ਦਿਸ਼ਾ ਸਾਲਿਆਨ ਮੌਤ ਕੇਸ : ਆਦਿਤਿਆ ਠਾਕਰੇ ਤੇ ਰੀਆ ਚੱਕਰਵਰਤੀ ਦਾ ਨਾਂ ਵੀ ਆਇਆ ਸਾਹਮਣੇ, CBI ਨੇ ਦਰਜ ਕੀਤੀ FIR
ਦਿਸ਼ਾ ਦੇ ਪਿਤਾ ਨੇ ਕਿਹਾ ਕਿ ਕਥਿਤ ਅਪਰਾਧਾਂ ਦੇ ਸਿਲਸਿਲੇ ਵਿੱਚ ਕਈ ਲੋਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਹਨਾਂ ਅਪਰਾਧਾਂ ਵਿੱਚ ਅਪਰਾਧਿਕ ਸਾਜ਼ਿਸ਼, ਖ਼ੁਦਕੁਸ਼ੀ ਦੀ ਝੂਠੀ ਕਹਾਣੀ ਘੜਨਾ ਤੇ ਫੈਲਾਉਣਾ ਅਤੇ ਸਬੂਤਾਂ ਨੂੰ ਦਬਾਉਣਾ, ਨਸ਼ਟ ਕਰਨਾ ਜਾਂ ਝੂਠੇ ਸਬੂਤ ਤਿਆਰ ਕਰਨਾ ਸ਼ਾਮਲ ਹੈ।
Publish Date: Mon, 14 Sep 2026 04:47 PM (IST)
Updated Date: Mon, 14 Sep 2026 04:50 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਬੰਬੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਨੇ ਸੋਮਵਾਰ ਨੂੰ ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ ਵਿੱਚ ਐੱਫ.ਆਈ.ਆਰ. (FIR) ਦਰਜ ਕਰ ਲਈ ਹੈ। ਦੋ ਦਿਨ ਪਹਿਲਾਂ ਸਾਲਿਆਨ ਦੇ ਪਿਤਾ ਸਤੀਸ਼ ਸਾਲਿਆਨ ਨੇ ਆਪਣੀ ਧੀ ਦੀ ਮੌਤ ਦੀ ਜਾਂਚ ਦੇ ਸਿਲਸਿਲੇ ਵਿੱਚ ਸੀਬੀਆਈ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ।
ਆਪਣੇ ਬਿਆਨ ਵਿੱਚ ਸਤੀਸ਼ ਸਾਲਿਆਨ ਨੇ ਦੋਸ਼ ਲਗਾਇਆ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ, ਉਨ੍ਹਾਂ ਦੇ ਪੁੱਤਰ ਅਤੇ ਸ਼ਿਵ ਸੈਨਾ (UBT) ਨੇਤਾ ਆਦਿਤਿਆ ਠਾਕਰੇ ਸਮੇਤ ਕਈ ਲੋਕਾਂ ਨੇ ਇੱਕ ਕਥਿਤ ਸਾਜ਼ਿਸ਼ ਅਤੇ ਉਸ ਤੋਂ ਬਾਅਦ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਕਈ ਲੋਕਾਂ ਦੀ ਭੂਮਿਕਾ ਦੀ ਹੋਵੇ ਜਾਂਚ: ਦਿਸ਼ਾ ਦੇ ਪਿਤਾ ਬਿਆਨ ਅਨੁਸਾਰ, ਦਿਸ਼ਾ ਦੇ ਪਿਤਾ ਨੇ ਕਿਹਾ ਕਿ ਕਥਿਤ ਅਪਰਾਧਾਂ ਦੇ ਸਿਲਸਿਲੇ ਵਿੱਚ ਕਈ ਲੋਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਹਨਾਂ ਅਪਰਾਧਾਂ ਵਿੱਚ ਅਪਰਾਧਿਕ ਸਾਜ਼ਿਸ਼, ਖ਼ੁਦਕੁਸ਼ੀ ਦੀ ਝੂਠੀ ਕਹਾਣੀ ਘੜਨਾ ਤੇ ਫੈਲਾਉਣਾ ਅਤੇ ਸਬੂਤਾਂ ਨੂੰ ਦਬਾਉਣਾ, ਨਸ਼ਟ ਕਰਨਾ ਜਾਂ ਝੂਠੇ ਸਬੂਤ ਤਿਆਰ ਕਰਨਾ ਸ਼ਾਮਲ ਹੈ।
ਬਿਆਨ ਵਿੱਚ ਜਿਨ੍ਹਾਂ ਲੋਕਾਂ ਦੇ ਨਾਂ ਹਨ, ਉਨ੍ਹਾਂ ਵਿੱਚ ਆਦਿਤਿਆ ਠਾਕਰੇ, ਰੋਹਨ ਰਾਏ, ਡੀਨੋ ਮੋਰੀਆ, ਸੂਰਜ ਪੰਚੋਲੀ, ਆਦਿਤਿਆ ਠਾਕਰੇ ਦੇ ਬਾਡੀਗਾਰਡ, ਰੀਆ ਚੱਕਰਵਰਤੀ, ਸ਼ੋਵਿਕ ਚੱਕਰਵਰਤੀ, ਸਚਿਨ ਵਾਜੇ, ਪਰਮਬੀਰ ਸਿੰਘ, ਡੀਸੀਪੀ ਵਿਸ਼ਾਲ ਠਾਕੁਰ, ਊਧਵ ਠਾਕਰੇ, ਅਨਿਲ ਦੇਸ਼ਮੁਖ ਅਤੇ ਕਈ ਪੁਲਿਸ ਅਧਿਕਾਰੀ ਸ਼ਾਮਲ ਹਨ।
ਬਿਆਨ ਵਿੱਚ ਮਾਲਵਣੀ ਪੁਲਿਸ ਸਟੇਸ਼ਨ ਨਾਲ ਜੁੜੇ ਅਧਿਕਾਰੀਆਂ, ਪੋਸਟਮਾਰਟਮ ਵਿੱਚ ਦੇਰੀ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਡਾਕਟਰਾਂ ਤੇ ਸਟਾਫ਼, ਕਾਲੀਨਾ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਸਟਾਫ਼, ਰੀਜੈਂਟ ਗੈਲੇਕਸੀ ਬਿਲਡਿੰਗ ਦੇ ਸੁਰੱਖਿਆ ਗਾਰਡਾਂ ਅਤੇ ਕਈ ਹੋਰਾਂ ਦੇ ਨਾਂ ਵੀ ਸ਼ਾਮਲ ਹਨ।
ਸੀਬੀਆਈ ਨੇ ਪੁਲਿਸ ਨੂੰ ਲਿਖੀ ਚਿੱਠੀ
ਇਸ ਤੋਂ ਪਹਿਲਾਂ, ਕੇਂਦਰੀ ਜਾਂਚ ਏਜੰਸੀ ਨੇ ਆਪਣੀ ਜਾਂਚ ਨੂੰ ਅੱਗੇ ਵਧਾਉਣ ਲਈ ਦਿਸ਼ਾ ਸਾਲਿਆਨ ਦੀ ਮੌਤ ਨਾਲ ਜੁੜੇ ਸਾਰੇ ਦਸਤਾਵੇਜ਼ ਅਤੇ ਰਿਕਾਰਡ ਮੰਗਣ ਲਈ ਮਾਲਵਣੀ ਪੁਲਿਸ ਨੂੰ ਚਿੱਠੀ ਲਿਖੀ ਸੀ। ਇਹ ਘਟਨਾਕ੍ਰਮ ਬੰਬੇ ਹਾਈ ਕੋਰਟ ਦੇ ਉਸ ਹੁਕਮ ਤੋਂ ਬਾਅਦ ਹੋਇਆ ਹੈ ਜਿਸ ਵਿੱਚ ਇਸ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰਨ ਅਤੇ ਸੀਬੀਆਈ ਤੋਂ ਨਵੀਂ ਜਾਂਚ ਕਰਵਾਉਣ ਲਈ ਕਿਹਾ ਗਿਆ ਸੀ। ਕੋਰਟ ਨੇ ਜਾਂਚ ਦੀ ਨਿਗਰਾਨੀ ਲਈ ਇੱਕ ਸੀਨੀਅਰ ਸੀਬੀਆਈ ਅਧਿਕਾਰੀ ਨੂੰ ਨਿਯੁਕਤ ਕਰਨ ਦਾ ਵੀ ਨਿਰਦੇਸ਼ ਦਿੱਤਾ।
ਸੈਲੇਬ੍ਰਿਟੀ ਮੈਨੇਜਰ ਵਜੋਂ ਕੰਮ ਕਰਨ ਵਾਲੀ ਦਿਸ਼ਾ ਸਾਲਿਆਨ ਦੀ ਜੂਨ 2020 ਵਿੱਚ ਮੁੰਬਈ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੋਈ ਸੀ, ਜਿਸ ਨਾਲ ਦੋਵਾਂ ਮਾਮਲਿਆਂ ਨਾਲ ਜੁੜੀਆਂ ਪ੍ਰਸਥਿਤੀਆਂ ਦੀ ਵਿਸਥਾਰਤ ਜਾਂਚ ਦੀ ਮੰਗ ਅਤੇ ਅਟਕਲਾਂ ਸ਼ੁਰੂ ਹੋ ਗਈਆਂ ਸਨ।