ਦੀਵਾਲੀ ਦੀ ਆਤਿਸ਼ਬਾਜ਼ੀ ਬਣੀ ਕਹਿਰ : ਐਨਸੀਆਰ 'ਚ ਕਈ ਥਾਂਵਾਂ 'ਤੇ ਲੱਗੀ ਭਿਆਨਕ ਅੱਗ, ਹੱਥ 'ਚ ਪਟਾਕਾ ਫਟਣ ਨਾਲ 10 ਸਾਲਾ ਮਾਸੂਮ ਦੀ ਮੌਤ
ਇਹ ਘਟਨਾ ਰਾਤ ਕਰੀਬ 9:45 ਵਜੇ ਵਾਪਰੀ। ਬੱਚਾ ਆਪਣੇ ਘਰ ਦੇ ਸਾਹਮਣੇ ਹੱਥ ਵਿੱਚ ਫੜ ਕੇ ਅਨਾਰ ਪਟਾਕਾ ਚਲਾ ਰਿਹਾ ਸੀ। ਇਸੇ ਦੌਰਾਨ ਪਟਾਕਾ ਅਚਾਨਕ ਫਟ ਗਿਆ ਅਤੇ ਉਸ ਦੀ ਛਾਤੀ 'ਤੇ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ
Publish Date: Mon, 09 Nov 2026 12:43 PM (IST)
Updated Date: Mon, 09 Nov 2026 12:50 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਦਿੱਲੀ-NCR ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪੂਜਾ ਕਰਨ ਤੋਂ ਬਾਅਦ ਲੋਕਾਂ ਨੇ ਐਤਵਾਰ ਸ਼ਾਮ ਨੂੰ ਖ਼ੂਬ ਪਟਾਕੇ ਚਲਾਏ ਪਰ ਇਸ ਆਤਿਸ਼ਬਾਜ਼ੀ ਦੌਰਾਨ NCR ਦੇ ਕਈ ਸ਼ਹਿਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ।
ਗਾਜ਼ੀਆਬਾਦ ਵਿੱਚ ਇੱਕ ਸੋਸਾਇਟੀ ਦੇ ਫਲੈਟ ਅਤੇ ਫੋਮ ਫੈਕਟਰੀ ਵਿੱਚ ਅੱਗ ਲੱਗ ਗਈ, ਜਦਕਿ ਗੁਰੂਗ੍ਰਾਮ ਦੇ ਸਦਰ ਬਾਜ਼ਾਰ ਵਿੱਚ ਇੱਕ ਦੁਕਾਨ ਅੱਗ ਦੀ ਲਪੇਟ ਵਿੱਚ ਆ ਗਈ।
ਦੂਜੇ ਪਾਸੇ, ਦਿੱਲੀ ਵਿੱਚ ਅਨਾਰ ਪਟਾਕਾ ਹੱਥ ਵਿੱਚ ਫੜ ਕੇ ਚਲਾਉਂਦੇ ਸਮੇਂ 10 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ।
ਗਾਜ਼ੀਆਬਾਦ ਦੀ ਸੋਸਾਇਟੀ 'ਚ ਲੱਗੀ ਅੱਗ ਗਾਜ਼ੀਆਬਾਦ ਦੇ ਕਰਾਸਿੰਗ ਰਿਪਬਲਿਕ ਸਥਿਤ GH-7 ਸੋਸਾਇਟੀ ਦੇ ਟਾਵਰ ਨੰਬਰ 7 ਦੀ ਦਸਵੀਂ ਮੰਜ਼ਿਲ 'ਤੇ ਐਤਵਾਰ ਰਾਤ ਇੱਕ ਬੰਦ ਫਲੈਟ ਵਿੱਚ ਭਿਆਨਕ ਅੱਗ ਲੱਗ ਗਈ।
ਸੂਚਨਾ ਮਿਲਣ 'ਤੇ ਕਰਾਸਿੰਗ ਰਿਪਬਲਿਕ ਅਤੇ ਕੋਤਵਾਲੀ ਫਾਇਰ ਸਟੇਸ਼ਨ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਅੱਗ ਦੀ ਤੀਬਰਤਾ ਅਤੇ ਧੂੰਏਂ ਨੂੰ ਦੇਖਦਿਆਂ ਵੈਸ਼ਾਲੀ ਫਾਇਰ ਸਟੇਸ਼ਨ ਤੋਂ ਹਾਈਡ੍ਰੌਲਿਕ ਪਲੇਟਫਾਰਮ ਵੀ ਬੁਲਾਇਆ ਗਿਆ।
ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪਾਇਆ ਕਾਬੂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਲਗਪਗ 45 ਮਿੰਟ ਵਿੱਚ ਅੱਗ 'ਤੇ ਕਾਬੂ ਪਾ ਲਿਆ। ਇਸ ਦੌਰਾਨ ਫਲੈਟ ਵਿੱਚ ਰੱਖਿਆ ਘਰੇਲੂ ਸਾਮਾਨ ਸੜ ਕੇ ਨੁਕਸਾਨਿਆ ਗਿਆ। ਹਾਲਾਂਕਿ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਗਾਜ਼ੀਆਬਾਦ ਦੀ ਫੋਮ ਫੈਕਟਰੀ 'ਚ ਲੱਗੀ ਅੱਗ ਗਾਜ਼ੀਆਬਾਦ ਦੇ ਸਾਊਥ ਸਾਈਡ ਜੀਟੀ ਰੋਡ ਇੰਡਸਟਰੀਅਲ ਖੇਤਰ ਵਿੱਚ ਸਥਿਤ ਫੋਮ ਬਣਾਉਣ ਵਾਲੀ ਫੈਕਟਰੀ ਵਿੱਚ ਐਤਵਾਰ ਸ਼ਾਮ ਅੱਗ ਲੱਗ ਗਈ।
