ਮੰਦਰ ਸੇਵਾ ਦੇ ਬਹਾਨੇ 25 ਔਰਤਾਂ ਨਾਲ ਜਬਰ-ਜਨਾਹ, ਫੇਸਬੁੱਕ ’ਤੇ ਆਧਿਆਤਮਿਕ ਗੱਲਾਂ; ਕਥਿਤ ਸਾਧੂ ਦਾ ਕੱਚਾ ਚਿੱਠਾ ਆਇਆ ਸਾਹਮਣੇ
ਵ੍ਰਿੰਦਾਵਨ ਦੇ ਇੱਕ ਹੋਟਲ ਤੋਂ ਫੜੇ ਜਾਣ ਤੋਂ ਬਾਅਦ ਸੜਕ ’ਤੇ ਕੁੱਟੇ ਗਏ ਕਥਿਤ ਸਾਧੂ ਹੇਮੰਤ ਰਾਜ ਮੀਣਾ ਦਾ ਪੂਰਾ ਮਾਮਲਾ ਸਾਹਮਣੇ ਆ ਗਿਆ ਹੈ। ਦੋਸ਼ ਹੈ ਕਿ ਉਸ ਨੇ ਇੱਕ-ਦੋ ਨਹੀਂ, ਸਗੋਂ 25 ਔਰਤਾਂ ਨਾਲ ਜਬਰ-ਜਨਾਹ ਕੀਤਾ। ਪੀੜਤ ਔਰਤਾਂ ਦਾ ਕਹਿਣਾ ਹੈ ਕਿ ਉਹ ਮੰਦਰ ਸੇਵਾ ਦੇ ਬਹਾਨੇ ਉਨ੍ਹਾਂ ਨੂੰ ਬੁਲਾਉਂਦਾ ਤੇ ਫਿਰ ਉਨ੍ਹਾਂ ਨਾਲ ਗਲਤ ਹਰਕਤ ਕਰਦਾ ਸੀ।
Publish Date: Wed, 23 Sep 2026 03:10 PM (IST)
Updated Date: Wed, 23 Sep 2026 03:14 PM (IST)
ਸੰਵਾਦ ਸੂਤਰ, ਵ੍ਰਿੰਦਾਵਨ (ਮਥੁਰਾ) : ਸਾਧੂ ਦੇ ਭੇਸ ’ਚ ਰਹਿਣ ਵਾਲੇ ਹੇਮੰਤ ਰਾਜ ਮੀਣਾ ਖ਼ਿਲਾਫ਼ ਪੀੜਤ ਔਰਤਾਂ ਨੇ ਕਈ ਹੈਰਾਨ ਕਰਨ ਵਾਲੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੇਮੰਤ ਰਾਜ ਫੇਸਬੁੱਕ ਰਾਹੀਂ ਔਰਤਾਂ ਨਾਲ ਸੰਪਰਕ ਕਰਦਾ ਸੀ। ਇਸ ਤੋਂ ਬਾਅਦ ਉਹ ਆਧਿਆਤਮਿਕ ਵਿਸ਼ਿਆਂ ’ਤੇ ਗੱਲਬਾਤ ਸ਼ੁਰੂ ਕਰਦਾ ਸੀ। ਹੌਲੀ-ਹੌਲੀ ਭਰੋਸਾ ਬਣਨ ਤੋਂ ਬਾਅਦ ਉਹ ਮੰਦਰ ’ਚ ਸਹਿਯੋਗ ਤੇ ਸੇਵਾ ਦੇ ਨਾਂ ’ਤੇ ਉਨ੍ਹਾਂ ਨੂੰ ਬੁਲਾਉਂਦਾ ਸੀ। ਪੀੜਤਾਂ ਦਾ ਦੋਸ਼ ਹੈ ਕਿ ਸ਼ੋਸ਼ਣ ਕਰਨ ਤੋਂ ਬਾਅਦ ਉਹ ਔਰਤਾਂ ਨਾਲ ਮਾਰਕੁੱਟ ਕਰਦਾ ਤੇ ਉਨ੍ਹਾਂ ਤੋਂ ਦੂਰੀ ਬਣਾ ਲੈਂਦਾ ਸੀ। ਬੁਲੰਦਸ਼ਹਿਰ ਦੀ ਇੱਕ ਪੀੜਤਾ ਦਾ ਦਾਅਵਾ ਹੈ ਕਿ ਉਸ ਦੇ ਸੰਪਰਕ ’ਚ ਕਰੀਬ 25 ਤੋਂ ਵੱਧ ਅਜਿਹੀਆਂ ਔਰਤਾਂ ਹਨ, ਜਿਨ੍ਹਾਂ ਨਾਲ ਹੇਮੰਤ ਰਾਜ ਨੇ ਜਬਰ-ਜਨਾਹ ਕੀਤਾ।
