ਨਸ਼ੇ ’ਚ ਧੁੱਤ ਕਾਰ ਚਾਲਕ ਨੇ ਮਚਾਇਆ ਕਹਿਰ, ਸੜਕ ’ਤੇ ਜਾ ਰਹੇ 7 ਲੋਕਾਂ ਨੂੰ ਕੁਚਲਿਆ; ਡਰਾਈਵਰ ਗ੍ਰਿਫ਼ਤਾਰ, CCTV ਨੇ ਖੋਲ੍ਹੀ ਸਾਰੀ ਪੋਲ ਹੈਦਰਾਬਾਦ ਦੇ ਕਮਲਾ ਨਗਰ ’ਚ ਇੱਕ ਸਾਫਟਵੇਅਰ ਇੰਜੀਨੀਅਰ ਨੇ ਨਸ਼ੇ ਦੀ ਹਾਲਤ ’ਚ ਕਾਰ ਨਾਲ ਪੈਦਲ ਜਾ ਰਹੇ ਸੱਤ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
Publish Date: Fri, 02 Oct 2026 10:42 AM (IST)
Updated Date: Fri, 02 Oct 2026 10:44 AM (IST)
ਡਿਜੀਟਲ ਡੈਸਕ, ਹੈਦਰਾਬਾਦ : ਹੈਦਰਾਬਾਦ ਦੇ ਕਮਲਾ ਨਗਰ ਇਲਾਕੇ ’ਚ ਕੁਸ਼ਾਈਗੁਡਾ ਥਾਣਾ ਖੇਤਰ ’ਚ ਇੱਕ ਸਾਫਟਵੇਅਰ ਇੰਜੀਨੀਅਰ ਦੀ ਕਾਰ ਨੇ ਪੈਦਲ ਜਾ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਹ ਘਟਨਾ 29 ਸਤੰਬਰ ਦੀ ਹੈ। ਇਸ ਮਾਮਲੇ ’ਚ ਕਾਰ ਚਾਲਕ ਦੀ ਪਛਾਣ ਸਾਫਟਵੇਅਰ ਇੰਜੀਨੀਅਰ ਵਜੋਂ ਹੋਈ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਉਹ ਨਸ਼ੇ ’ਚ ਧੁੱਤ ਸੀ। ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਹਾਦਸੇ ’ਚ ਸੱਤ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੀੜਤ ਬਿਹਾਰ ਦੇ ਰਹਿਣ ਵਾਲੇ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ECIL ਇਲਾਕੇ ਦੇ ਇੱਕ ਹਸਪਤਾਲ ’ਚ ਲਿਜਾਇਆ ਗਿਆ।
ਲੋਕਾਂ ਨੂੰ ਕੁਚਲਦੀ ਹੋਈ ਤੇਜ਼ ਰਫ਼ਤਾਰ ਕਾਰ ਘਟਨਾ ਦੀ CCTV ਫੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਦਾ ਇੱਕ ਸਮੂਹ ਸੜਕ ’ਤੇ ਜਾ ਰਿਹਾ ਹੈ। ਕੁਝ ਹੀ ਸਮੇਂ ਬਾਅਦ ਇੱਕ ਕਾਰ ਪਿੱਛੋਂ ਆਉਂਦੀ ਹੈ ਤੇ ਸਾਰਿਆਂ ਨੂੰ ਟੱਕਰ ਮਾਰ ਦਿੰਦੀ ਹੈ।
ਪੁਲਿਸ ਮੁਤਾਬਕ, ਮੁਲਜ਼ਮ ਪਵਨ ਸ਼ਰਾਬ ਦੇ ਨਸ਼ੇ ’ਚ ਗੱਡੀ ਚਲਾ ਰਿਹਾ ਸੀ। ਇਸੇ ਦੌਰਾਨ ਕਾਰ ਸੜਕ ਕਿਨਾਰੇ ਜਾ ਰਹੇ ਪੈਦਲ ਯਾਤਰੀਆਂ ਨਾਲ ਟਕਰਾ ਗਈ। ਘਟਨਾ ਸਮੇਂ ਕਾਰ ’ਚ ਇੱਕ ਹੋਰ ਵਿਅਕਤੀ ਵੀ ਮੌਜੂਦ ਸੀ।
ਕੁਸ਼ਾਈਗੁਡਾ ਪੁਲਿਸ ਨੇ ਪਵਨ ਤੇ ਉਸ ਦੇ ਨਾਲ ਯਾਤਰਾ ਕਰ ਰਹੇ ਦੂਜੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।