- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਪਰੀਮ ਕੋਰਟ ਨੇ ਅੱਜ ਦਿੱਲੀ ਪੁਲਿਸ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੂੰ ਜਿਨਸੀ ਅਪਰਾਧ ਕਰਨ ਦੇ ਰੁਝਾਨ ਵਾਲੇ ਮਰਦਾਂ ਦੇ ਮਨਾਂ 'ਚ ਡਰ ਪੈਦਾ ਕਰਨਾ ਚਾਹੀਦਾ ਹੈ। ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹਾਲ ਹੀ 'ਚ ਵਾਪਰੀਆਂ ਜਬਰ-ਜਨਾਹ ਦੀਆਂ ਘਟਨਾਵਾਂ, ਜਿਨ੍ਹਾਂ 'ਚ ਇੱਕ ਸਲੀਪਰ ਬੱਸ 'ਚ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵੀ ਸ਼ਾਮਲ ਹੈ—ਦਾ ਖੁਦ ਨੋਟਿਸ ਲੈਂਦਿਆਂ, ਸੁਪਰੀਮ ਕੋਰਟ ਨੇ ਹੁਣ ਤੱਕ ਦਾ ਸਭ ਤੋਂ ਸਪੱਸ਼ਟ ਨਿਰਦੇਸ਼ ਜਾਰੀ ਕੀਤਾ ਹੈ।

ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਤੋਂ ਕੀਤੇ ਸਵਾਲ
ਦੱਖਣੀ ਦਿੱਲੀ ਦੇ ਇੱਕ ਪਾਰਕ 'ਚ ਹੋਏ ਸਮੂਹਿਕ ਬਲਾਤਕਾਰ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਤੋਂ ਉਨ੍ਹਾਂ ਜ਼ਰੂਰੀ ਕਦਮਾਂ ਬਾਰੇ ਸਵਾਲ ਕੀਤੇ, ਜੋ ਚੁੱਕੇ ਜਾਣੇ ਚਾਹੀਦੇ ਸਨ। ਸੁਪਰੀਮ ਕੋਰਟ ਨੇ ਕਿਹਾ, “ਕਿਹਾ ਗਿਆ ਹੈ ਕਿ ਇਸ ਦੁਖਦਾਈ ਮਾਮਲੇ 'ਚ ਵੀ ਲੋਕਾਂ ਨੇ ਤੁਹਾਨੂੰ ਇਨ੍ਹਾਂ ਲੋਕਾਂ (ਅਪਰਾਧੀਆਂ) ਬਾਰੇ ਚੇਤਾਵਨੀ ਦਿੱਤੀ ਸੀ।”
ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਕਿਹਾ, “ਤੁਸੀਂ ਅਜਿਹੇ ਅਪਰਾਧਾਂ ਨੂੰ ਕਿਵੇਂ ਰੋਕਦੇ ਹੋ? ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਜਿਹੇ ਅਪਰਾਧ ਰੁਕਣ। ਜੇਕਰ ਅਸੀਂ ਮਿਲ ਕੇ ਕੰਮ ਕਰੀਏ ਤਾਂ ਬਦਲਾਅ ਲਿਆ ਸਕਦੇ ਹਾਂ। ਅਜਿਹਾ ਮਾਹੌਲ ਬਣਾਇਆ ਜਾਵੇ ਕਿ ਰਾਤ 10 ਵਜੇ ਵੀ ਹਰ ਮਹਿਲਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ।” ਇਸ ਦੇ ਨਾਲ ਹੀ ਅਦਾਲਤ ਨੇ ਰਾਸ਼ਟਰੀ ਰਾਜਧਾਨੀ 'ਚ ਇਸ ਸਮੱਸਿਆ ਨਾਲ ਨਜਿੱਠਣ ਲਈ ਵਾਰ ਰੂਮ ਬਣਾਉਣ ਬਾਰੇ ਵੀ ਜਾਣਕਾਰੀ ਮੰਗੀ।
ਸੁਪਰੀਮ ਕੋਰਟ ਨੇ ਯਾਦ ਕਰਵਾਇਆ ਨਿਰਭਯਾ ਮਾਮਲਾ
ਇੱਕ ਸੁਝਾਅ ਇਹ ਸੀ ਕਿ ਜਿਨਸੀ ਅਪਰਾਧੀਆਂ ਦੇ ਰਾਸ਼ਟਰੀ ਡੇਟਾਬੇਸ ਰਾਹੀਂ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖੀ ਜਾਵੇ। ਸੁਪਰੀਮ ਕੋਰਟ ਨੇ ਕਿਹਾ, “ਅਸੀਂ ਤੁਹਾਨੂੰ ਜ਼ੋਰ ਦੇ ਕੇ ਕਹਿੰਦੇ ਹਾਂ ਕਿ ਸਾਰੇ ਪਹਿਲੂਆਂ 'ਤੇ ਧਿਆਨ ਦਿਓ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਅਗਲੇ ਚਾਰ ਹਫ਼ਤਿਆਂ 'ਚ ਅਜਿਹੀਆਂ ਹੋਰ ਘਟਨਾਵਾਂ ਵਾਪਰਨ।”
ਅਦਾਲਤ ਨੇ ਕਾਲਜਾਂ ਵੱਲ ਵੀ ਧਿਆਨ ਦੇਣ ਲਈ ਕਿਹਾ। ਕੋਰਟ ਨੇ ਕਿਹਾ ਕਿ ਉੱਥੇ ਅਜਿਹੇ ਮਨਚਲੇ ਹੁੰਦੇ ਹਨ, ਜੋ ਵਿਦਿਆਰਥਣਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਦਿੱਲੀ ਭਰ 'ਚ ਹਜ਼ਾਰਾਂ ਗੈਰ-ਅਧਿਕਾਰਤ ਖਾਣ-ਪੀਣ ਵਾਲੀਆਂ ਥਾਵਾਂ ਹਨ, ਜਿੱਥੇ ਸਮਾਜ ਵਿਰੋਧੀ ਤੱਤ ਇਕੱਠੇ ਹੁੰਦੇ ਹਨ। ਅਜਿਹੀਆਂ ਥਾਵਾਂ 'ਤੇ ਸ਼ਰਾਬ ਦੀ ਵੀ ਇਜਾਜ਼ਤ ਹੁੰਦੀ ਹੈ।
ਜਸਟਿਸ ਪਾਰਦੀਵਾਲਾ ਨੇ 2012 ਦੇ ਨਿਰਭਯਾ ਮਾਮਲੇ ਦਾ ਜ਼ਿਕਰ ਕਰਦਿਆਂ ਪੁਲਿਸ ਨੂੰ ਯਾਦ ਦਿਵਾਇਆ ਕਿ ਉਸ ਮਾਮਲੇ 'ਚ ਵੀ ਦੋਸ਼ੀਆਂ ਨੇ ਉਹ ਬੇਰਹਿਮ ਅਪਰਾਧ ਕਰਨ ਤੋਂ ਪਹਿਲਾਂ ਖਾਣਾ ਖਾਧਾ ਅਤੇ ਸ਼ਰਾਬ ਪੀਤੀ ਸੀ।