ਮੰਗਲਵਾਰ ਦੇਰ ਸ਼ਾਮ ਵ੍ਰਿੰਦਾਵਨ ਕੋਤਵਾਲੀ ਪਹੁੰਚੀ ਬੁਲੰਦਸ਼ਹਿਰ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਕਿ ਸਵਾਈ ਮਾਧੋਪੁਰ ਦੇ ਭਰਤੂਨ ਪਿੰਡ ਦਾ ਰਹਿਣ ਵਾਲਾ ਸਾਧੂ-ਭੇਸਧਾਰੀ ਹੇਮੰਤ ਰਾਜ ਮੀਣਾ ਉਰਫ਼ ਹਿੰਮਤ ਗਿਰੀ ਨੇ ਰਾਜਸਥਾਨ ਦੇ ਚਿਤੌੜਗੜ੍ਹ ’ਚ ਆਵਰੀ ਮਾਤਾ ਮੰਦਰ ਨੇੜੇ ਆਪਣਾ ਆਸ਼ਰਮ ਬਣਾ ਰੱਖਿਆ ਹੈ। ਉਹ ਫੇਸਬੁੱਕ ਰਾਹੀਂ ਔਰਤਾਂ ਨਾਲ ਸੰਪਰਕ ਕਰਦਾ ਸੀ। ਦੋ ਤੋਂ ਢਾਈ ਮਹੀਨਿਆਂ ਤੱਕ ਗੱਲਬਾਤ ਦੀ ਸ਼ੁਰੂਆਤ ਆਧਿਆਤਮਿਕ ਵਿਸ਼ਿਆਂ ਤੇ ਧਾਰਮਿਕ ਗਤੀਵਿਧੀਆਂ ਤੋਂ ਹੁੰਦੀ ਸੀ। ਹੌਲੀ-ਹੌਲੀ ਉਹ ਔਰਤਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰਦਾ ਤੇ ਉਨ੍ਹਾਂ ਨੂੰ ਮੰਦਰ ’ਚ ਸੇਵਾ, ਸਹਿਯੋਗ ਜਾਂ ਧਾਰਮਿਕ ਕੰਮਾਂ ਲਈ ਬੁਲਾਉਂਦਾ ਸੀ। ਪੀੜਤਾਂ ਦਾ ਦੋਸ਼ ਹੈ ਕਿ ਨੇੜਤਾ ਵਧਣ ਤੋਂ ਬਾਅਦ ਉਹ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ।
ਵਿਰੋਧ ਕਰਨ ਜਾਂ ਗੱਲ ਸਾਹਮਣੇ ਆਉਣ ਦੀ ਸਥਿਤੀ ’ਚ ਉਹ ਮਾਰਕੁੱਟ ਵੀ ਕਰਦਾ ਸੀ। ਇਸ ਤੋਂ ਬਾਅਦ ਉਹ ਸਬੰਧਤ ਔਰਤ ਤੋਂ ਦੂਰੀ ਬਣਾ ਲੈਂਦਾ ਸੀ। ਪੀੜਤਾਂ ਨੇ ਦੱਸਿਆ ਕਿ ਆਸ਼ਰਮ ’ਚ ਜਦੋਂ ਵੀ ਕੋਈ ਨਵੀਂ ਔਰਤ ਆਉਂਦੀ ਸੀ ਤਾਂ ਪਹਿਲਾਂ ਤੋਂ ਉਸ ਦੇ ਸੰਪਰਕ ’ਚ ਰਹੀਆਂ ਔਰਤਾਂ ਨੂੰ ਉਸ ਦੇ ਵਿਹਾਰ ’ਤੇ ਸ਼ੱਕ ਹੋਣ ਲੱਗਦਾ ਸੀ। ਇਸ ਤੋਂ ਬਾਅਦ ਉਹ ਚੋਰੀ-ਛਿਪੇ ਉਸ ਔਰਤ ਨਾਲ ਸੰਪਰਕ ਕਰਕੇ ਉਸ ਬਾਰੇ ਜਾਣਕਾਰੀ ਲੈਂਦੀਆਂ ਸਨ। ਗੱਲਬਾਤ ਦੌਰਾਨ ਕਈ ਔਰਤਾਂ ਨੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਸਾਂਝੀਆਂ ਕੀਤੀਆਂ। ਬੁਲੰਦਸ਼ਹਿਰ ਦੀ ਪੀੜਤਾ ਨੇ ਦੱਸਿਆ ਕਿ ਉਸ ਦੇ ਸੰਪਰਕ ’ਚ ਕਰੀਬ 25 ਔਰਤਾਂ ਹਨ, ਜਿਨ੍ਹਾਂ ਨਾਲ ਹੇਮੰਤ ਰਾਜ ਨੇ ਇਸੇ ਤਰ੍ਹਾਂ ਸਬੰਧ ਬਣਾਏ। ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ’ਚ ਕਈ ਔਰਤਾਂ ਅਜਿਹੀਆਂ ਹਨ ਜੋ ਸਮਾਜਿਕ ਬਦਨਾਮੀ ਤੇ ਲੋਕ-ਲਾਜ ਕਾਰਨ ਖੁੱਲ੍ਹ ਕੇ ਆਵਾਜ਼ ਨਹੀਂ ਉਠਾ ਪਾ ਰਹੀਆਂ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਸਾਧੂ ਦੇ ਭੇਸਧਾਰੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਖਿਲ ਭਾਰਤ ਹਿੰਦੂ ਮਹਾਸਭਾ ਦੀ ਜ਼ਿਲ੍ਹਾ ਪ੍ਰਧਾਨ ਛਾਇਆ ਗੌਤਮ ਨੇ ਭੋਪਾਲ, ਬਾਂਸਵਾੜਾ ਤੇ ਬੁਲੰਦਸ਼ਹਿਰ ਦੀਆਂ ਪੀੜਤਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਹ ਰਾਤ ਨੂੰ ਵ੍ਰਿੰਦਾਵਨ ਥਾਣੇ ਪਹੁੰਚੀ ਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਹੇਮੰਤ ਰਾਜ ਨੇ ਬਣਾ ਰੱਖਿਆ ਸੀ ਪੂਰਾ ਨੈੱਟਵਰਕ ਸਾਧੂ ਦੇ ਭੇਸ ’ਚ ਰਹਿਣ ਵਾਲੇ ਹੇਮੰਤ ਰਾਜ ਨੇ ਕਥਿਤ ਤੌਰ ’ਤੇ ਇੱਕ ਪੂਰਾ ਨੈੱਟਵਰਕ ਬਣਾ ਰੱਖਿਆ ਸੀ। ਕਈ ਲੋਕ ਉਸ ਦੇ ਅਧੀਨ ਕੰਮ ਕਰ ਰਹੇ ਸਨ। ਦੋਸ਼ ਹੈ ਕਿ ਉਸ ਦੀ ਨਜ਼ਰ ਬਜ਼ੁਰਗ, ਬੇਔਲਾਦ ਤੇ ਵਿਧਵਾ ਔਰਤਾਂ ’ਤੇ ਰਹਿੰਦੀ ਸੀ। ਵਿਧਵਾ ਔਰਤਾਂ ਨੂੰ ਉਹ ਪ੍ਰੇਮੀ ਜਾਂ ਪਤੀ ਬਣ ਕੇ ਝਾਂਸੇ ’ਚ ਲੈਂਦਾ ਸੀ। ਉੱਥੇ ਹੀ ਬਜ਼ੁਰਗ ਔਰਤਾਂ ਨੂੰ ਆਪਣਾ ਪੁੱਤਰ ਦੱਸ ਕੇ ਭਰਮਾਉਂਦਾ ਸੀ। ਇਸੇ ਤਰ੍ਹਾਂ ਬੇਔਲਾਦ ਔਰਤਾਂ ਨੂੰ ਪੁੱਤਰ ਪ੍ਰਾਪਤੀ ਲਈ ਸੰਕਲਪ ਤੇ ਅਨੁਸ਼ਠਾਨ ਦੇ ਨਾਂ ’ਤੇ ਆਪਣਾ ਅਨੁਯਾਈ ਬਣਾ ਲੈਂਦਾ ਸੀ। ਦੋਸ਼ ਹੈ ਕਿ ਮੁਲਜ਼ਮ ਦਾ ਮਕਸਦ ਇਨ੍ਹਾਂ ਸਾਰੀਆਂ ਔਰਤਾਂ ਦਾ ਸ਼ੋਸ਼ਣ ਕਰਨਾ ਹੁੰਦਾ ਸੀ।
ਮੂਰਤੀ ਤੇ ਮੰਦਰ ਦੀ ਪੂਜਾ ’ਤੇ ਵਿਸ਼ਵਾਸ ਨਾ ਹੋਣ ਦਾ ਦਾਅਵਾ ਪੀੜਤਾ ਦਾ ਦੋਸ਼ ਹੈ ਕਿ ਹਿੰਮਤ ਗਿਰੀ ਉਰਫ਼ ਹੇਮੰਤ ਰਾਜ ਮੀਣਾ ਕਹਿੰਦਾ ਸੀ ਕਿ ਗੰਗਾਪੁਰ ਨੇੜੇ ਉਸ ਦਾ ਗੁਰੂ ਸਥਾਨ ਹੈ। ਉਹ ਹਰਿਨੰਦ ਗਿਰੀ ਦਾ ਸ਼ਿਸ਼ ਹੈ ਤੇ ਜੂਨਾ ਅਖਾੜੇ ਨਾਲ ਜੁੜਿਆ ਹੋਇਆ ਹੈ। ਉਸ ਦਾ ਕਹਿਣਾ ਸੀ ਕਿ ਉਹ ਮੂਰਤੀ ਤੇ ਮੰਦਰ ਦੀ ਪੂਜਾ ’ਚ ਵਿਸ਼ਵਾਸ ਨਹੀਂ ਕਰਦਾ, ਸਗੋਂ ਸਿਰਫ਼ ਗੁਰੂ ਪੂਜਾ ਨੂੰ ਹੀ ਸਰਵੋਤਮ ਮੰਨਦਾ ਹੈ। ਦੋਸ਼ ਹੈ ਕਿ ਉਹ ਆਪਣੀ ਸ਼ਰਨ ’ਚ ਆਈਆਂ ਔਰਤਾਂ ਤੋਂ ਵੀ ਇਹੀ ਕਰਵਾਉਂਦਾ ਸੀ। ਦੋਸ਼ ਹੈ ਕਿ ਹੇਮੰਤ ਰਾਜ ਨੇ ਮੱਧ ਪ੍ਰਦੇਸ਼ ਦੇ ਸ਼ਿਓਪੁਰ ’ਚ ਵੀ ਇੱਕ ਵਿਆਹਸ਼ੁਦਾ ਔਰਤ ਨੂੰ ਆਪਣੇ ਜਾਲ ’ਚ ਫਸਾਇਆ ਤੇ ਕਰੀਬ ਤਿੰਨ ਸਾਲ ਤੱਕ ਉਸ ਨੂੰ ਪਤਨੀ ਬਣਾ ਕੇ ਆਪਣੇ ਨਾਲ ਰੱਖਿਆ। ਬਾਅਦ ’ਚ ਉਸ ਨੂੰ ਛੱਡ ਕੇ ਚਲਾ ਗਿਆ। ਉਸ ਔਰਤ ਨੂੰ ਮੁੜ ਸਾਧਵੀ ਵਰਗੀ ਜ਼ਿੰਦਗੀ ਬਤੀਤ ਕਰਨੀ ਪਈ।
“ਭਗਵਾ ਪਹਿਨ ਕੇ ਇਸ ਤਰ੍ਹਾਂ ਦੇ ਕਾਰੇ ਕਰਨ ਵਾਲੇ ਸਨਾਤਨ ਧਰਮ ਨੂੰ ਬਦਨਾਮ ਕਰ ਰਹੇ ਹਨ। ਇਸ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ, ਤਾਂ ਜੋ ਮੁਲਜ਼ਮ ਮੁੜ ਕਿਸੇ ਔਰਤ ਨਾਲ ਗਲਤ ਕੰਮ ਨਾ ਕਰ ਸਕੇ।”
— ਛਾਇਆ ਗੌਤਮ, ਜ਼ਿਲ੍ਹਾ ਪ੍ਰਧਾਨ, ਅਖਿਲ ਭਾਰਤ ਹਿੰਦੂ ਮਹਾਸਭਾ