ਕਟੜਾ 'ਚ ਆਫ਼ਤ: ਭਾਰੀ ਮੀਂਹ ਤੇ ਲੈਂਡਸਲਾਈਡ ਕਾਰਨ ਵੈਸ਼ਨੋ ਦੇਵੀ ਯਾਤਰਾ ਰੋਕੀ, 10,000 ਸ਼ਰਧਾਲੂ ਫਸੇ ਮੌਸਮ ਵਿਭਾਗ ਦੀ ਚਿਤਾਵਨੀ ਅਤੇ ਸ਼ਨੀਵਾਰ ਦੇਰ ਰਾਤ ਤੋਂ ਐਤਵਾਰ ਸਵੇਰ ਤੱਕ ਹੋਈ ਮੂਸਲਾਧਾਰ ਬਾਰਸ਼ ਦੇ ਚਲਦਿਆਂ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਇਹਤਿਆਤ ਵਜੋਂ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਫਿਲਹਾਲ ਆਰਜ਼ੀ ਤੌਰ 'ਤੇ ਮੁਲਤਵੀ ਕਰ ਦਿੱਤਾ ਹੈ। ਯਾਤਰਾ ਮੁਲਤਵੀ ਹੋਣ ਕਾਰਨ ਕਰੀਬ 10 ਹਜ਼ਾਰ ਸ਼ਰਧਾਲੂ ਕਟੜਾ 'ਚ ਰੁਕੇ ਹੋਏ ਹਨ ਅਤੇ ਯਾਤਰਾ ਦੁਬਾਰਾ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
Publish Date: Sun, 19 Jul 2026 02:59 PM (IST)
Updated Date: Sun, 19 Jul 2026 03:00 PM (IST)
ਰਾਕੇਸ਼ ਸ਼ਰਮਾ, ਕਟੜਾ : ਮੌਸਮ ਵਿਭਾਗ ਦੀ ਚਿਤਾਵਨੀ ਅਤੇ ਸ਼ਨੀਵਾਰ ਦੇਰ ਰਾਤ ਤੋਂ ਐਤਵਾਰ ਸਵੇਰ ਤੱਕ ਹੋਈ ਮੂਸਲਾਧਾਰ ਬਾਰਸ਼ ਦੇ ਚਲਦਿਆਂ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਇਹਤਿਆਤ ਵਜੋਂ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਫਿਲਹਾਲ ਆਰਜ਼ੀ ਤੌਰ 'ਤੇ ਮੁਲਤਵੀ ਕਰ ਦਿੱਤਾ ਹੈ। ਯਾਤਰਾ ਮੁਲਤਵੀ ਹੋਣ ਕਾਰਨ ਕਰੀਬ 10 ਹਜ਼ਾਰ ਸ਼ਰਧਾਲੂ ਕਟੜਾ 'ਚ ਰੁਕੇ ਹੋਏ ਹਨ ਅਤੇ ਯਾਤਰਾ ਦੁਬਾਰਾ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
ਭਾਰੀ ਬਾਰਸ਼ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਤ੍ਰਿਕੁਟਾ ਪਰਬਤ 'ਤੇ ਲਗਾਤਾਰ ਬੱਦਲ ਛਾਏ ਹੋਏ ਹਨ, ਜਿਸ ਕਾਰਨ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ। ਸਥਾਨਕ ਪ੍ਰਸ਼ਾਸਨ, ਪੁਲਿਸ ਅਤੇ ਸ਼੍ਰਾਈਨ ਬੋਰਡ ਮੌਸਮ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਮੌਸਮ 'ਚ ਸੁਧਾਰ ਹੋਣ ਤੋਂ ਬਾਅਦ ਹੀ ਯਾਤਰਾ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਜਾਵੇਗਾ।
ਬੀਤੀ ਰਾਤ ਹੋਈ ਤੇਜ਼ ਬਾਰਸ਼ ਕਾਰਨ ਮਾਂ ਵੈਸ਼ਨੋ ਦੇਵੀ ਦੇ ਮਹੱਤਵਪੂਰਨ ਬੈਟਰੀ ਕਾਰ ਮਾਰਗ ਦੇ ਸਤਿਆ ਭੋਜਨਾਲਿਆ ਖੇਤਰ 'ਚ ਪਹਾੜੀ ਤੋਂ ਚੱਟਾਨਾਂ, ਕੰਕਰ-ਪੱਥਰ ਅਤੇ ਮਲਬਾ ਡਿੱਗਣ ਦੀ ਸੂਚਨਾ ਮਿਲੀ ਹੈ। ਇਸ ਤੋਂ ਇਲਾਵਾ ਭੈਰਵ ਘਾਟੀ ਮਾਰਗ 'ਤੇ ਵੀ ਅੰਸ਼ਕ ਤੌਰ 'ਤੇ ਢਿੱਗਾਂ ਡਿੱਗਣ (ਭੂਸਖਲਨ) ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸ਼੍ਰਾਈਨ ਬੋਰਡ ਦੀ ਆਫ਼ਤ ਪ੍ਰਬੰਧਨ ਟੀਮ, ਸਫ਼ਾਈ ਕਰਮਚਾਰੀ ਅਤੇ ਹੋਰ ਸਬੰਧਤ ਵਿਭਾਗਾਂ ਦੀਆਂ ਟੀਮਾਂ ਜੰਗੀ ਪੱਧਰ 'ਤੇ ਰਸਤਿਆਂ ਨੂੰ ਬਹਾਲ ਕਰਨ 'ਚ ਜੁਟੀਆਂ ਹੋਈਆਂ ਹਨ।
ਸ਼੍ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ
ਯਾਤਰਾ ਮੁਲਤਵੀ ਹੋਣ ਕਾਰਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਦੇ ਲਈ ਸ਼੍ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਵੱਡੀ ਗਿਣਤੀ 'ਚ ਸ਼ਰਧਾਲੂ ਸਥਾਨਕ ਹੋਟਲਾਂ, ਗੈਸਟ ਹਾਊਸਾਂ ਅਤੇ ਧਰਮਸ਼ਾਲਾਵਾਂ 'ਚ ਠਹਿਰੇ ਹੋਏ ਹਨ।
ਐਤਵਾਰ ਨੂੰ ਦਿਨ ਭਰ ਬਾਰਸ਼ ਨਹੀਂ ਹੋਈ, ਪਰ ਅਸਮਾਨ 'ਚ ਬੱਦਲ ਛਾਏ ਰਹੇ ਅਤੇ ਤ੍ਰਿਕੁਟਾ ਪਰਬਤ 'ਤੇ ਵੀ ਸੰਘਣੇ ਬੱਦਲਾਂ ਦਾ ਡੇਰਾ ਬਣਿਆ ਰਿਹਾ। ਮੌਸਮ ਦੀਆਂ ਖ਼ਰਾਬ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਹੈਲੀਕਾਪਟਰ ਸੇਵਾ, ਬੈਟਰੀ ਕਾਰ ਸੇਵਾ, ਰੋਪਵੇਅ ਅਤੇ ਕੇਬਲ ਕਾਰ ਸੇਵਾਵਾਂ ਵੀ ਫਿਲਹਾਲ ਬੰਦ ਰੱਖੀਆਂ ਗਈਆਂ ਹਨ। ਯਾਤਰਾ ਮੁਲਤਵੀ ਹੋਣ ਦੇ ਚਲਦਿਆਂ ਬਹੁਤੇ ਸ਼ਰਧਾਲੂ ਦਿਨ ਭਰ ਮੁੱਖ ਪ੍ਰਵੇਸ਼ ਦੁਆਰ 'ਦਰਸ਼ਨੀ ਡਿਓੜੀ' 'ਤੇ ਪਹੁੰਚ ਕੇ ਮਾਂ ਵੈਸ਼ਨੋ ਦੇਵੀ ਅੱਗੇ ਨਤਮਸਤਕ ਹੁੰਦੇ ਅਤੇ ਯਾਤਰਾ ਜਲਦੀ ਸ਼ੁਰੂ ਹੋਣ ਦੀ ਪ੍ਰਾਰਥਨਾ ਕਰਦੇ ਨਜ਼ਰ ਆਏ।