ਕੱਚੇ ਤੇਲ ’ਚ ਭੂਚਾਲ! ਇੱਕ ਮਹੀਨੇ ’ਚ 29% ਦਾ ਉਛਾਲ; ਅਰਥਵਿਵਸਥਾ ’ਤੇ ਕੀ ਪਵੇਗਾ ਅਸਰ, ਵਿੱਤ ਮੰਤਰਾਲੇ ਨੇ ਇਸ਼ਾਰਿਆਂ ’ਚ ਦੱਸਿਆ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਬਣੀ ਹੋਈ ਹੈ, ਪਰ ਵਿੱਤ ਮੰਤਰਾਲੇ ਨੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਗਲੋਬਲ ਵਪਾਰ ’ਚ ਅਨਿਸ਼ਚਿਤਤਾ ਨੂੰ ਮੁੱਖ ਖ਼ਤਰੇ ਵਜੋਂ ਦਰਸਾਇਆ ਹੈ। ਸਤੰਬਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ 28 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ, ਜਿਸ ਨਾਲ ਦਰਾਮਦ ਬਿੱਲ ਤੇ ਵੱਖ-ਵੱਖ ਖੇਤਰਾਂ ’ਚ ਲਾਗਤ ਵਧਣ ਦਾ ਖ਼ਦਸ਼ਾ ਹੈ। ਹਾਲਾਂਕਿ ਘਰੇਲੂ ਜੀਡੀਪੀ ਵਿਕਾਸ ਦਰ 7.8 ਫੀਸਦੀ ਰਹੀ।
Publish Date: Thu, 01 Oct 2026 04:49 PM (IST)
Updated Date: Thu, 01 Oct 2026 04:54 PM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ : ਵਿਸ਼ਵ ਅਰਥਵਿਵਸਥਾ ਭਾਵੇਂ ਸੁਸਤ ਪਈ ਹੋਈ ਹੈ, ਪਰ ਭਾਰਤ ਦੀ ਇਕਾਨਮੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਹਾਲਾਂਕਿ, ਦੁਨੀਆ ਭਰ ’ਚ ਪੈਦਾ ਹੋ ਰਹੀਆਂ ਚੁਣੌਤੀਆਂ ਭਾਰਤੀ ਅਰਥਵਿਵਸਥਾ ਦੀ ਰਫ਼ਤਾਰ ਨੂੰ ਹੌਲੀ ਕਰ ਸਕਦੀਆਂ ਹਨ। ਦਰਅਸਲ, ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦਾ ਤੂਫ਼ਾਨ ਜਾਰੀ ਹੈ।
ਸਤੰਬਰ ਮਹੀਨੇ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਆਏ ਭਾਰੀ ਉਛਾਲ ਤੇ ਅਮਰੀਕਾ ਨਾਲ ਟ੍ਰੇਡ ਡੀਲ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਚਿੰਤਾ ਦਾ ਕਾਰਨ ਬਣੀ ਹੋਈ ਹੈ। ਇਹੀ ਕਾਰਨ ਹੈ ਕਿ ਵਿੱਤ ਮੰਤਰਾਲੇ ਨੇ ਆਪਣੀ ਤਾਜ਼ਾ 'ਮੰਥਲੀ ਇਕਨਾਮਿਕ ਰਿਵਿਊ' ’ਚ ਇਨ੍ਹਾਂ ਦੋਵਾਂ ਕਾਰਨਾਂ ਨੂੰ ਭਾਰਤੀ ਅਰਥਵਿਵਸਥਾ ਲਈ ਖ਼ਤਰਾ ਦੱਸਿਆ ਹੈ।
ਕੱਚੇ ਤੇਲ ਦੀਆਂ ਕੀਮਤਾਂ ’ਚ ਲੱਗੀ ਅੱਗ
ਪੈਟਰੋਲੀਅਮ ਪਲਾਨਿੰਗ ਐਂਡ ਐਨਾਲਿਸਿਸ ਸੈੱਲ (PPAC) ਦੇ ਅੰਕੜਿਆਂ ਮੁਤਾਬਕ, ਸਤੰਬਰ ’ਚ ਭਾਰਤੀ ਕ੍ਰੂਡ ਆਇਲ ਬਾਸਕਟ ਦੀ ਔਸਤ ਕੀਮਤ 116.04 ਡਾਲਰ ਪ੍ਰਤੀ ਬੈਰਲ ਰਹੀ। ਉੱਥੇ ਹੀ ਅਗਸਤ ’ਚ ਇਹ 90.19 ਡਾਲਰ ਪ੍ਰਤੀ ਬੈਰਲ ਸੀ। ਯਾਨੀ ਇਸ ’ਚ 25.85 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋਇਆ ਹੈ। ਪ੍ਰਤੀਸ਼ਤ ਦੇ ਹਿਸਾਬ ਨਾਲ ਇਹ ਲਗਭਗ 28.66 ਫੀਸਦੀ ਹੈ। 29 ਸਤੰਬਰ ਨੂੰ ਭਾਰਤੀ ਬਾਸਕਟ 116.52 ਡਾਲਰ ਪ੍ਰਤੀ ਬੈਰਲ ’ਤੇ ਵੀ ਟ੍ਰੇਡ ਕਰ ਰਹੀ ਸੀ।
ਜੇ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦਾ ਇਹ ਦੌਰ ਜਾਰੀ ਰਿਹਾ ਤਾਂ ਇਸ ਦਾ ਸਿੱਧਾ ਅਸਰ ਭਾਰਤੀ ਅਰਥਵਿਵਸਥਾ ’ਤੇ ਦੇਖਣ ਨੂੰ ਮਿਲ ਸਕਦਾ ਹੈ।
ਭਾਰਤੀ ਕ੍ਰੂਡ ਬਾਸਕਟ ’ਚ 'ਸਵੀਟ ਕ੍ਰੂਡ' (ਜੋ 'ਡੇਟਿਡ ਬ੍ਰੈਂਟ' ’ਤੇ ਆਧਾਰਿਤ ਹੈ) ਤੇ 'ਸਾਵਰ ਕ੍ਰੂਡ' (ਜੋ ਭਾਰਤੀ ਰਿਫਾਈਨਰਾਂ ਵੱਲੋਂ ਦਰਾਮਦ ਕੀਤੇ ਜਾਣ ਵਾਲੇ ਓਮਾਨ ਤੇ ਦੁਬਈ ਗ੍ਰੇਡ ਦੀ ਔਸਤ ’ਤੇ ਆਧਾਰਿਤ ਹੈ) ਦਾ ਮਿਸ਼ਰਣ ਸ਼ਾਮਲ ਹੁੰਦਾ ਹੈ।
ਵਿੱਤ ਮੰਤਰਾਲੇ ਦੀ ਰਿਪੋਰਟ ’ਚ ਹੋਰ ਕੀ-ਕੀ? ਵਿੱਤ ਮੰਤਰਾਲੇ ਨੇ ਆਪਣੀ 'ਮੰਥਲੀ ਇਕਨਾਮਿਕ ਰਿਵਿਊ' ਰਿਪੋਰਟ ’ਚ ਗਲੋਬਲ ਟ੍ਰੇਡ ਨੂੰ ਲੈ ਕੇ ਵਧ ਰਹੀ ਅਨਿਸ਼ਚਿਤਤਾ ਵੱਲ ਵੀ ਇਸ਼ਾਰਾ ਕੀਤਾ ਹੈ।
ਮੰਤਰਾਲੇ ਨੇ ਕਿਹਾ ਕਿ ਗਲੋਬਲ ਸਪਲਾਈ ਚੇਨ ਦੀ ਵਰਤੋਂ ਤੇਜ਼ੀ ਨਾਲ ਆਰਥਿਕ ਹਥਿਆਰਾਂ ਵਜੋਂ ਕੀਤੀ ਜਾ ਰਹੀ ਹੈ। ਵਿਕਸਿਤ ਅਰਥਵਿਵਸਥਾਵਾਂ ਵੀ ਨਵੀਆਂ ਮੈਨੂਫੈਕਚਰਿੰਗ ਯੋਜਨਾਵਾਂ ਲਈ ਨਿਵੇਸ਼ ਖਿੱਚਣ ਦੀ ਦੌੜ ’ਚ ਲੱਗੀਆਂ ਹੋਈਆਂ ਹਨ।
ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਦਾ ਸਿੱਧਾ ਮਤਲਬ ਹੈ ਕਿ ਭਾਰਤ ਦੇ ਇੰਪੋਰਟ ਬਿੱਲ ’ਤੇ ਦਬਾਅ ਪਵੇਗਾ। ਇਸ ਨਾਲ ਟਰਾਂਸਪੋਰਟੇਸ਼ਨ ਤੇ ਲੌਜਿਸਟਿਕਸ ਤੋਂ ਲੈ ਕੇ ਮੈਨੂਫੈਕਚਰਿੰਗ ਤੇ ਹੋਰ ਕਾਰੋਬਾਰਾਂ ਤੱਕ ਅਰਥਵਿਵਸਥਾ ’ਚ ਲਾਗਤ ਵਧ ਸਕਦੀ ਹੈ।
ਵਿੱਤ ਮੰਤਰਾਲੇ ਨੇ ਆਪਣੀ ਮੰਥਲੀ ਰਿਪੋਰਟ ’ਚ ਕਿਹਾ ਕਿ ਗਲੋਬਲ ਆਇਲ ਮਾਰਕੀਟ ’ਚ ਨਵੇਂ ਦਬਾਅ ਤੇ ਮੌਸਮ ਨਾਲ ਜੁੜੀ ਅਸਥਿਰਤਾ ਕਾਰਨ ਰਿਟੇਲ, ਹੋਲਸੇਲ ਤੇ ਪ੍ਰੋਡਿਊਸਰ ਪੱਧਰ ’ਤੇ ਘਰੇਲੂ ਕੀਮਤਾਂ ਦਾ ਦਬਾਅ ਵਧਿਆ ਹੈ।
ਵਿੱਤ ਮੰਤਰਾਲੇ ਨੇ ਗਲੋਬਲ ਟ੍ਰੇਡ ਨੂੰ ਲੈ ਕੇ ਵਧ ਰਹੀ ਅਨਿਸ਼ਚਿਤਤਾ ਵੱਲ ਵੀ ਇਸ਼ਾਰਾ ਕੀਤਾ ਹੈ। ਅਮਰੀਕਾ ਦੇ ਇੱਕ ਬਿੱਲ ਨੇ, ਜੋ ਰਾਸ਼ਟਰਪਤੀ ਨੂੰ ਰੂਸੀ ਕੱਚਾ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ 100 ਫੀਸਦੀ ਤੱਕ ਟੈਰਿਫ ਲਗਾਉਣ ਦਾ ਅਧਿਕਾਰ ਦਿੰਦਾ ਹੈ, ਭਾਰਤ ਦੇ ਬਾਹਰੀ ਆਰਥਿਕ ਮਾਹੌਲ ’ਚ ਅਨਿਸ਼ਚਿਤਤਾ ਨੂੰ ਹੋਰ ਵਧਾ ਦਿੱਤਾ ਹੈ।
ਮਜ਼ਬੂਤ ਬਣੀ ਹੋਈ ਹੈ ਭਾਰਤ ਦੀ ਘਰੇਲੂ ਅਰਥਵਿਵਸਥਾ ਹਾਲਾਂਕਿ, ਗਲੋਬਲ ਦਬਾਅ ਤੋਂ ਇਲਾਵਾ ਭਾਰਤ ਦੀ ਘਰੇਲੂ ਅਰਥਵਿਵਸਥਾ ਮਜ਼ਬੂਤ ਬਣੀ ਹੋਈ ਹੈ। ਵਿੱਤੀ ਸਾਲ 2027 ਦੀ ਪਹਿਲੀ ਤਿਮਾਹੀ ’ਚ ਰੀਅਲ ਜੀਡੀਪੀ ’ਚ 7.8 ਫੀਸਦੀ ਦਾ ਵਾਧਾ ਹੋਇਆ। ਮੈਨੂਫੈਕਚਰਿੰਗ, ਕੰਸਟਰਕਸ਼ਨ ਤੇ ਸਰਵਿਸ ਸੈਕਟਰ—ਤਿੰਨਾਂ ’ਚ ਚੰਗੀ ਗ੍ਰੋਥ ਦਰਜ ਕੀਤੀ ਗਈ।
ਰੀਅਲ ਇੰਡਸਟਰੀ GVA (ਗ੍ਰਾਸ ਵੈਲਿਊ ਐਡਿਡ) ’ਚ ਸਾਲਾਨਾ ਆਧਾਰ ’ਤੇ 7.7 ਫੀਸਦੀ ਦਾ ਵਾਧਾ ਹੋਇਆ, ਜਿਸ ’ਚ ਮੈਨੂਫੈਕਚਰਿੰਗ ਸੈਕਟਰ ਦੀ ਗ੍ਰੋਥ 9.2 ਫੀਸਦੀ ਰਹੀ।
ਜੂਨ ਤੋਂ ਸਤੰਬਰ ਤਿਮਾਹੀ ਦੌਰਾਨ ਫਾਈਨੈਂਸ਼ੀਅਲ, ਰੀਅਲ ਅਸਟੇਟ, ਆਈਟੀ ਤੇ ਪ੍ਰੋਫੈਸ਼ਨਲ ਸਰਵਿਸ ਸੈਕਟਰ ’ਚ 12.1 ਫੀਸਦੀ ਦੀ ਗ੍ਰੋਥ ਦੇਖੀ ਗਈ। ਹਾਲਾਂਕਿ ਸਮੱਸਿਆ ਇਹ ਹੈ ਕਿ ਘਰੇਲੂ ਪੱਧਰ ’ਤੇ ਮਜ਼ਬੂਤ ਗ੍ਰੋਥ ਨੂੰ ਹੁਣ ਗਲੋਬਲ ਪੱਧਰ ’ਤੇ ਘੱਟ ਅਨੁਕੂਲ ਮਾਹੌਲ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।