਸ ਕਾਰਨ ਔਰਤ ਨੂੰ ਇਹ ਖ਼ੌਫ਼ਨਾਕ ਕਦਮ ਚੁੱਕਣਾ ਪਿਆ।
ਬੱਚਿਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ
ਔਰਤ ਦੇ ਇਸ ਕਦਮ ਨਾਲ ਉਸ ਦੇ 4 ਅਤੇ 7 ਸਾਲ ਦੇ ਦੋ ਮਾਸੂਮ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ। ਬੱਚੇ ਆਪਣੀ ਮਾਂ ਨੂੰ ਲੱਭ ਰਹੇ ਹਨ, ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਮਾਂ ਹੁਣ ਕਿੱਥੇ ਚਲੀ ਗਈ ਹੈ।
ਸਹੁਰੇ ਪਰਿਵਾਰ 'ਤੇ ਲਾਏ ਗੰਭੀਰ ਦੋਸ਼
ਦੂਜੇ ਪਾਸੇ ਪੇਕੇ ਪਰਿਵਾਰ ਦੇ ਲੋਕ ਡੂੰਘੇ ਸਦਮੇ ਵਿੱਚ ਹਨ। ਉਨ੍ਹਾਂ ਨੇ ਸਹੁਰੇ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਸਾਡੀ ਧੀ ਨੂੰ ਸੱਸ-ਸੁਹਰਾ ਅਤੇ ਉਸ ਦਾ ਪਤੀ ਪਰੇਸ਼ਾਨ ਕਰ ਰਹੇ ਸਨ। ਉਸ ਨੇ ਆਪਣੀ ਛੋਟੀ ਭੈਣ ਨੂੰ ਸਾਰੀਆਂ ਗੱਲਾਂ ਦੱਸੀਆਂ ਸਨ। ਆਖ਼ਰਕਾਰ ਸਹੁਰੇ ਪਰਿਵਾਰ ਦੀ ਧੱਕੇਸ਼ਾਹੀ ਤੋਂ ਤੰਗ ਆ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।