ਪਾਰਕਾਂ ਦਾ ਹੋਵੇਗਾ ਸੁਰੱਖਿਆ ਆਡਿਟ, ਕਾਲਕਾਜੀ ਗੈਂਗਰੇਪ ਤੋਂ ਬਾਅਦ ਐਕਸ਼ਨ ’ਚ LG; 1 ਹਫ਼ਤੇ ’ਚ ਮੰਗੀ ਰਿਪੋਰਟ
ਕਾਲਕਾਜੀ ਪਾਰਕ ’ਚ ਵਾਪਰੀ ਘਟਨਾ ਤੋਂ ਬਾਅਦ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਸਾਰੇ ਪਾਰਕਾਂ ਦਾ ਇੱਕ ਹਫ਼ਤੇ ਦੇ ਅੰਦਰ ਸੁਰੱਖਿਆ ਆਡਿਟ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
Publish Date: Wed, 23 Sep 2026 02:34 PM (IST)
Updated Date: Wed, 23 Sep 2026 02:36 PM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਕਾਲਕਾਜੀ ਮੰਦਰ ਨੇੜੇ ਆਸਥਾ ਕੁੰਜ ਪਾਰਕ ’ਚ ਸਮੂਹਿਕ ਦੁਰਵਿਵਹਾਰ ਦੀ ਘਟਨਾ ਤੋਂ ਬਾਅਦ ਹੁਣ ਸਰਕਾਰ ਨੇ ਦਿੱਲੀ ਦੇ ਸਾਰੇ ਪਾਰਕਾਂ ਦੀ ਸੁਰੱਖਿਆ ਜਾਂਚ ਦੇ ਹੁਕਮ ਦਿੱਤੇ ਹਨ। ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਨਗਰ ਨਿਗਮ (ਐਮਸੀਡੀ), ਦਿੱਲੀ ਪੁਲਿਸ ਤੇ ਡੀਡੀਏ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਰਾਜਧਾਨੀ ਦੇ ਸਾਰੇ ਪਾਰਕਾਂ ਦਾ ਇੱਕ ਹਫ਼ਤੇ ਦੇ ਅੰਦਰ ਵਿਆਪਕ ਸੁਰੱਖਿਆ ਆਡਿਟ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਪਾਰਕਾਂ ’ਚ ਲੋੜੀਂਦੀ ਰੌਸ਼ਨੀ, ਸੁਰੱਖਿਆ ਪ੍ਰਬੰਧ, ਨਿਯਮਤ ਪੁਲਿਸ ਗਸ਼ਤ ਤੇ ਸਫ਼ਾਈ ਦੀ ਸਥਿਤੀ ਦੀ ਜਾਂਚ ਕੀਤੀ ਜਾਵੇਗੀ। LG ਦਾ ਇਹ ਨਿਰਦੇਸ਼ ਦੱਖਣੀ ਦਿੱਲੀ ਦੇ ਕਾਲਕਾਜੀ ਇਲਾਕੇ ਦੇ ਆਸਥਾ ਕੁੰਜ ਪਾਰਕ ’ਚ 17 ਸਾਲਾ ਕਿਸ਼ੋਰੀ ਨਾਲ ਸਮੂਹਿਕ ਦੁਰਵਿਵਹਾਰ ਦੀ ਘਟਨਾ ਤੋਂ ਬਾਅਦ ਆਇਆ ਹੈ। ਪੁਲਿਸ ਮੁਤਾਬਕ, ਤਿੰਨ ਮੁਲਜ਼ਮਾਂ ਨੇ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਕਿਸ਼ੋਰੀ ਤੇ ਉਸ ਦੇ ਦੋਸਤ ਨੂੰ ਧਮਕਾਇਆ ਤੇ ਉਸ ਨੂੰ ਪਾਰਕ ਦੇ ਸੁੰਨਸਾਨ ਹਿੱਸੇ ’ਚ ਲੈ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲੇ ’ਚ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪਾਰਕਾਂ ’ਚ ਰੌਸ਼ਨੀ 'ਤੇ ਵਿਸ਼ੇਸ਼ ਜ਼ੋਰ LG ਨੇ ਪਾਰਕਾਂ ਦੇ ਸੁਰੱਖਿਆ ਆਡਿਟ ਦੌਰਾਨ ਲੋੜੀਂਦੀਆਂ ਤੇ ਚਾਲੂ ਲਾਈਟਾਂ ਦੀ ਉਪਲਬਧਤਾ ਨੂੰ ਪਹਿਲ ਦੇਣ ਲਈ ਕਿਹਾ ਹੈ। ਆਸਥਾ ਕੁੰਜ ਪਾਰਕ ਦੀ ਘਟਨਾ ਤੋਂ ਬਾਅਦ ਸਾਹਮਣੇ ਆਈਆਂ ਸੁਰੱਖਿਆ ਚਿੰਤਾਵਾਂ ’ਚ ਪਾਰਕ ਦੇ ਕਈ ਹਿੱਸਿਆਂ ’ਚ ਹਨੇਰਾ ਤੇ ਨਿਗਰਾਨੀ ਦੀ ਘਾਟ ਦਾ ਮੁੱਦਾ ਵੀ ਸਾਹਮਣੇ ਆਇਆ ਹੈ। ਇੱਕ ਰਿਪੋਰਟ ਮੁਤਾਬਕ ਪਾਰਕ ’ਚ ਕਈ ਲੈਂਪ ਪੋਸਟ ਕੰਮ ਨਹੀਂ ਕਰ ਰਹੇ ਸਨ ਤੇ ਅੰਦਰ CCTV ਕੈਮਰਿਆਂ ਦੀ ਵੀ ਘਾਟ ਸੀ।
ਬੀਟ ਪੈਟਰੋਲਿੰਗ ਵਧਾਏਗੀ ਦਿੱਲੀ ਪੁਲਿਸ ਸੰਧੂ ਨੇ ਦਿੱਲੀ ਪੁਲਿਸ ਨੂੰ ਪਾਰਕਾਂ ਦੇ ਆਲੇ-ਦੁਆਲੇ ਬੀਟ ਪੈਟਰੋਲਿੰਗ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਾਰਕਾਂ ਦੇ ਆਲੇ-ਦੁਆਲੇ ਪਿੰਕ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ’ਤੇ ਵੀ ਜ਼ੋਰ ਦਿੱਤਾ ਗਿਆ ਹੈ, ਤਾਂ ਜੋ ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। LG ਨੇ ਇਸ ਤੋਂ ਪਹਿਲਾਂ ਵੀ ਸੰਵੇਦਨਸ਼ੀਲ ਤੇ ਵਧੇਰੇ ਭੀੜ ਵਾਲੇ ਇਲਾਕਿਆਂ ’ਚ ਪੁਲਿਸ ਦੀ ਦਿੱਖ ਤੇ ਪੈਦਲ ਤੇ ਮੋਟਰਸਾਈਕਲ ਪੈਟਰੋਲਿੰਗ ਵਧਾਉਣ 'ਤੇ ਜ਼ੋਰ ਦਿੱਤਾ ਹੈ।
RWA ਤੋਂ ਵੀ ਲਈ ਜਾਵੇਗੀ ਮਦਦ ਡੀਡੀਏ ਤੇ ਐਮਸੀਡੀ ਨੂੰ ਪਾਰਕਾਂ ਦੇ ਰੱਖ-ਰਖਾਅ ਲਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ (RWA), ਨਿੱਜੀ ਸੰਸਥਾਵਾਂ ਤੇ ਸਥਾਨਕ ਵਿਦਿਅਕ ਸੰਸਥਾਵਾਂ ਨਾਲ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ ਗਿਆ ਹੈ। ਇਸ ਦਾ ਉਦੇਸ਼ ਪਾਰਕਾਂ ਦੀ ਨਿਯਮਤ ਸਫ਼ਾਈ ਤੇ ਰੱਖ-ਰਖਾਅ ਯਕੀਨੀ ਬਣਾਉਣਾ ਹੈ। LG ਨੇ ਕਿਹਾ ਕਿ ਦਿੱਲੀ ਦੇ ਨਾਗਰਿਕਾਂ ਦੀ ਬਿਹਤਰ ਜ਼ਿੰਦਗੀ ਲਈ ਸੁਰੱਖਿਅਤ, ਸਾਫ਼-ਸੁਥਰੇ ਤੇ ਸਾਰਿਆਂ ਲਈ ਪਹੁੰਚਯੋਗ ਪਾਰਕ ਜ਼ਰੂਰੀ ਹਨ। ਇਸ ਲਈ ਸਬੰਧਤ ਏਜੰਸੀਆਂ ਨੂੰ ਸੁਰੱਖਿਆ ਤੇ ਰੱਖ-ਰਖਾਅ ਨਾਲ ਜੁੜੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ।