- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਧਾਨੀ ਦਿੱਲੀ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਚ ਕਾਰ ਚਾਲਕ ਸਭ ਤੋਂ ਅੱਗੇ ਹਨ। ਉਨ੍ਹਾਂ ਦੇ 17.56 ਲੱਖ ਚਲਾਨ ਕੀਤੇ ਗਏ ਹਨ। ਕੈਮਰਿਆਂ ਰਾਹੀਂ ਕੁੱਲ 38.95 ਲੱਖ ਚਲਾਨ ਜਾਰੀ ਕੀਤੇ ਗਏ ਹਨ, ਜੋ ਪਿਛਲੇ ਸਾਲ ਨਾਲੋਂ 1.60 ਲੱਖ ਵੱਧ ਹਨ।

ਮੁਹੰਮਦ ਸਾਕਿਬ, ਨਵੀਂ ਦਿੱਲੀ : ਦਿੱਲੀ ਦੀਆਂ ਸੜਕਾਂ ’ਤੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ’ਤੇ ਕੈਮਰਿਆਂ ਦੀ ਨਿਗਰਾਨੀ ਲਗਾਤਾਰ ਵਧ ਰਹੀ ਹੈ। ਇਸ ਸਾਲ 20 ਸਤੰਬਰ ਤੱਕ ਕੈਮਰਿਆਂ ਰਾਹੀਂ ਵੱਖ-ਵੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ 38,95,591 ਚਲਾਨ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚ ਸਭ ਤੋਂ ਵੱਧ 17,56,160 ਚਲਾਨ ਕਾਰ ਚਾਲਕਾਂ ਦੇ ਹਨ, ਜਦਕਿ ਦੋਪਹੀਆ ਵਾਹਨ ਚਾਲਕ 12,42,653 ਚਲਾਨਾਂ ਨਾਲ ਦੂਜੇ ਸਥਾਨ ’ਤੇ ਹਨ।
ਇੱਕ ਸਾਲ ’ਚ 1.60 ਲੱਖ ਵਧੇ ਕੈਮਰਾ ਚਲਾਨ
ਟ੍ਰੈਫਿਕ ਪੁਲਿਸ ਦੇ ਅੰਕੜਿਆਂ ਮੁਤਾਬਕ, ਪਿਛਲੇ ਸਾਲ 20 ਸਤੰਬਰ ਤੱਕ ਕੈਮਰਿਆਂ ਰਾਹੀਂ 37,34,673 ਚਲਾਨ ਜਾਰੀ ਕੀਤੇ ਗਏ ਸਨ। ਇਸ ਸਾਲ ਇਸੇ ਮਿਆਦ ’ਚ ਇਹ ਗਿਣਤੀ ਵਧ ਕੇ 38,95,591 ਹੋ ਗਈ। ਯਾਨੀ ਇੱਕ ਸਾਲ ’ਚ ਕੈਮਰਾ ਆਧਾਰਿਤ ਚਲਾਨਾਂ ਦੀ ਗਿਣਤੀ ’ਚ 1,60,918 ਦਾ ਵਾਧਾ ਹੋਇਆ ਹੈ। ਕੈਮਰਿਆਂ ਰਾਹੀਂ ਚਲਾਨ ਜਾਰੀ ਹੋਣ ਨਾਲ ਨਿਯਮਾਂ ਦੀ ਉਲੰਘਣਾ ’ਤੇ ਨਿਗਰਾਨੀ ਦਾ ਦਾਇਰਾ ਵਧਿਆ ਹੈ। ਮੁੱਖ ਮਾਰਗਾਂ, ਚੌਰਾਹਿਆਂ ਤੇ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਮੁਲਾਜ਼ਮ ਦੀ ਮੌਕੇ ’ਤੇ ਮੌਜੂਦਗੀ ਤੋਂ ਬਿਨਾਂ ਵੀ ਵਾਹਨਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਕਾਰ ਚਾਲਕਾਂ ਦੇ ਸਭ ਤੋਂ ਵੱਧ ਚਲਾਨ
20 ਸਤੰਬਰ ਤੱਕ ਕੈਮਰਿਆਂ ਰਾਹੀਂ ਜਾਰੀ ਕੀਤੇ ਗਏ ਚਲਾਨਾਂ ’ਚ ਕਾਰ ਚਾਲਕ ਸਭ ਤੋਂ ਅੱਗੇ ਰਹੇ। ਇਸ ਤੋਂ ਬਾਅਦ ਦੋਪਹੀਆ ਵਾਹਨ ਚਾਲਕਾਂ ਦਾ ਨੰਬਰ ਹੈ। ਉੱਥੇ ਹੀ ਟੈਕਸੀਆਂ ਦੇ 5,22,668, ਹਲਕੇ ਮਾਲਵਾਹਕ ਵਾਹਨਾਂ ਦੇ 1,34,856 ਤੇ ਤਿੰਨ ਪਹੀਆ ਵਾਹਨਾਂ ਦੇ 80,097 ਚਲਾਨ ਜਾਰੀ ਕੀਤੇ ਗਏ।
ਕੈਮਰਿਆਂ ਰਾਹੀਂ ਜਾਰੀ ਕੀਤੇ ਚਲਾਨਾਂ ਦਾ ਅੰਕੜਾ
| ਵਾਹਨ | ਪਿਛਲਾ ਸਾਲ | ਇਸ ਸਾਲ |
|---|---|---|
| ਦੋਪਹੀਆ | 6,55,969 | 12,42,653 |
| ਤਿੰਨ ਪਹੀਆ | 94,009 | 80,097 |
| ਈ-ਰਿਕਸ਼ਾ | 37,233 | 44,717 |
| ਭਾਰੀ ਮਾਲਵਾਹਕ ਵਾਹਨ | 17,912 | 25,370 |
| ਮੱਧਮ ਸ਼੍ਰੇਣੀ ਦੇ ਵਾਹਨ | 7,381 | 11,853 |
| ਹਲਕੇ ਮਾਲਵਾਹਕ ਵਾਹਨ | 1,30,107 | 1,34,856 |
| ਕਾਰ | 20,88,123 | 17,56,160 |
| ਬੱਸ | 34,999 | 29,481 |
| ਟੈਕਸੀ | 6,67,273 | 5,22,668 |
| ਹੋਰ ਵਾਹਨ | 1,667 | 47,736 |
ਨੋਟ: ਅੰਕੜੇ 20 ਸਤੰਬਰ ਤੱਕ ਦੇ ਹਨ।
AI ਸਮਾਰਟ ਕੈਮਰਿਆਂ ਨਾਲ ਵੀ ਨਿਗਰਾਨੀ
ਟ੍ਰੈਫਿਕ ਪੁਲਿਸ ITMS (ਇੰਟੀਗ੍ਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ), ANPR (ਆਟੋਮੈਟਿਕ ਨੰਬਰ ਪਲੇਟ ਰਿਕਗਨਿਸ਼ਨ), AI ਆਧਾਰਿਤ ਸਮਾਰਟ ਕੈਮਰਿਆਂ ਦੇ ਨਾਲ OSVD (ਓਵਰ ਸਪੀਡ ਵਾਇਲੇਸ਼ਨ ਡਿਟੈਕਸ਼ਨ) ਤੇ RLVD (ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ) ਕੈਮਰਿਆਂ ਦੀ ਵਰਤੋਂ ਕਰ ਰਹੀ ਹੈ। ਇਨ੍ਹਾਂ ਪ੍ਰਣਾਲੀਆਂ ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਪਛਾਣ ਕਰਕੇ ਚਲਾਨ ਜਾਰੀ ਕੀਤੇ ਜਾ ਰਹੇ ਹਨ।
ਗਲਤ ਦਿਸ਼ਾ ’ਚ ਵਾਹਨ ਚਲਾਉਣ ’ਤੇ 417 FIR
ਸੜਕ ਹਾਦਸਿਆਂ ਨੂੰ ਰੋਕਣ ਤੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਨਵੀਂ ਦਿੱਲੀ ਰੇਂਜ ਟ੍ਰੈਫਿਕ ਪੁਲਿਸ ਨੇ ਪਿਛਲੇ ਇੱਕ ਹਫ਼ਤੇ ਦੌਰਾਨ ਗਲਤ ਦਿਸ਼ਾ ’ਚ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾਈ। ਨਵੀਂ ਦਿੱਲੀ ਤੇ ਦੱਖਣ-ਪੱਛਮੀ ਜ਼ਿਲ੍ਹੇ ਦੇ 11 ਟ੍ਰੈਫਿਕ ਸਰਕਲਾਂ ’ਚ ਕਾਰਵਾਈ ਦੌਰਾਨ 915 ਚਲਾਨ ਕੀਤੇ ਗਏ ਤੇ ਕਾਨੂੰਨ ਮੁਤਾਬਕ FIR ਵੀ ਦਰਜ ਕੀਤੀਆਂ ਗਈਆਂ। ਇਸ ਸਾਲ ਹੁਣ ਤੱਕ ਗਲਤ ਦਿਸ਼ਾ ’ਚ ਵਾਹਨ ਚਲਾਉਣ ’ਤੇ 33,005 ਚਲਾਨ ਤੇ 417 FIR ਦਰਜ ਹੋ ਚੁੱਕੀਆਂ ਹਨ।
ਗਲਤ ਪਾਰਕਿੰਗ ’ਤੇ ਵੀ ਕਾਰਵਾਈ
ਦੱਖਣੀ ਰੇਂਜ ਟ੍ਰੈਫਿਕ ਪੁਲਿਸ ਨੇ ਸਥਾਨਕ ਪੁਲਿਸ ਦੇ ਨਾਲ 19 ਤੇ 20 ਸਤੰਬਰ ਨੂੰ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾਈ। ਇਸ ਦੌਰਾਨ ਗਲਤ ਪਾਰਕਿੰਗ ਦੇ 829 ਚਲਾਨ ਕੀਤੇ ਗਏ। ਇਨ੍ਹਾਂ ’ਚ 266 ਈ-ਚਲਾਨ ਤੇ 563 ਚਲਾਨ ਦਿੱਲੀ ਟ੍ਰੈਫਿਕ ਪੁਲਿਸ ਦੀ ਅਧਿਕਾਰਤ ਮੋਬਾਈਲ ਐਪ ਰਾਹੀਂ ਕੀਤੇ ਗਏ। ਇਸ ਤੋਂ ਇਲਾਵਾ 98 ਰੇਹੜੀਆਂ-ਫੜ੍ਹੀਆਂ ਹਟਾਈਆਂ ਗਈਆਂ ਤੇ ਅੱਠ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਟੋ ਕੀਤਾ ਗਿਆ।