ਆਂਧਰਾ ਪ੍ਰਦੇਸ਼ 'ਚ ਚੱਕਰਵਾਤ 'ਮੁਰਾਸੂ' ਦਾ ਕਹਿਰ : ਤੱਟ ਨਾਲ ਟਕਰਾਇਆ ਤੂਫ਼ਾਨ, ਟਰੇਨਾਂ ਤੇ ਉਡਾਣਾਂ ਰੱਦ; ਕਈ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ! ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਮੰਗਲਵਾਰ ਤੜਕੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ 'ਤੇ ਓਂਗੋਲ ਨੇੜੇ ਚੱਕਰਵਾਤੀ ਤੂਫ਼ਾਨ 'ਮੁਰਾਸੂ' ਨੇ ਦਸਤਕ ਦਿੱਤੀ। ਤੂਫ਼ਾਨ ਦਾ ਕੇਂਦਰ ਤੱਟ ਨੂੰ ਪਾਰ ਕਰਕੇ ਅੰਦਰੂਨੀ ਇਲਾਕੇ ਵਿੱਚ ਦਾਖ਼ਲ ਹੋ ਗਿਆ ਹੈ ਅਤੇ ਇਸ ਦੇ ਵੱਡੇ ਹਿੱਸੇ ਦੇ ਬੱਦਲ ਜ਼ਮੀਨ ਉੱਪਰ ਪਹੁੰਚ ਗਏ ਹਨ।
Publish Date: Tue, 03 Nov 2026 08:11 AM (IST)
Updated Date: Tue, 03 Nov 2026 10:07 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ - ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਮੰਗਲਵਾਰ ਤੜਕੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ 'ਤੇ ਓਂਗੋਲ ਨੇੜੇ ਚੱਕਰਵਾਤੀ ਤੂਫ਼ਾਨ 'ਮੁਰਾਸੂ' ਨੇ ਦਸਤਕ ਦਿੱਤੀ। ਤੂਫ਼ਾਨ ਦਾ ਕੇਂਦਰ ਤੱਟ ਨੂੰ ਪਾਰ ਕਰਕੇ ਅੰਦਰੂਨੀ ਇਲਾਕੇ ਵਿੱਚ ਦਾਖ਼ਲ ਹੋ ਗਿਆ ਹੈ ਅਤੇ ਇਸ ਦੇ ਵੱਡੇ ਹਿੱਸੇ ਦੇ ਬੱਦਲ ਜ਼ਮੀਨ ਉੱਪਰ ਪਹੁੰਚ ਗਏ ਹਨ।
ਤੂਫ਼ਾਨ ਦੇ ਟਕਰਾਉਣ ਵਾਲੀ ਥਾਂ ਨੇੱਲੋਰ ਅਤੇ ਨਰਸਾਪੁਰ ਵਿਚਕਾਰ ਹੈ। ਇਸ ਦੌਰਾਨ ਤੱਟਵਰਤੀ ਇਲਾਕਿਆਂ ਵਿੱਚ 100 ਤੋਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ। ਅਗਲੇ ਕੁਝ ਸਮੇਂ ਤੱਕ ਇਨ੍ਹਾਂ ਤੇਜ਼ ਹਵਾਵਾਂ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ।
ਤੱਟਵਰਤੀ ਇਲਾਕਿਆਂ ਵਿੱਚ ਪਾਣੀ ਭਰਨ ਦਾ ਖ਼ਦਸ਼ਾ
ਮੌਸਮ ਵਿਭਾਗ ਨੇ ਅਗਲੇ 12 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਅਤੇ ਆਮ ਸਮੁੰਦਰੀ ਜਵਾਰ ਦੇ ਪੱਧਰ ਤੋਂ 1 ਤੋਂ 1.5 ਮੀਟਰ ਉੱਚੀਆਂ ਲਹਿਰਾਂ ਉੱਠਣ ਦੀ ਭਵਿੱਖਬਾਣੀ ਕੀਤੀ ਹੈ। ਇਸ ਕਾਰਨ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਦੇ ਨੀਵੇਂ ਹਿੱਸਿਆਂ ਵਿੱਚ ਪਾਣੀ ਭਰ ਸਕਦਾ ਹੈ।
ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਪਹਿਲਾਂ ਹੀ ਭਾਰੀ ਮੀਂਹ ਪੈ ਚੁੱਕਾ ਹੈ। ਉੱਥੇ ਹੀ, ਚੱਕਰਵਾਤ 'ਅਰਨਬ' ਤੋਂ ਬਾਅਦ ਹੋਏ ਨੁਕਸਾਨ ਨੂੰ ਦੇਖਦੇ ਹੋਏ ਓਡੀਸ਼ਾ ਨੇ ਵੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
ਬਾਪਟਲਾ, ਕ੍ਰਿਸ਼ਨਾ ਅਤੇ ਪ੍ਰਕਾਸ਼ਮ ਜ਼ਿਲ੍ਹਿਆਂ ਵਿੱਚ ਇਨ੍ਹਾਂ ਸਮੁੰਦਰੀ ਲਹਿਰਾਂ ਦਾ ਸਭ ਤੋਂ ਵੱਧ ਅਸਰ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਲਹਿਰਾਂ ਦਾ ਪੱਧਰ ਘੱਟ ਜਾਵੇਗਾ। ਅਗਲੇ 12 ਘੰਟਿਆਂ ਦੌਰਾਨ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦਾ ਵੀ ਅਨੁਮਾਨ ਹੈ।
ਆਂਧਰਾ ਪ੍ਰਦੇਸ਼ ਵਿੱਚ 19 ਉਡਾਣਾਂ ਰੱਦ
ਚੱਕਰਵਾਤ ਦੇ ਆਂਧਰਾ ਪ੍ਰਦੇਸ਼ ਦੇ ਤੱਟ ਦੇ ਨੇੜੇ ਪਹੁੰਚਣ ਕਾਰਨ ਵਿਜੇਵਾੜਾ, ਵਿਸ਼ਾਖਾਪਟਨਮ ਅਤੇ ਤਿਰੂਪਤੀ ਹਵਾਈ ਅੱਡਿਆਂ 'ਤੇ ਘੱਟੋ-ਘੱਟ 19 ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਵਿਜੇਵਾੜਾ ਹਵਾਈ ਅੱਡੇ ਦੇ ਡਾਇਰੈਕਟਰ ਐੱਮ. ਲਕਸ਼ਮੀ ਕਾਂਤਾ ਰੈੱਡੀ ਨੇ ਦੱਸਿਆ ਕਿ ਇੰਡੀਗੋ ਨੇ 10 ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ 2 ਉਡਾਣਾਂ ਰੱਦ ਕੀਤੀਆਂ ਹਨ। ਇਸ ਤੋਂ ਇਲਾਵਾ ਵਿਸ਼ਾਖਾਪਟਨਮ ਹਵਾਈ ਅੱਡੇ 'ਤੇ 4 ਅਤੇ ਤਿਰੂਪਤੀ ਹਵਾਈ ਅੱਡੇ 'ਤੇ 3 ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਆਂਧਰਾ ਪ੍ਰਦੇਸ਼ ਵਿੱਚ ਹਾਈ ਅਲਰਟ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ, ਕਿਉਂਕਿ ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਰਾਇਲਸੀਮਾ ਖੇਤਰ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਨਾਇਡੂ ਨੇ ਉਮੀਦ ਜਤਾਈ ਕਿ ਇਸ ਦਾ ਅਸਰ ਸੀਮਤ ਰਹੇਗਾ, ਕਿਉਂਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਹਵਾ ਦੀ ਰਫ਼ਤਾਰ ਅਤੇ ਮੀਂਹ ਦੀ ਤੀਬਰਤਾ ਚੱਕਰਵਾਤ 'ਅਰਨਬ' ਦੇ ਮੁਕਾਬਲੇ ਘੱਟ ਰਹਿਣ ਦੀ ਸੰਭਾਵਨਾ ਹੈ।
ਸੂਬੇ ਦੇ ਊਰਜਾ ਵਿਭਾਗ ਨੇ ਵੀ ਬਿਜਲੀ ਕੰਪਨੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਹੈ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਸਾਵਧਾਨੀ ਵਜੋਂ ਕਦਮ ਚੁੱਕਣ ਅਤੇ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣਾ ਯਕੀਨੀ ਬਣਾਉਣ।