ਨਕਲੀ ਪੁਲਿਸ ਵਰਦੀ, ਹੋਟਲ ’ਚ ਬਣਾਇਆ ਥਾਣਾ; ‘ਡਿਜੀਟਲ ਅਰੇਸਟ’ ਕਰਕੇ ਡਾਕਟਰ ਤੋਂ ਠੱਗੇ 1.78 ਕਰੋੜ, ਗਿਰੋਹ ਦਾ ਖੁਲਾਸਾ ਪ੍ਰਯਾਗਰਾਜ ਦੀ ਇੱਕ ਮਹਿਲਾ ਡਾਕਟਰ ਨਾਲ ‘ਡਿਜੀਟਲ ਅਰੇਸਟ’ ਦੇ ਨਾਂ ’ਤੇ 1.78 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ’ਚ ਨਵਾਂ ਖੁਲਾਸਾ ਹੋਇਆ ਹੈ।
Publish Date: Wed, 07 Oct 2026 04:01 PM (IST)
Updated Date: Wed, 07 Oct 2026 04:03 PM (IST)
ਜਾਗਰਣ ਸੰਵਾਦਦਾਤਾ, ਪ੍ਰਯਾਗਰਾਜ। ਜਾਰਜਟਾਊਨ ਵਾਸੀ ਮਹਿਲਾ ਡਾਕਟਰ ਤੇ ਸਾਬਕਾ ਮੁੱਖ ਮੈਡੀਕਲ ਸੁਪਰਡੈਂਟ (CMS) ਕਿਰਨ ਨੂੰ ‘ਡਿਜੀਟਲ ਅਰੇਸਟ’ ਕਰਕੇ 1 ਕਰੋੜ 78 ਲੱਖ 60 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਕਰਨ ਦੇ ਮਾਮਲੇ ’ਚ ਇੱਕ ਹੋਰ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ।
ਪਤਾ ਲੱਗਾ ਹੈ ਕਿ ਸਾਈਬਰ ਅਪਰਾਧੀਆਂ ਨੇ ਲਖੀਮਪੁਰ ਤੋਂ ਪੁਲਿਸ ਦੀਆਂ ਨਕਲੀ ਵਰਦੀਆਂ ਖਰੀਦੀਆਂ ਸਨ। ਇਸ ਤੋਂ ਬਾਅਦ ਉਹ ਫਲਾਈਟ ਰਾਹੀਂ ਮੁੰਬਈ ਪਹੁੰਚੇ। ਉੱਥੇ ਹੋਟਲ ’ਚ ਕਮਰਾ ਲੈਣ ਤੋਂ ਬਾਅਦ ਪੁਲਿਸ ਥਾਣੇ ਵਰਗਾ ਸੈਟਅਪ ਤਿਆਰ ਕੀਤਾ ਗਿਆ। ਫਿਰ ਸਿਗਨਲ ਐਪ ਰਾਹੀਂ ਮਹਿਲਾ ਡਾਕਟਰ ਨੂੰ ਵੀਡੀਓ ਕਾਲ ਕਰਕੇ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਗਈ ਤੇ ਉਸ ਤੋਂ ਆਨਲਾਈਨ ਪੈਸੇ ਮੰਗਵਾਏ ਗਏ। ਸਾਈਬਰ ਅਪਰਾਧੀਆਂ ਨੇ ਠੱਗੀ ਦੀ ਰਕਮ ਪੰਜ ਬੈਂਕ ਖਾਤਿਆਂ ’ਚ ਟਰਾਂਸਫਰ ਕੀਤੀ ਸੀ।
ਪੁਲਿਸ ਪੂਰੇ ਮਾਮਲੇ ਦੀ ਜਾਂਚ ’ਚ ਜੁਟੀ
ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਮੁਤਾਬਕ, ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਹਾਰਡਵੇਅਰ ਦੁਕਾਨਦਾਰ ਆਯੁਸ਼ ਅਵਸਥੀ ਦੀ ਵਟਸਐਪ ਚੈਟ ਦੀ ਜਾਂਚ ਕੀਤੀ ਗਈ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ। ਆਯੁਸ਼ ਨੇ ਕੁਝ ਲੋਕਾਂ ਨੂੰ ਮੈਸੇਜ ਭੇਜ ਕੇ ਕਿਹਾ ਸੀ ਕਿ ਉਹ ਗੈਂਗਸਟਰ ਬਣ ਗਿਆ ਹੈ। ਉਸ ਕੋਲ ਕਾਫ਼ੀ ਪੈਸਾ ਆ ਗਿਆ ਹੈ ਤੇ ਉਹ ਜਲਦ ਹੀ ਕੁਝ ਵੱਡਾ ਕਰਨ ਵਾਲਾ ਹੈ।
ਉਸਨੇ ਆਪਣੀ ਪਤਨੀ ਨੂੰ ਵੀ ਆਰਥਿਕ ਤੰਗੀ ਦੂਰ ਹੋਣ ਦੀ ਗੱਲ ਦੱਸੀ ਸੀ। ਪੁਲਿਸ ਨੂੰ ਵਟਸਐਪ ਚੈਟ ਰਾਹੀਂ ਗਿਰੋਹ ’ਚ ਸ਼ਾਮਲ ਕਈ ਹੋਰ ਨੌਜਵਾਨਾਂ ਬਾਰੇ ਵੀ ਜਾਣਕਾਰੀ ਮਿਲੀ ਹੈ। ਉਨ੍ਹਾਂ ਦੀ ਸ਼ਮੂਲੀਅਤ ਦੇ ਆਧਾਰ ’ਤੇ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੇ ਨਾਲ ਹੀ ਆਯੁਸ਼ ਚੌਧਰੀ ਦੇ ਫਰਾਰ ਸਾਥੀ ਨਿਸ਼ਾਂਤ ਤ੍ਰਿਵੇਦੀ ਤੇ ਰਾਜਨ ਸ਼ੁਕਲਾ ਦੀ ਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗਿਰੋਹ ਨਾਲ ਜੁੜੀ ਹੋਰ ਜਾਣਕਾਰੀ ਵੀ ਸਾਹਮਣੇ ਆ ਸਕਦੀ ਹੈ। ਸਾਈਬਰ ਕ੍ਰਾਈਮ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਘਵੇਂਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੋੜੀਂਦੇ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।