ਮੌਨਸੂਨ ਦੇ ਦੂਜੇ ਪੜਾਅ ’ਚ ਅਲਨੀਨੋ ਦਾ ਵਧਿਆ ਦਬਾਅ, ਸਤੰਬਰ ਤੱਕ IOD ਪਾਜ਼ੇਟਿਵ ਨਾ ਹੋਇਆ ਤਾਂ ਵਧ ਸਕਦਾ ਹੈ ਸੋਕੇ ਦਾ ਖ਼ਤਰਾ
ਅਲਨੀਨੋ ਨਾਲ ਹਵਾਵਾਂ ਦੀ ਤਾਕਤ ਘਟਦੀ ਹੈ ਅਤੇ ਕਈ ਹਿੱਸਿਆਂ ਵਿਚ ਬਾਰਿਸ਼ ਆਮ ਨਾਲੋਂ ਘੱਟ ਹੁੰਦੀ ਹੈ। ਫਿਰ ਵੀ, ਮੌਸਮ ਵਿਗਿਆਨੀਆਂ ਨੂੰ ਰਾਹਤ ਦੀ ਉਮੀਦ ਹੈ। ਹਿੰਦ ਮਹਾਸਾਗਰ ਵਿਚ ਆਈਓਡੀ ਦੇ ਅਗਲੇ ਮਹੀਨੇ ਪਾਜ਼ੇਟਿਵ ਹੋਣ ਦੇ ਸੰਕੇਤ ਹਨ। ਆਈਓਡੀ ਦੇ ਪਾਜ਼ੇਟਿਵ ਹੋਣ ’ਤੇ ਹਿੰਦ ਮਹਾਸਾਗਰ ਤੋਂ ਭਾਰਤ ਵੱਲ ਵੱਧ ਨਮੀ ਪਹੁੰਚਦੀ ਹੈ ਜਿਸ ਨਾਲ ਮੌਨਸੂਨ ਨੂੰ ਵਾਧੂ ਊਰਜਾ ਮਿਲਦੀ ਹੈ ਅਤੇ ਅਲਨੀਨੋ ਦਾ ਨਕਾਰਾਤਮਕ ਪ੍ਰਭਾਵ ਕਾਫ਼ੀ ਹੱਦ ਤੱਕ ਘਟ ਸਕਦਾ ਹੈ।
Publish Date: Sun, 02 Aug 2026 09:44 AM (IST)
Updated Date: Sun, 02 Aug 2026 09:47 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ। ਮੌਨਸੂਨ ਦੇ ਦੂਜੇ ਪੜਾਅ ’ਤੇ ਸਭ ਤੋਂ ਵੱਡਾ ਦਬਾਅ ਅਲਨੀਨੋ ਦਾ ਹੋਣ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਅਗਸਤ-ਸਤੰਬਰ ਨੂੰ ਨਿਰਣਾਇਕ ਮੰਨਿਆ ਜਾ ਰਿਹਾ ਹੈ। ਪ੍ਰਸ਼ਾਂਤ ਮਹਾਸਾਗਰ ਵਿਚ ਅਲਨੀਨੋ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਜਿਸ ਨਾਲ ਭਾਰਤ ਦੇ ਕਈ ਹਿੱਸਿਆਂ ਵਿਚ ਸੋਕੇ ਦੀ ਸ਼ੰਕਾ ਵਧ ਗਈ ਹੈ।
ਮੌਸਮ ਵਿਗਿਆਨੀਆਂ ਦੀ ਨਿਗ੍ਹਾ ਹੁਣ ਹਿੰਦ ਮਹਾਸਾਗਰ ਵਿਚ ਵਿਕਸਤ ਹੋ ਰਹੇ ਇੰਡੀਅਨ ਓਸ਼ਨ ਡਾਇਪੋਲ (ਆਈਓਡੀ) ’ਤੇ ਟਿਕੀ ਹੈ ਜੋ ਇਸ ਵੇਲੇ ਨਿਊਟਰਲ ਹੈ ਪਰ ਸਤੰਬਰ ਵਿਚ ਇਹ ਪਾਜ਼ੇਟਿਵ ਹੋ ਸਕਦਾ ਹੈ। ਜੇਕਰ ਇਹ ਹੋਇਆ, ਤਾਂ ਅਲਨੀਨੋ ਦੀ ਲਪੇਟ ਵਿਚ ਆਏ ਮੌਨਸੂਨ ਨੂੰ ਨਵੀਂ ਤਾਕਤ ਮਿਲ ਸਕਦੀ ਹੈ। ਮੌਸਮ ਵਿਭਾਗ (ਆਈਐੱਮਡੀ) ਦੇ ਮੌਨਸੂਨ ਮਿਸ਼ਨ ਕਪਲਡ ਫੋਰਕਾਸਟ ਸਿਸਟਮ (ਐੱਮਐੱਮਸੀਐੱਫਐੱਸ) ਅਨੁਸਾਰ ਆਉਣ ਵਾਲੇ ਦਿਨਾਂ ਵਿਚ ਅਲਨੀਨੋ ਹੋਰ ਮਜ਼ਬੂਤ ਹੋ ਸਕਦਾ ਹੈ, ਜੋ ਮੌਨਸੂਨ ਨੂੰ ਕਮਜ਼ੋਰ ਕਰ ਸਕਦਾ ਹੈ।
ਅਲਨੀਨੋ ਨਾਲ ਹਵਾਵਾਂ ਦੀ ਤਾਕਤ ਘਟਦੀ ਹੈ ਅਤੇ ਕਈ ਹਿੱਸਿਆਂ ਵਿਚ ਬਾਰਿਸ਼ ਆਮ ਨਾਲੋਂ ਘੱਟ ਹੁੰਦੀ ਹੈ। ਫਿਰ ਵੀ, ਮੌਸਮ ਵਿਗਿਆਨੀਆਂ ਨੂੰ ਰਾਹਤ ਦੀ ਉਮੀਦ ਹੈ। ਹਿੰਦ ਮਹਾਸਾਗਰ ਵਿਚ ਆਈਓਡੀ ਦੇ ਅਗਲੇ ਮਹੀਨੇ ਪਾਜ਼ੇਟਿਵ ਹੋਣ ਦੇ ਸੰਕੇਤ ਹਨ। ਆਈਓਡੀ ਦੇ ਪਾਜ਼ੇਟਿਵ ਹੋਣ ’ਤੇ ਹਿੰਦ ਮਹਾਸਾਗਰ ਤੋਂ ਭਾਰਤ ਵੱਲ ਵੱਧ ਨਮੀ ਪਹੁੰਚਦੀ ਹੈ ਜਿਸ ਨਾਲ ਮੌਨਸੂਨ ਨੂੰ ਵਾਧੂ ਊਰਜਾ ਮਿਲਦੀ ਹੈ ਅਤੇ ਅਲਨੀਨੋ ਦਾ ਨਕਾਰਾਤਮਕ ਪ੍ਰਭਾਵ ਕਾਫ਼ੀ ਹੱਦ ਤੱਕ ਘਟ ਸਕਦਾ ਹੈ।
ਹਾਲਾਂਕਿ ਭਾਰਤ ਦਾ ਮੌਨਸੂਨ ਸਿਰਫ਼ ਅਲਨੀਨੋ ਨਾਲ ਹੀ ਨਿਰਧਾਰਤ ਨਹੀਂ ਹੁੰਦਾ। ਬੰਗਾਲ ਦੀ ਖਾੜੀ ਵਿਚ ਬਣਨ ਵਾਲੇ ਘੱਟ ਦਬਾਅ ਦੇ ਖੇਤਰ, ਮੌਨਸੂਨੀ ਟਰਫ ਦੀ ਸਥਿਤੀ ਅਤੇ ਹਿੰਦ ਮਹਾਸਾਗਰ ਦੀਆਂ ਸਥਿਤੀਆਂ ਵੀ ਬਾਰਿਸ਼ ਦੀ ਮਾਤਰਾ ਅਤੇ ਵੰਡ ’ਤੇ ਪ੍ਰਭਾਵ ਪਾਉਂਦੀਆਂ ਹਨ।
ਇਸੇ ਕਰਕੇ ਕਈ ਵਾਰ ਮਜ਼ਬੂਤ ਅਲਨੀਨੋ ਦੌਰਾਨ ਵੀ ਦੇਸ਼ ਦੇ ਕੁਝ ਹਿੱਸਿਆਂ ਵਿਚ ਆਮ ਜਾਂ ਉਸ ਤੋਂ ਵੱਧ ਬਾਰਿਸ਼ ਹੁੰਦੀ ਹੈ। ਜੇਕਰ ਸਤੰਬਰ ਤੱਕ ਆਈਓਡੀ ਪਾਜ਼ੇਟਿਵ ਨਹੀਂ ਹੋਇਆ, ਤਾਂ ਅਲਨੀਨੋ ਦਾ ਦਬਾਅ ਹੋਰ ਵਧ ਸਕਦਾ ਹੈ ਜਿਸ ਨਾਲ ਮੱਧ ਭਾਰਤ, ਉੱਤਰੀ-ਪੱਛਮੀ ਭਾਰਤ ਅਤੇ ਟਾਪੂ ਖੇਤਰਾਂ ਵਿਚ ਬਾਰਿਸ਼ ਆਮ ਨਾਲੋਂ ਘੱਟ ਰਹਿਣ ਦਾ ਖ਼ਤਰਾ ਬਣਿਆ ਰਹੇਗਾ।
