ਐਕਸਪ੍ਰੈੱਸਵੇਅ ’ਤੇ ਮੌਤ ਦਾ ਤਾਂਡਵ! ਟਰੱਕ ਨਾਲ ਬੱਸ ਦੀ ਭਿਆਨਕ ਟੱਕਰ, ਸੁੱਤੇ ਯਾਤਰੀਆਂ ’ਚ ਮਚਿਆ ਚੀਖ-ਚਿਹਾੜਾ, 5 ਦੀ ਮੌਕੇ ’ਤੇ ਮੌਤ ਗੁਜਰਾਤ ਦੇ ਆਣੰਦ ਜ਼ਿਲ੍ਹੇ ’ਚ ਅਹਿਮਦਾਬਾਦ-ਵਡੋਦਰਾ ਐਕਸਪ੍ਰੈੱਸਵੇਅ ’ਤੇ ਬੁੱਧਵਾਰ ਤੜਕੇ ਇੱਕ ਭਿਆਨਕ ਬੱਸ-ਟਰੱਕ ਟੱਕਰ ’ਚ ਪੰਜ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
Publish Date: Wed, 30 Sep 2026 11:14 AM (IST)
Updated Date: Wed, 30 Sep 2026 11:22 AM (IST)
ਡਿਜੀਟਲ ਡੈਸਕ, ਅਹਿਮਦਾਬਾਦ : ਗੁਜਰਾਤ ਦੇ ਆਣੰਦ ਜ਼ਿਲ੍ਹੇ ’ਚ ਅਹਿਮਦਾਬਾਦ-ਵਡੋਦਰਾ ਐਕਸਪ੍ਰੈੱਸਵੇਅ ’ਤੇ ਬੁੱਧਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਸੂਰਤ ਤੋਂ ਰਾਜਸਥਾਨ ਜਾ ਰਹੀ ਇੱਕ ਲਗਜ਼ਰੀ ਬੱਸ ਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ’ਚ 5 ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 5 ਹੋਰ ਯਾਤਰੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ’ਚ ਸਵਾਰ ਜ਼ਿਆਦਾਤਰ ਯਾਤਰੀ ਗਹਿਰੀ ਨੀਂਦ ’ਚ ਸਨ।
ਤੜਕੇ 4 ਵਜੇ ਵਾਪਰਿਆ ਹਾਦਸਾ ਪ੍ਰਾਪਤ ਜਾਣਕਾਰੀ ਮੁਤਾਬਕ 'ਸਾਈ ਦਰਸ਼ਨ ਟ੍ਰੈਵਲਜ਼' ਦੀ ਲਗਜ਼ਰੀ ਬੱਸ ਯਾਤਰੀਆਂ ਨੂੰ ਲੈ ਕੇ ਸੂਰਤ ਤੋਂ ਰਾਜਸਥਾਨ ਜਾ ਰਹੀ ਸੀ। ਬੁੱਧਵਾਰ ਸਵੇਰੇ ਕਰੀਬ 4 ਵਜੇ ਜਦੋਂ ਬੱਸ ਵਡੋਦਰਾ-ਅਹਿਮਦਾਬਾਦ ਐਕਸਪ੍ਰੈੱਸਵੇਅ ’ਤੇ ਆਣੰਦ ਤੋਂ ਨਡਿਆਦ ਵੱਲ ਜਾ ਰਹੀ ਸੀ ਤਾਂ ਅਚਾਨਕ ਬੱਸ ਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁੱਤੇ ਹੋਏ ਯਾਤਰੀਆਂ ’ਚ ਚੀਖ-ਪੁਕਾਰ ਮਚ ਗਈ।
ਰਾਹਤ ਤੇ ਬਚਾਅ ਕਾਰਜ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਤੇ ਐਂਬੂਲੈਂਸ ਦੀਆਂ ਰਾਹਤ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬੱਸ ’ਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ। ਹਾਦਸੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋਏ 5 ਯਾਤਰੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਮ੍ਰਿਤਕ 5 ਲੋਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਓਵਰਟੇਕਿੰਗ ਜਾਂ ਨੀਂਦ ਦੀ ਝਪਕੀ ਦਾ ਖ਼ਦਸ਼ਾ ਹਾਦਸੇ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਓਵਰਟੇਕਿੰਗ ਦੌਰਾਨ ਡਰਾਈਵਰ ਵੱਲੋਂ ਵਾਹਨ ’ਤੇ ਕਾਬੂ ਗੁਆਉਣ ਜਾਂ ਤੜਕੇ ਅਚਾਨਕ ਨੀਂਦ ਦੀ ਝਪਕੀ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ’ਚ ਸੋਗ ਛਾ ਗਿਆ ਹੈ।