ਦਿੱਲੀ ਪੁਲਿਸ ਨੇ ਜੰਤਰ-ਮੰਤਰ ਹਿੰਸਾ ਤੋਂ ਲਿਆ ਸਬਕ, ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਖੁਫੀਆ ਵਿਭਾਗ ਨੂੰ 10 ਜਾਣਕਾਰੀਆਂ ਜੁਟਾਉਣ ਦਾ ਹੁਕਮ
ਸੂਤਰਾਂ ਅਨੁਸਾਰ, ਦਿੱਲੀ ਪੁਲਿਸ ਨੇ ਖੁਫੀਆ ਵਿਭਾਗ (ਇੰਟੈਲੀਜੈਂਸ ਵਿੰਗ) ਨੂੰ ਨਿਰਦੇਸ਼ ਜਾਰੀ ਕਰਕੇ ਪ੍ਰਦਰਸ਼ਨਾਂ ਤੋਂ ਪਹਿਲਾਂ ਘੱਟੋ-ਘੱਟ 10 ਮਹੱਤਵਪੂਰਨ ਜਾਣਕਾਰੀਆਂ ਲਾਜ਼ਮੀ ਤੌਰ 'ਤੇ ਇਕੱਠੀਆਂ ਕਰਨ ਅਤੇ ਉਨ੍ਹਾਂ ਦਾ ਡੂੰਘਾ ਵਿਸ਼ਲੇਸ਼ਣ ਕਰਨ ਲਈ ਕਿਹਾ ਹੈ।
Publish Date: Tue, 25 Aug 2026 12:54 PM (IST)
Updated Date: Tue, 25 Aug 2026 12:56 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਕਿਸੇ ਵੀ ਵਿਰੋਧ ਪ੍ਰਦਰਸ਼ਨ ਜਾਂ ਅੰਦੋਲਨ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਦਿੱਲੀ ਪੁਲਿਸ ਨੇ ਇੱਕ ਨਵੀਂ ਰਣਨੀਤੀ ਤਿਆਰ ਕੀਤੀ ਹੈ।
ਸੂਤਰਾਂ ਅਨੁਸਾਰ, ਦਿੱਲੀ ਪੁਲਿਸ ਨੇ ਖੁਫੀਆ ਵਿਭਾਗ (ਇੰਟੈਲੀਜੈਂਸ ਵਿੰਗ) ਨੂੰ ਨਿਰਦੇਸ਼ ਜਾਰੀ ਕਰਕੇ ਪ੍ਰਦਰਸ਼ਨਾਂ ਤੋਂ ਪਹਿਲਾਂ ਘੱਟੋ-ਘੱਟ 10 ਮਹੱਤਵਪੂਰਨ ਜਾਣਕਾਰੀਆਂ ਲਾਜ਼ਮੀ ਤੌਰ 'ਤੇ ਇਕੱਠੀਆਂ ਕਰਨ ਅਤੇ ਉਨ੍ਹਾਂ ਦਾ ਡੂੰਘਾ ਵਿਸ਼ਲੇਸ਼ਣ ਕਰਨ ਲਈ ਕਿਹਾ ਹੈ।
ਅਧਿਕਾਰੀ ਸਮੇਤ ਕਈ ਪੁਲਿਸ ਕਰਮੀ ਹੋਏ ਸਨ ਜ਼ਖ਼ਮੀ
ਦਿੱਲੀ ’ਚ 20 ਜੁਲਾਈ ਨੂੰ ਜੰਤਰ-ਮੰਤਰ 'ਤੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਤੋਂ ਸਬਕ ਲੈਂਦਿਆਂ ਦਿੱਲੀ ਪੁਲਿਸ ਨੇ ਆਪਣੀ ਖੁਫੀਆ ਜਾਣਕਾਰੀ ਇਕੱਠੀ ਕਰਨ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਇਹ ਅਹਿਮ ਫ਼ੈਸਲਾ ਲਿਆ ਹੈ। ਉਸ ਸਮੇਂ ਹਿੰਸਾ ਵਿੱਚ ਅਧਿਕਾਰੀ ਸਮੇਤ ਕਈ ਪੁਲਿਸ ਕਰਮੀ ਜ਼ਖ਼ਮੀ ਹੋ ਗਏ ਸਨ।
ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼
ਦੱਸ ਦਈਏ ਕਿ 20 ਜੁਲਾਈ ਨੂੰ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਹਜ਼ਾਰਾਂ ਨੌਜਵਾਨਾਂ ਨੇ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਹਾਲਾਤ ਬੇਕਾਬੂ ਹੋ ਗਏ ਸਨ ਅਤੇ ਪੁਲਿਸ ਤੇ ਭੀੜ ਵਿਚਕਾਰ ਝੜਪ ਹੋ ਗਈ ਸੀ। ਉੱਥੇ ਹੀ, ਕੁਝ ਅਸਮਾਜਿਕ ਤੱਤਾਂ ਨੇ ਪੁਲਿਸ ਟੀਮ 'ਤੇ ਪੱਥਰਬਾਜ਼ੀ ਕੀਤੀ ਸੀ।
ਦਿੱਲੀ ਵਿੱਚ ਪ੍ਰਦਰਸ਼ਨਾਂ ਦੌਰਾਨ ਸਹੀ ਜਾਣਕਾਰੀਆਂ ਦੀ ਘਾਟ ਨੂੰ ਗੰਭੀਰਤਾ ਨਾਲ ਲੈਂਦਿਆਂ ਦਿੱਲੀ ਪੁਲਿਸ ਨੇ ਆਪਣੀ ਖੁਫੀਆ ਪ੍ਰਣਾਲੀ ਦੀ ਵਿਆਪਕ ਸਮੀਖਿਆ ਸ਼ੁਰੂ ਕਰ ਦਿੱਤੀ ਹੈ।
ਵੱਡਾ ਬਦਲਾਅ ਕਰਨ ਦਾ ਫ਼ੈਸਲਾ
ਪੁਲਿਸ ਸੂਤਰਾਂ ਮੁਤਾਬਕ, ਉੱਚ ਅਧਿਕਾਰੀਆਂ ਨੂੰ ਹਾਲ ਹੀ ਦੇ ਆਯੋਜਨਾਂ ਵਿੱਚ ਪ੍ਰਦਰਸ਼ਨਕਾਰੀਆਂ ਦੀ ਅਸਲ ਗਿਣਤੀ, ਉਨ੍ਹਾਂ ਦੇ ਸੰਗਠਨ ਦੇ ਢਾਂਚੇ ਅਤੇ ਵੱਖ-ਵੱਖ ਭਾਗੀਦਾਰ ਸਮੂਹਾਂ ਦੀ ਭੂਮਿਕਾ ਬਾਰੇ ਲੋੜੀਂਦੀ ਪੂਰਵ ਸੂਚਨਾ ਨਾ ਮਿਲਣ ਦੀ ਘਾਟ ਮਹਿਸੂਸ ਹੋਈ ਸੀ। ਇਸੇ ਪਿਛੋਕੜ ਤਹਿਤ ਦਿੱਲੀ ਪੁਲਿਸ ਮੁੱਖ ਦਫ਼ਤਰ ਨੇ ਸਪੈਸ਼ਲ ਬ੍ਰਾਂਚ (ਵਿਸ਼ੇਸ਼ ਸ਼ਾਖਾ) ਦੀ ਕਾਰਜਪ੍ਰਣਾਲੀ ਵਿੱਚ ਵੱਡਾ ਬਦਲਾਅ ਕਰਨ ਦਾ ਫ਼ੈਸਲਾ ਲਿਆ ਹੈ।
ਕਿਵੇਂ ਕੰਮ ਕਰੇਗੀ ਵਿਸ਼ੇਸ਼ ਟੀਮ
ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਦਿੱਲੀ ਪੁਲਿਸ ਨੇ ਆਪਣੀ ਰਣਨੀਤੀ ਦਾ ਦਾਇਰਾ ਹੋਰ ਵਧਾ ਦਿੱਤਾ ਹੈ। ਪੁਲਿਸ ਹੁਣ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਵਿਅਕਤੀਆਂ ਦੀ ਵਿਸਤ੍ਰਿਤ ਪ੍ਰੋਫਾਈਲ ਤਿਆਰ ਕਰੇਗੀ। ਇਸ ਤਹਿਤ ਇਹ ਪਤਾ ਲਗਾਇਆ ਜਾਵੇਗਾ ਕਿ ਪ੍ਰਦਰਸ਼ਨਕਾਰੀ ਕਿਹੜੇ-ਕਿਹੜੇ ਰਾਜਾਂ ਤੋਂ ਆ ਰਹੇ ਹਨ, ਉਨ੍ਹਾਂ ਦੀ ਗਿਣਤੀ ਕਿੰਨੀ ਹੈ ਅਤੇ ਉਨ੍ਹਾਂ ਨੂੰ ਲਾਮਬੰਦ ਕਰਨ ਲਈ ਕਿਨ੍ਹਾਂ ਮਾਧਿਅਮਾਂ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ, ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ਤੇ ਆਯੋਜਕਾਂ ਦੀ ਭੂਮਿਕਾ, ਉਨ੍ਹਾਂ ਦੇ ਮੁੱਖ ਏਜੰਡੇ ਅਤੇ ਮੰਗਾਂ ਦਾ ਵੀ ਪੂਰਵ-ਵਿਸ਼ਲੇਸ਼ਣ ਕੀਤਾ ਜਾਵੇਗਾ।
ਰਣਨੀਤੀ ’ਚ ਮੁੱਖ ਬਦਲਾਅ
ਵਿਆਪਕ ਇਨਪੁਟ 'ਤੇ ਜ਼ੋਰ: ਵਿਸ਼ੇਸ਼ ਸ਼ਾਖਾ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸਿਰਫ਼ ਪ੍ਰਦਰਸ਼ਨ ਸਥਲ ਅਤੇ ਭੀੜ ਦੇ ਅਨੁਮਾਨਿਤ ਆਕਾਰ ਤੱਕ ਸੀਮਤ ਨਾ ਰਹੇ, ਸਗੋਂ ਜ਼ਮੀਨੀ ਪੱਧਰ ਤੋਂ ਵਿਸਤ੍ਰਿਤ ਅਤੇ ਕਾਰਵਾਈਯੋਗ ਖੁਫੀਆ ਜਾਣਕਾਰੀ ਇਕੱਠੀ ਕਰੇ।
ਸੰਗਠਨਾਤਮਕ ਭੂਮਿਕਾ ਦਾ ਵਿਸ਼ਲੇਸ਼ਣ: ਅੰਦੋਲਨ ਜਾਂ ਪ੍ਰਦਰਸ਼ਨ ਦੇ ਪਿੱਛੇ ਕਿਹੜੇ-ਕਿਹੜੇ ਸੰਗਠਨ ਸਰਗਰਮ ਹਨ, ਉਨ੍ਹਾਂ ਦੀ ਮੁੱਖ ਯੋਜਨਾ ਕੀ ਹੈ ਅਤੇ ਕਿਨ੍ਹਾਂ ਸਮੂਹਾਂ ਦਾ ਸਮਰਥਨ ਪ੍ਰਾਪਤ ਹੈ, ਇਸ ਦੀ ਪੂਰੀ ਮੈਪਿੰਗ ਕੀਤੀ ਜਾਵੇਗੀ।
ਰਣਨੀਤਕ ਤਿਆਰੀ: ਪੂਰਵ ਸੂਚਨਾਵਾਂ ਨੂੰ ਵਧੇਰੇ ਸਟੀਕ ਬਣਾ ਕੇ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਪੁਲਿਸ ਬਲ ਦੀ ਤਾਇਨਾਤੀ ਅਤੇ ਸੁਰੱਖਿਆ ਘੇਰੇ ਨੂੰ ਪਹਿਲਾਂ ਨਾਲੋਂ ਵੱਧ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।
ਲੌਜਿਸਟਿਕਸ ਅਤੇ ਸਥਾਨਕ ਸੰਪਰਕਾਂ 'ਤੇ ਤਿੱਖੀ ਨਜ਼ਰ
ਰੁਕਣ ਦੇ ਠਾਹਰ ਅਤੇ ਰੂਟ ਮੈਪ: ਪੁਲਿਸ ਪ੍ਰਦਰਸ਼ਨਕਾਰੀਆਂ ਦੇ ਦਿੱਲੀ ’ਚ ਰੁਕਣ ਦੇ ਸਥਾਨਾਂ, ਉਨ੍ਹਾਂ ਦੇ ਆਉਣ-ਜਾਉਣ ਵਾਲੇ ਖੇਤਰਾਂ ਅਤੇ ਸਥਾਨਕ ਸੰਪਰਕਾਂ ਦੀ ਪੂਰੀ ਜਾਣਕਾਰੀ ਇਕੱਠੀ ਕਰੇਗੀ।
ਸੰਗਠਨਾਤਮਕ ਜੁੜਾਵ ਦੀ ਪਛਾਣ: ਪ੍ਰਦਰਸ਼ਨ ’ਚ ਹਿੱਸਾ ਲੈ ਰਹੇ ਲੋਕਾਂ ਦਾ ਕਿਨ੍ਹਾਂ-ਕਿਹੜੇ ਸੰਗਠਨਾਂ ਨਾਲ ਸੰਬੰਧ ਹੈ, ਇਸ ਦਾ ਵੇਰਵਾ ਤਿਆਰ ਕੀਤਾ ਜਾਵੇਗਾ।
ਫੰਡਿੰਗ ਅਤੇ ਪ੍ਰਬੰਧਾਂ ਦੀ ਜਾਂਚ: ਵਿਰੋਧ ਪ੍ਰਦਰਸ਼ਨ ਲਈ ਸੰਭਾਵਿਤ ਵਿੱਤੀ ਸਰੋਤਾਂ (ਫੰਡਿੰਗ) ਅਤੇ ਭੀੜ ਲਈ ਕੀਤੇ ਗਏ ਤਮਾਮ ਲੌਜਿਸਟਿਕ ਇੰਤਜ਼ਾਮਾਂ ਨਾਲ ਸੰਬੰਧਿਤ ਵੇਰਵੇ ਵੀ ਇਕੱਠੇ ਕੀਤੇ ਜਾਣਗੇ।