ਇਸ ਵਾਰ ਮੌਨਸੂਨੀ ਬਾਰਿਸ਼ ਵਿਚ ਉਤਰਾਅ-ਚੜ੍ਹਾਅ ਵੀ ਇਸ ਅਸਮਾਨਤਾ ਨੂੰ ਦਰਸਾਉਂਦਾ ਹੈ। ਜੂਨ ਵਿਚ ਦੇਸ਼ ਵਿਚ ਆਮ ਤੋਂ ਲਗਪਗ 40 ਪ੍ਰਤੀਸ਼ਤ ਘੱਟ ਬਾਰਿਸ਼ ਹੋਈ ਸੀ ਜਿਸ ਨਾਲ ਸੋਕੇ ਦੀ ਚਿੰਤਾ ਵਧ ਗਈ ਸੀ। ਜੁਲਾਈ ਦੇ ਪਹਿਲੇ ਹਫ਼ਤੇ ਵਿਚ ਚੰਗੀ ਬਾਰਿਸ਼ ਨਾਲ ਸਥਿਤੀ ਕੁਝ ਸੰਭਲ ਗਈ, ਪਰ ਉਸ ਤੋਂ ਬਾਅਦ ਮੌਨਸੂਨ ਬ੍ਰੇਕ ਵਰਗੀ ਸਥਿਤੀ ਬਣ ਗਈ। ਜੁਲਾਈ ਦੇ ਆਖ਼ਰੀ ਹਫ਼ਤੇ ਵਿਚ ਮੌਨਸੂਨ ਦੁਬਾਰਾ ਸਰਗਰਮ ਹੋਇਆ ਅਤੇ ਖ਼ਾਸ ਕਰਕੇ ਮੱਧ ਭਾਰਤ ਵਿਚ ਆਮ ਤੋਂ 41% ਵੱਧ ਬਰਸਾਤ ਦਰਜ ਕੀਤੀ ਗਈ।
ਇਸ ਦਾ ਅਸਰ ਇਹ ਰਿਹਾ ਕਿ 31 ਜੁਲਾਈ ਤੱਕ ਪੂਰੇ ਦੇਸ਼ ਵਿਚ ਬਾਰਿਸ਼ ਦੀ ਕਮੀ ਘਟ ਕੇ 13 ਪ੍ਰਤੀਸ਼ਤ ਰਹਿ ਗਈ। ਫਿਰ ਵੀ ਬਾਰਿਸ਼ ਸੰਤੁਲਿਤ ਨਹੀਂ ਹੈ।
ਅੱਜ ਤੋਂ ਉੱਤਰੀ ਭਾਰਤ ਵਿਚ ਫਿਰ ਤੇਜ਼ ਹੋਵੇਗਾ ਮੌਨਸੂਨ
ਐਤਵਾਰ ਤੋਂ ਮੌਨਸੂਨ ਦੀ ਰੇਖਾ ਉੱਤਰ ਵੱਲ ਵਧਣ ਨਾਲ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਬਾਰਿਸ਼ ਦੀਆਂ ਗਤੀਵਿਧੀਆਂ ਤੇਜ਼ ਹੋ ਸਕਦੀਆਂ ਹਨ। ਬਿਹਾਰ, ਝਾਰਖੰਡ, ਬੰਗਾਲ, ਓਡੀਸ਼ਾ ਅਤੇ ਉੱਤਰੀ-ਪੂਰਬੀ ਰਾਜਾਂ ਵਿਚ ਵੀ ਚੰਗੀ ਬਾਰਿਸ਼ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ।
ਦੁਨੀਆ ਵਿਚ ਸਭ ਤੋਂ ਵੱਧ ਬਾਰਿਸ਼ ਵਾਲੇ ਖੇਤਰਾਂ ਵਿਚ ਸ਼ਾਮਲ ਮੇਘਾਲਿਆ ਵਿਚ ਇਸ ਸਾਲ ਹੁਣ ਤੱਕ ਮੌਨਸੂਨ ਇਕ ਤਰ੍ਹਾਂ ਨਾਲ ਰੁੱਸੀ ਰਹੀ ਹੈ। ਹਾਲਾਤ ਇਹ ਹਨ ਕਿ ਕਦੇ ਆਪਣੇ ਮੋਹਲੇਧਾਰ ਮੀਂਹ ਕਾਰਨ ਵਿਸ਼ਵ ਰਿਕਾਰਡ ਬਣਾਉਣ ਵਾਲੇ ਚਿਰਾਪੂੰਜੀ ਅਤੇ ਮਾਨਸਿਨਰਾਮ ਵਿਚ ਵੀ ਬਰਸਾਤ ਵਿਚ 50 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ।