ਮਾਸੂਮਾਂ ਦੀ ਜਾਨ ਨਾਲ ਖਿਲਵਾੜ... ਬਾਈਕ ਦੇ ਪਿੱਛੇ ਮੈਟਲ ਦੀ ਟੋਕਰੀ ’ਚ ਠੂਸੇ 7 ਬੱਚੇ, ਵੀਡੀਓ ਵਾਇਰਲ
ਕਰਨਾਟਕ ਦੇ ਮੈਸੂਰੁ-ਨੰਜਨਗੁਡ ਰੋਡ ’ਤੇ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਇੱਕ ਟੂ-ਵ੍ਹੀਲਰ ’ਤੇ ਡਰਾਈਵਰ ਸਮੇਤ ਅੱਠ ਲੋਕ, ਜਿਨ੍ਹਾਂ ’ਚ ਸੱਤ ਬੱਚੇ ਸ਼ਾਮਲ ਹਨ, ਬੇਹੱਦ ਅਸੁਰੱਖਿਅਤ ਤਰੀਕੇ ਨਾਲ ਸਫ਼ਰ ਕਰਦੇ ਨਜ਼ਰ ਆ ਰਹੇ ਹਨ।
Publish Date: Tue, 22 Sep 2026 05:02 PM (IST)
Updated Date: Tue, 22 Sep 2026 05:03 PM (IST)
ਡਿਜੀਟਲ ਡੈਸਕ, ਮੈਸੂਰੁ : ਕਰਨਾਟਕ ’ਚ ਸੜਕ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾਉਣ ਵਾਲੀ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ’ਚ ਇੱਕ ਵਿਅਕਤੀ ਟੂ-ਵ੍ਹੀਲਰ ਚਲਾ ਰਿਹਾ ਹੈ ਤੇ ਉਸ ਦੇ ਪਿੱਛੇ ਲੱਗੀ ਮੈਟਲ ਦੀ ਟੋਕਰੀ ’ਚ ਸੱਤ ਬੱਚੇ ਬੈਠੇ ਹੋਏ ਹਨ। ਟੂ-ਵ੍ਹੀਲਰ ’ਤੇ ਚਾਲਕ ਸਮੇਤ ਕੁੱਲ ਅੱਠ ਲੋਕ ਦਿਖਾਈ ਦੇ ਰਹੇ ਹਨ। TOI ਦੀ ਰਿਪੋਰਟ ਮੁਤਾਬਕ, ਵੀਡੀਓ ’ਚ ਵਿਅਕਤੀ ਵਾਹਨ ਚਲਾਉਂਦਾ ਨਜ਼ਰ ਆ ਰਿਹਾ ਹੈ ਤੇ ਉਸ ਦੇ ਪਿੱਛੇ ਮੈਟਲ ਦੀ ਟੋਕਰੀ ਵਰਗੀ ਚੀਜ਼ ’ਚ ਛੇ ਬੱਚੇ ਠੂਸੇ ਹੋਏ ਹਨ।
ਇੱਕ ਹੋਰ ਬੱਚਾ ਡਰਾਈਵਰ ਦੇ ਅੱਗੇ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਡਰਾਈਵਰ ਨੇ ਹੈਲਮੈਟ ਪਾਇਆ ਹੋਇਆ ਹੈ, ਜਦਕਿ ਕਿਸੇ ਵੀ ਬੱਚੇ ਨੇ ਸੁਰੱਖਿਆ ਲਈ ਕੋਈ ਗੀਅਰ ਨਹੀਂ ਪਾਇਆ ਹੋਇਆ।
ਇਹ ਘਟਨਾ ਮੈਸੂਰੁ-ਨੰਜਨਗੁਡ ਰੋਡ ’ਤੇ ਰਿਕਾਰਡ ਕੀਤੀ ਗਈ ਸੀ। ਇਸ ਵੀਡੀਓ ’ਤੇ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਦੋ-ਪਹੀਆ ਵਾਹਨ ’ਤੇ ਇਸ ਤਰ੍ਹਾਂ ਕਈ ਬੱਚਿਆਂ ਨੂੰ ਲਿਜਾਣ ਨਾਲ ਜੁੜੇ ਖ਼ਤਰਿਆਂ ’ਤੇ ਚਿੰਤਾ ਜਤਾਈ ਹੈ। ਇੱਕ ਯੂਜ਼ਰ ਨੇ ਇਸ ਹਰਕਤ ਨੂੰ ‘ਬੇਹੱਦ ਖ਼ਤਰਨਾਕ’ ਦੱਸਿਆ, ਜਦਕਿ ਦੂਜੇ ਨੇ ਅਜਿਹੇ ਅਸੁਰੱਖਿਅਤ ਤਰੀਕੇ ਅਪਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ ਕਿ ਭਾਰਤ ਦੇ ਕਈ ਸ਼ਹਿਰਾਂ ’ਚ ਅਜਿਹੀਆਂ ਹਰਕਤਾਂ ਆਮ ਹੋ ਗਈਆਂ ਹਨ। ਘਟਨਾ ਨਾਲ ਜੁੜੀਆਂ ਸਥਿਤੀਆਂ, ਜਿਵੇਂ ਕਿ ਇਹ ਫੁਟੇਜ ਅਸਲ ’ਚ ਕਦੋਂ ਰਿਕਾਰਡ ਕੀਤੀ ਗਈ ਸੀ ਤੇ ਕੀ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਕੀਤੀ ਗਈ, ਇਸ ਬਾਰੇ ਤੁਰੰਤ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ।