ਉੱਤਰਾਖੰਡ ’ਚ ਗਲੇਸ਼ੀਅਰ ਝੀਲਾਂ ਦਾ ਖ਼ਤਰਾ! ਵਸੁੰਧਰਾ ਤਾਲ ਟੁੱਟੀ ਤਾਂ 10 ਮਿੰਟਾਂ 'ਚ ਮਚਾਏਗੀ ਤਬਾਹੀ... ਲੱਗਣਗੇ ਅਰਲੀ ਵਾਰਨਿੰਗ ਸਿਸਟਮ
ਇਸ ਅਤਿ-ਆਧੁਨਿਕ ਪ੍ਰਣਾਲੀ ਰਾਹੀਂ ਝੀਲ ਵਿੱਚ ਹੋਣ ਵਾਲੀ ਕਿਸੇ ਵੀ ਅਸਧਾਰਨ ਗਤੀਵਿਧੀ ਦੀ ਸੂਚਨਾ ਇੱਕ ਤੋਂ ਦੋ ਮਿੰਟਾਂ ਦੇ ਅੰਦਰ ਕੰਟਰੋਲ ਰੂਮ ਤੱਕ ਪਹੁੰਚ ਜਾਵੇਗੀ। ਝੀਲ ਵਿੱਚ ਬਰਫ਼ ਦਾ ਤੂਫ਼ਾਨ ਜਾਂ ਹਿਮਖੰਡ ਟੁੱਟ ਕੇ ਡਿੱਗਣ, ਜਲ ਪੱਧਰ ਵਧਣ ਜਾਂ ਝੀਲ ਦਾ ਬੰਨ੍ਹ ਟੁੱਟਣ ਵਰਗੀ ਸਥਿਤੀ ਵਿੱਚ ਉੱਥੇ ਸਥਾਪਿਤ ਸੈਂਸਰ ਤੁਰੰਤ ਇਸ ਦਾ ਡਾਟਾ ਭੇਜਣਗੇ।
Publish Date: Sun, 06 Sep 2026 12:44 PM (IST)
Updated Date: Sun, 06 Sep 2026 12:46 PM (IST)
ਸਟੇਟ ਬਿਊਰੋ, ਦੇਹਰਾਦੂਨ। ਉੱਤਰਾਖੰਡ ਦੇ ਉੱਚ ਹਿਮਾਲਿਆਈ ਖੇਤਰਾਂ ਵਿੱਚ ਮੌਜੂਦ ਗਲੇਸ਼ੀਅਰ ਝੀਲਾਂ ਤੋਂ ਸੰਭਾਵੀ ਖ਼ਤਰੇ ਦੇ ਸੰਬੰਧ ਵਿੱਚ ਨਿਗਰਾਨੀ ਅਤੇ ਚਿਤਾਵਨੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਰਾਜ ਸਰਕਾਰ ਹੁਣ ਕੇਂਦਰੀ ਭਵਨ ਖੋਜ ਸੰਸਥਾਨ (CBRI) ਰੁੜਕੀ ਦੇ ਸਹਿਯੋਗ ਨਾਲ ਗਲੇਸ਼ੀਅਰ ਝੀਲਾਂ ਵਿੱਚ ਗਲੋਫ਼ (Glacial Lake Outburst Flood) ਮਾਨੀਟਰਿੰਗ ਐਂਡ ਅਰਲੀ ਵਾਰਨਿੰਗ ਸਿਸਟਮ ਸਥਾਪਿਤ ਕਰਨ ਜਾ ਰਹੀ ਹੈ।
CBRI ਨੇ ਮੌਸਮ ਅਨੁਕੂਲ ਰਹਿਣ 'ਤੇ 20 ਤੋਂ 30 ਸਤੰਬਰ ਦੇ ਵਿਚਕਾਰ ਚਮੋਲੀ ਜ਼ਿਲ੍ਹੇ ਦੀ ਬਹਤੁ ਹੀ ਸੰਵੇਦਨਸ਼ੀਲ ਵਸੁੰਧਰਾ ਤਾਲ (ਝੀਲ) ਵਿੱਚ ਪਹਿਲਾ ਸਿਸਟਮ ਲਗਾਉਣ ਦਾ ਟੀਚਾ ਰੱਖਿਆ ਹੈ।
ਇਸ ਅਤਿ-ਆਧੁਨਿਕ ਪ੍ਰਣਾਲੀ ਰਾਹੀਂ ਝੀਲ ਵਿੱਚ ਹੋਣ ਵਾਲੀ ਕਿਸੇ ਵੀ ਅਸਧਾਰਨ ਗਤੀਵਿਧੀ ਦੀ ਸੂਚਨਾ ਇੱਕ ਤੋਂ ਦੋ ਮਿੰਟਾਂ ਦੇ ਅੰਦਰ ਕੰਟਰੋਲ ਰੂਮ ਤੱਕ ਪਹੁੰਚ ਜਾਵੇਗੀ। ਝੀਲ ਵਿੱਚ ਬਰਫ਼ ਦਾ ਤੂਫ਼ਾਨ ਜਾਂ ਹਿਮਖੰਡ ਟੁੱਟ ਕੇ ਡਿੱਗਣ, ਜਲ ਪੱਧਰ ਵਧਣ ਜਾਂ ਝੀਲ ਦਾ ਬੰਨ੍ਹ ਟੁੱਟਣ ਵਰਗੀ ਸਥਿਤੀ ਵਿੱਚ ਉੱਥੇ ਸਥਾਪਿਤ ਸੈਂਸਰ ਤੁਰੰਤ ਇਸ ਦਾ ਡਾਟਾ ਭੇਜਣਗੇ।
ਸੈਂਸਰ ਸੈਟੇਲਾਈਟ ਨਾਲ ਜੁੜੇ ਹੋਣਗੇ, ਜਦਕਿ ਘਟਨਾਕ੍ਰਮ ਦੀ ਪੁਸ਼ਟੀ ਲਈ ਝੀਲ ਖੇਤਰ ਵਿੱਚ ਕੈਮਰੇ ਵੀ ਲਗਾਏ ਜਾਣਗੇ। ਇਸ ਨਾਲ ਖ਼ਤਰੇ ਦੀ ਸਥਿਤੀ ਵਿੱਚ ਸਬੰਧਤ ਖੇਤਰਾਂ ਵਿੱਚ ਤੁਰੰਤ ਅਲਰਟ ਜਾਰੀ ਕੀਤਾ ਜਾ ਸਕੇਗਾ।
20 ਕਿਲੋਮੀਟਰ ਤੱਕ ਪਹੁੰਚਣ ’ਚ ਅੱਠ ਤੋਂ ਦਸ ਮਿੰਟ
ਮਾਹਰਾਂ ਅਨੁਸਾਰ, ਜੇਕਰ ਕਿਸੇ ਕਾਰਨ ਵਸੁੰਧਰਾ ਤਾਲ ਟੁੱਟਦੀ ਹੈ ਤਾਂ ਪਾਣੀ ਅਤੇ ਮਲਬਾ ਕਰੀਬ 20 ਕਿਲੋਮੀਟਰ ਹੇਠਾਂ ਤੱਕ ਪਹੁੰਚਣ ਵਿੱਚ ਅੱਠ ਤੋਂ ਦਸ ਮਿੰਟ ਲੈ ਸਕਦਾ ਹੈ।
ਜਿਵੇਂ-ਜਿਵੇਂ ਪਾਣੀ ਹੇਠਲੇ ਖੇਤਰਾਂ ਵੱਲ ਵਧੇਗਾ, ਵੱਖ-ਵੱਖ ਥਾਵਾਂ ਤੱਕ ਪਹੁੰਚਣ ਵਿੱਚ ਅੱਧਾ ਘੰਟਾ, ਇੱਕ ਘੰਟਾ ਜਾਂ ਉਸ ਤੋਂ ਵੀ ਵੱਧ ਸਮਾਂ ਲੱਗ ਸਕਦਾ ਹੈ। ਅਜਿਹੇ ’ਚ ਸ਼ੁਰੂਆਤੀ ਕੁਝ ਮਿੰਟਾਂ ’ਚ ਮਿਲਣ ਵਾਲੀ ਚਿਤਾਵਨੀ ਹੇਠਲੇ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਵਿੱਚ ਮਹੱਤਵਪੂਰਨ ਸਾਬਤ ਹੋਵੇਗੀ।
ਮੌਸਮ ਦੀ ਵੀ ਲਗਾਤਾਰ ਨਿਗਰਾਨੀ
ਵਸੁੰਧਰਾ ਤਾਲ ਵਿੱਚ ਆਟੋਮੈਟਿਕ ਵੈਦਰ ਸਟੇਸ਼ਨ ਵੀ ਸਥਾਪਿਤ ਹੋਵੇਗਾ। ਇਸ ਨਾਲ ਉੱਥੋਂ ਦੇ ਤਾਪਮਾਨ, ਮੌਸਮ, ਵਰਖਾ ਅਤੇ ਬਰਫ਼ਬਾਰੀ ਸਮੇਤ ਮੌਸਮ ਸੰਬੰਧੀ ਗਤੀਵਿਧੀਆਂ ਦੀ ਨਿਰੰਤਰ ਨਿਗਰਾਨੀ ਹੋ ਸਕੇਗੀ। ਨਾਲ ਹੀ ਝੀਲ ਦੇ ਆਸ-ਪਾਸ ਬਦਲਦੀਆਂ ਸਥਿਤੀਆਂ ਦਾ ਆਕਲਨ ਅਤੇ ਸੰਭਾਵਿਤ ਖ਼ਤਰੇ ਦੀ ਪੂਰਵ ਸੂਚਨਾ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਵਸੁੰਧਰਾ ਤਾਲ ਤੋਂ ਬਾਅਦ ਅਪ੍ਰੈਲ-ਮਈ ਤੱਕ ਚਾਰ ਹੋਰ ਸੰਵੇਦਨਸ਼ੀਲ ਗਲੇਸ਼ੀਅਰ ਝੀਲਾਂ ਵਿੱਚ ਵੀ ਇਹ ਸਿਸਟਮ ਲਗਾਉਣ ਦੀ ਯੋਜਨਾ ਹੈ। ਇਸ ਤੋਂ ਬਾਅਦ ਜੋਖਮ ਸ਼੍ਰੇਣੀ ਵਾਲੀਆਂ ਅੱਠ ਹੋਰ ਝੀਲਾਂ ਵਿੱਚ ਇਹ ਪਹਿਲ ਕੀਤੀ ਜਾਵੇਗੀ।
ਦੂਨ ਜਾਂ ਰੁੜਕੀ ’ਚ ਬਣੇਗਾ ਕੰਟਰੋਲ ਰੂਮ
ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਅਨੁਸਾਰ ਗਲੋਫ਼ ਮਾਨੀਟਰਿੰਗ ਐਂਡ ਅਰਲੀ ਵਾਰਨਿੰਗ ਸਿਸਟਮ ਦਾ ਕੰਟਰੋਲ ਰੂਮ CBRI ਰੁੜਕੀ ਜਾਂ ਦੇਹਰਾਦੂਨ ਵਿੱਚ ਵਾਡੀਆ ਹਿਮਾਲਿਆ ਭੂ-ਵਿਗਿਆਨ ਸੰਸਥਾਨ ਵਿੱਚ ਸਥਾਪਿਤ ਕੀਤਾ ਜਾ ਸਕਦਾ ਹੈ। ਇਹ ਕੰਟਰੋਲ ਰੂਮ ਰਾਜ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨਾਲ ਵੀ ਜੁੜਿਆ ਰਹੇਗਾ।