ਗੁਰੂਗ੍ਰਾਮ-ਗੁਜਰਾਤ ਤੱਕ ਫੈਲਿਆ ਨਕਲੀ BP ਦਵਾਈਆਂ ਦਾ ਨੈੱਟਵਰਕ, ਗੁਰੂਗ੍ਰਾਮ FDA ਦਾ ਐਕਸ਼ਨ; ਕੰਪਨੀ ਡਾਇਰੈਕਟਰ ਸਮੇਤ 5 ਗ੍ਰਿਫ਼ਤਾਰ ਗੁਰੂਗ੍ਰਾਮ ਤੇ ਗੁਜਰਾਤ ’ਚ ਵੱਖ-ਵੱਖ ਬ੍ਰਾਂਡਾਂ ਦੀਆਂ ਨਕਲੀ BP ਦਵਾਈਆਂ ਫੜੀਆਂ ਗਈਆਂ ਹਨ। ਜਾਂਚ ’ਚ ਅਸਲੀ ਕੰਪਨੀ ਦੇ ਨਾਮ ਤੇ ਪੈਕੇਜਿੰਗ ਦੀ ਵਰਤੋਂ ਕਰਨ ਦਾ ਇੱਕੋ ਜਿਹਾ ਤਰੀਕਾ ਸਾਹਮਣੇ ਆਇਆ ਹੈ।
Publish Date: Fri, 02 Oct 2026 10:31 AM (IST)
Updated Date: Fri, 02 Oct 2026 10:35 AM (IST)
ਵਰੁਣ ਤ੍ਰਿਵੇਦੀ, ਗੁਰੂਗ੍ਰਾਮ : BP ਦੀ ਨਕਲੀ ਦਵਾਈ ਖ਼ਿਲਾਫ਼ ਗੁਰੂਗ੍ਰਾਮ ’ਚ ਸ਼ੁਰੂ ਹੋਈ ਕਾਰਵਾਈ ਹੁਣ ਸਿਰਫ਼ ਇੱਕ ਦਵਾਈ, ਇੱਕ ਸ਼ਹਿਰ ਜਾਂ ਇੱਕ ਸਪਲਾਈ ਚੇਨ ਦੀ ਕਹਾਣੀ ਨਹੀਂ ਰਹੀ। ਗੁਰੂਗ੍ਰਾਮ ’ਚ Telma-AM ਤੇ ਗੁਜਰਾਤ ’ਚ Nicardia Retard-10 ਦੀ ਸ਼ੱਕੀ ਨਕਲੀ ਖੇਪ ਫੜੇ ਜਾਣ ਤੋਂ ਬਾਅਦ ਇਹ ਸਵਾਲ ਖੜ੍ਹਾ ਹੋਇਆ ਹੈ ਕਿ ਕੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਨਕਲੀ BP ਦਵਾਈਆਂ ਲਈ ਵੱਖ-ਵੱਖ ਨੈੱਟਵਰਕ ਸਰਗਰਮ ਹਨ ਜਾਂ ਇਨ੍ਹਾਂ ਦੇ ਪਿੱਛੇ ਕਿਤੇ ਕੋਈ ਸਾਂਝੀ ਕੜੀ ਮੌਜੂਦ ਹੈ?
ਕਿਉਂਕਿ ਦੋਵੇਂ ਮਾਮਲਿਆਂ ’ਚ ਅਸਲੀ ਕੰਪਨੀ ਦੇ ਨਾਮ, ਬੈਚ ਤੇ ਪੈਕੇਜਿੰਗ ਦੀ ਵਰਤੋਂ ਕਰਕੇ ਦਵਾਈਆਂ ਨੂੰ ਬਾਜ਼ਾਰ ਤੱਕ ਪਹੁੰਚਾਇਆ ਜਾ ਰਿਹਾ ਸੀ। ਫਿਲਹਾਲ ਦੋਵੇਂ ਮਾਮਲਿਆਂ ’ਚ ਸਿੱਧਾ ਸਬੰਧ ਜਾਂਚ ਏਜੰਸੀਆਂ ਨੂੰ ਨਹੀਂ ਮਿਲਿਆ ਹੈ, ਪਰ ਦੋਵੇਂ ਮਾਮਲਿਆਂ ’ਚ ਸਾਹਮਣੇ ਆਏ ਪੈਟਰਨ ਨੇ ਜਾਂਚ ਦਾ ਦਾਇਰਾ ਜ਼ਰੂਰ ਵਧਾ ਦਿੱਤਾ ਹੈ।
ਗੁਰੂਗ੍ਰਾਮ ’ਚ ਜੁਲਾਈ ਤੋਂ ਸ਼ੁਰੂ ਹੋਈ ਜਾਂਚ ਗੁਰੂਗ੍ਰਾਮ ’ਚ ਜੁਲਾਈ ਮਹੀਨੇ ਸੁਭਾਸ਼ ਨਗਰ ਦੇ ਇੱਕ ਮੈਡੀਕਲ ਸਟੋਰ ਤੋਂ ਸ਼ੱਕੀ Telma-AM ਮਿਲਣ ਤੋਂ ਬਾਅਦ FDA ਨੇ ਜਾਂਚ ਸ਼ੁਰੂ ਕੀਤੀ। 19 ਜੁਲਾਈ ਨੂੰ ਸੁਬਰਤ ਦਿਵੇਦੀ ਦੀ ਗ੍ਰਿਫ਼ਤਾਰੀ ਤੇ ਅਗਲੇ ਦਿਨ ਮੁਰਾਦਾਬਾਦ ਵਾਸੀ ਜੁਬੈਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਦਿੱਲੀ ਤੱਕ ਪਹੁੰਚੀ। ਸਤੰਬਰ ’ਚ ਰੁੜਕੀ ਵਾਸੀ ਵਿਪਿਨ ਕੁਮਾਰ ਤੇ ਕਾਸ਼ੀਪੁਰ ਵਾਸੀ ਪ੍ਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ 90 ਹਜ਼ਾਰ ਗੋਲੀਆਂ ਬਣਾਉਣ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਕੰਪਨੀ ਦੇ ਡਾਇਰੈਕਟਰ ਮਨੀਸ਼ ਸਿੰਘ ਰਾਠੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਹੁਣ FDA ਦਵਾਈਆਂ ਦੇ ਨਿਰਮਾਣ, ਪੈਕਿੰਗ, ਕੱਚੇ ਮਾਲ ਤੇ ਸਪਲਾਈ ਦੀ ਪੂਰੀ ਕੜੀ ਦੀ ਜਾਂਚ ਕਰ ਰਿਹਾ ਹੈ।
ਸ਼ਿਕਾਇਤ ਤੋਂ ਗੁਜਰਾਤ ਦਾ ਦੂਜਾ ਨੈੱਟਵਰਕ ਬੇਨਕਾਬ ਗੁਜਰਾਤ ’ਚ ਵੀ ਮਾਮਲੇ ਦੀ ਸ਼ੁਰੂਆਤ ਬਾਜ਼ਾਰ ’ਚ BP ਦੀ ਨਕਲੀ ਦਵਾਈ ਮਿਲਣ ਤੋਂ ਹੋਈ। ਕੰਪਨੀ ਦੀ ਸ਼ਿਕਾਇਤ ਤੋਂ ਬਾਅਦ ਸਥਾਨਕ ਏਜੰਸੀ FDCA ਨੇ ਜਾਂਚ ਸ਼ੁਰੂ ਕੀਤੀ ਤੇ ਅਹਿਮਦਾਬਾਦ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਦੀ ਕੜੀ ਉੱਤਰਾਖੰਡ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੱਕ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ।
ਹੁਣ ਜਾਂਚ ਸਾਹਮਣੇ ਵੱਡਾ ਸਵਾਲ ਹੁਣ ਜਾਂਚ ਏਜੰਸੀਆਂ ਲਈ ਸਿਰਫ਼ ਇਹ ਪਤਾ ਲਗਾਉਣਾ ਕਾਫ਼ੀ ਨਹੀਂ ਹੈ ਕਿ ਨਕਲੀ ਦਵਾਈ ਕਿਸ ਨੇ ਬਣਾਈ। ਅਸਲ ਸਵਾਲ ਇਹ ਹੈ ਕਿ ਕੱਚਾ ਮਾਲ, ਪੈਕੇਜਿੰਗ ਸਮੱਗਰੀ, ਨਕਲੀ ਲੇਬਲ ਤੇ ਦਵਾਈਆਂ ਨੂੰ ਬਾਜ਼ਾਰ ਤੱਕ ਪਹੁੰਚਾਉਣ ਵਾਲਾ ਨੈੱਟਵਰਕ ਕਿੱਥੇ-ਕਿੱਥੇ ਇੱਕ-ਦੂਜੇ ਨਾਲ ਜੁੜਿਆ ਹੋਇਆ ਹੈ।
ਜੇਕਰ ਕਿਸੇ ਸਾਂਝੇ ਸਪਲਾਇਰ ਜਾਂ ਪੈਕੇਜਿੰਗ ਸਰੋਤ ਦੀ ਕੜੀ ਮਿਲਦੀ ਹੈ ਤਾਂ ਦੋਵੇਂ ਮਾਮਲਿਆਂ ਦੀ ਜਾਂਚ ਦਾ ਦਾਇਰਾ ਕਈ ਸੂਬਿਆਂ ਤੱਕ ਵਧ ਸਕਦਾ ਹੈ। ਫਿਲਹਾਲ ਇਹ ਸੰਭਾਵਨਾ ਜਾਂਚ ਦਾ ਵਿਸ਼ਾ ਹੈ।
BP ਦੀ ਨਕਲੀ ਦਵਾਈ ਦੇ ਮਾਮਲੇ ’ਚ ਕੰਪਨੀ ਡਾਇਰੈਕਟਰ ਸਮੇਤ ਪੰਜ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ। ਹੁਣ ਪੈਕੇਜਿੰਗ ਸਮੱਗਰੀ, ਨਕਲੀ ਲੇਬਲ ਤੇ ਸਪਲਾਈ ਨੈੱਟਵਰਕ ਦੀ ਜਾਂਚ ਜਾਰੀ ਹੈ। ਅਗਲੀ ਜਾਂਚ ’ਚ ਜੇਕਰ ਕਿਸੇ ਹੋਰ ਸੂਬੇ ਦੇ ਮਾਮਲੇ ਨਾਲ ਕੋਈ ਸਬੰਧ ਸਾਹਮਣੇ ਆਉਂਦਾ ਹੈ ਤਾਂ ਉੱਥੋਂ ਦੀ ਏਜੰਸੀ ਨਾਲ ਸੰਪਰਕ ਕੀਤਾ ਜਾਵੇਗਾ।
— ਡਾ. ਸੁਰੇਸ਼ ਕੁਮਾਰ, ਔਸ਼ਧੀ ਨਿਯੰਤਰਣ ਅਧਿਕਾਰੀ-2, ਗੁਰੂਗ੍ਰਾਮ