ਫੈਕਟਰੀ ਵਿੱਚ ਪਏ ਫੋਮ, ਗੱਤੇ ਅਤੇ ਹੋਰ ਸਾਮਾਨ ਵਿੱਚ ਅੱਗ ਤੇਜ਼ੀ ਨਾਲ ਫੈਲ ਗਈ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਦਿੱਲੀ 'ਚ 10 ਸਾਲਾ ਬੱਚੇ ਦੀ ਮੌਤ ਦਿੱਲੀ ਦੇ ਨਰੇਲਾ ਇਲਾਕੇ ਵਿੱਚ ਐਤਵਾਰ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਹੱਥ ਵਿੱਚ ਫੜ ਕੇ ਅਨਾਰ ਪਟਾਕਾ ਚਲਾਉਂਦੇ ਸਮੇਂ 10 ਸਾਲਾ ਬੱਚੇ ਦੀ ਮੌਤ ਹੋ ਗਈ।
ਬੱਚੇ ਦੀ ਮੌਤ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਆਪਣੇ ਬੱਚੇ ਨੂੰ ਗੁਆਉਣ ਦੇ ਦੁੱਖ ਵਿੱਚ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਕਿਵੇਂ ਵਾਪਰਿਆ ਹਾਦਸਾ ਪੁਲਿਸ ਮੁਤਾਬਕ ਇਹ ਘਟਨਾ ਰਾਤ ਕਰੀਬ 9:45 ਵਜੇ ਵਾਪਰੀ। ਬੱਚਾ ਆਪਣੇ ਘਰ ਦੇ ਸਾਹਮਣੇ ਹੱਥ ਵਿੱਚ ਫੜ ਕੇ ਅਨਾਰ ਪਟਾਕਾ ਚਲਾ ਰਿਹਾ ਸੀ। ਇਸੇ ਦੌਰਾਨ ਪਟਾਕਾ ਅਚਾਨਕ ਫਟ ਗਿਆ ਅਤੇ ਉਸ ਦੀ ਛਾਤੀ 'ਤੇ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਗੁਰੂਗ੍ਰਾਮ ਦੇ ਮਕਾਨ 'ਚ ਲੱਗੀ ਅੱਗ
ਗੁਰੂਗ੍ਰਾਮ ਦੇ DLF ਫੇਜ਼-4 ਸਥਿਤ ਆਰਕਿਡ ਕ੍ਰੈਸੈਂਟ ਦੇ ਮਕਾਨ ਨੰਬਰ 5523 ਦੀ ਜੀ-ਫਲੋਰ 'ਤੇ ਲੱਗੇ ਇਲੈਕਟ੍ਰਿਕ ਪੈਨਲ ਵਿੱਚ ਅੱਗ ਲੱਗ ਗਈ।
ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਸ ਤੋਂ ਇਲਾਵਾ ਸਦਰ ਬਾਜ਼ਾਰ ਵਿੱਚ ਵੀ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਕਾਰਨ ਬਾਜ਼ਾਰ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਪੁਲਿਸ ਲਾਈਨ ਦੇ ਜੇ-ਟਾਵਰ ਵਿੱਚ ਲੱਗੀ ਅੱਗ 'ਤੇ ਵੀ ਫਾਇਰ ਟੀਮ ਨੇ ਸਮੇਂ ਸਿਰ ਕਾਬੂ ਪਾ ਲਿਆ।
ਫਰੀਦਾਬਾਦ 'ਚ ਕਈ ਥਾਵਾਂ 'ਤੇ ਲੱਗੀ ਅੱਗ
ਫਰੀਦਾਬਾਦ ਵਿੱਚ ਦੀਵਾਲੀ ਦੀ ਰਾਤ ਪਟਾਕਿਆਂ ਕਾਰਨ ਵੱਖ-ਵੱਖ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ।
ਮੇਵਲਾ ਮਹਾਰਾਜਪੁਰ ਪਿੰਡ ਨੇੜੇ ਸਥਿਤ ਝੁੱਗੀਆਂ ਵਿੱਚ ਰਾਕੇਟ ਡਿੱਗਣ ਕਾਰਨ ਅੱਗ ਲੱਗ ਗਈ। ਅੱਗ ਨੇ 10 ਤੋਂ 12 ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਰੀਬ 12 ਗੱਡੀਆਂ ਮੌਕੇ 'ਤੇ ਪਹੁੰਚੀਆਂ। ਲਗਭਗ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।