ਗਿਆਨੇਸ਼ ਕੁਮਾਰ ਖ਼ਿਲਾਫ਼ ਦੇਸ਼ ਭਰ ’ਚ ਕਾਂਗਰਸ ਦਾ ਪ੍ਰਦਰਸ਼ਨ, ਪਟਨਾ-ਚੰਡੀਗੜ੍ਹ ’ਚ ਵਾਟਰ ਕੈਨਨ ਨਾਲ ਬੁਛਾੜ; ਅਸਾਮ ’ਚ ਗੌਰਵ ਗੋਗੋਈ ਹਿਰਾਸਤ ’ਚ
ਦੇਸ਼ ਭਰ ’ਚ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਤੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰਾਈ ਨਾਲ ਸਮੀਖਿਆ (SIR) ਨੂੰ ਲੈ ਕੇ ਕਾਂਗਰਸ ਸਮੇਤ ਹੋਰ ਸਿਆਸੀ ਦਲਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।
Publish Date: Fri, 25 Sep 2026 04:20 PM (IST)
Updated Date: Fri, 25 Sep 2026 04:22 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਦੇਸ਼ ਭਰ ’ਚ ਚੋਣ ਕਮਿਸ਼ਨ (ECI) ਦੀ ਕਾਰਗੁਜ਼ਾਰੀ ਤੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰਾਈ ਨਾਲ ਸਮੀਖਿਆ (SIR) ਨੂੰ ਲੈ ਕੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਕਾਂਗਰਸ ਤੇ ਹੋਰ ਸਿਆਸੀ ਦਲ ਸੜਕਾਂ ’ਤੇ ਉਤਰ ਆਏ ਹਨ। ਸ਼ੁੱਕਰਵਾਰ ਨੂੰ ਅਸਾਮ ਕਾਂਗਰਸ ਪ੍ਰਧਾਨ ਗੌਰਵ ਗੋਗੋਈ ਸਮੇਤ ਕਈ ਸੀਨੀਅਰ ਆਗੂਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ, ਜਦਕਿ ਕਈ ਸੂਬਿਆਂ ’ਚ ਪ੍ਰਦਰਸ਼ਨ ਹੋਏ।
ਗੋਗੋਈ ਹਿਰਾਸਤ ’ਚ, ਪਟਨਾ-ਚੰਡੀਗੜ੍ਹ ਦਾ ਕੀ ਰਿਹਾ ਹਾਲ? ਚੋਣ ਕਮਿਸ਼ਨ ਦੇ ਕੰਮਕਾਜ ਦੇ ਵਿਰੋਧ ’ਚ ਕਾਂਗਰਸ ਵਰਕਰਾਂ ਨੇ ਕਈ ਸੂਬਿਆਂ ’ਚ ਪ੍ਰਦਰਸ਼ਨ ਕੀਤੇ। ਚੰਡੀਗੜ੍ਹ ਤੇ ਪਟਨਾ ’ਚ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ। ਦੂਜੇ ਪਾਸੇ ਗੁਵਾਹਾਟੀ ’ਚ ਵਿਰੋਧ ਪ੍ਰਦਰਸ਼ਨ ਕਰ ਰਹੇ ਅਸਾਮ ਕਾਂਗਰਸ ਪ੍ਰਧਾਨ ਗੌਰਵ ਗੋਗੋਈ ਤੇ ਕਈ ਪਾਰਟੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ।
ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਵਧਾਈ ਗਈ ਸੁਰੱਖਿਆ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ’ਚ ਚੋਣ ਕਮਿਸ਼ਨ ਦੇ ਦਫ਼ਤਰ ਤੇ ਜੰਤਰ-ਮੰਤਰ ਦੇ ਬਾਹਰ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ। ਇੱਥੇ ਭਾਰਤੀ ਯੂਥ ਕਾਂਗਰਸ (IYC) ਤੇ ਕਾਂਗਰਸ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਮੱਧ ਪ੍ਰਦੇਸ਼, ਉੱਤਰਾਖੰਡ ਤੇ ਪੱਛਮੀ ਬੰਗਾਲ ਸਮੇਤ ਹੋਰ ਸੂਬਿਆਂ ’ਚ ਵੀ ਕਾਂਗਰਸ ਆਗੂਆਂ ਨੇ ਪ੍ਰਦਰਸ਼ਨ ਕਰਦੇ ਹੋਏ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ।
ਵਿਵਾਦ ਦੀ ਅਸਲ ਵਜ੍ਹਾ ਕੀ ਹੈ? ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਵਿਵਾਦ ਇੱਕ ਮੀਡੀਆ ਰਿਪੋਰਟ ਤੋਂ ਬਾਅਦ ਭੜਕਿਆ। ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਨੇ 10 ਮਹੀਨਿਆਂ ਦੌਰਾਨ SIR ਪ੍ਰਕਿਰਿਆ ਨਾਲ ਜੁੜੇ ਫ਼ੈਸਲਿਆਂ ’ਤੇ 14 ਵਾਰ ਇਤਰਾਜ਼ ਦਰਜ ਕਰਵਾਏ ਸਨ। ਇਨ੍ਹਾਂ ਚਿੰਤਾਵਾਂ ’ਚ ਵੋਟਰ ਰਜਿਸਟ੍ਰੇਸ਼ਨ, ਨਾਵਾਂ ਨੂੰ ਹਟਾਉਣ ਤੇ ਜੋੜਨ ਤੇ ਡਾਟਾਬੇਸ ਤੱਕ ਪਹੁੰਚ ਵਰਗੇ ਮੁੱਦੇ ਸ਼ਾਮਲ ਸਨ। ਇਸ ਦਾਅਵੇ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘100 ਫੀਸਦੀ ਯਕੀਨ’ ਨਾਲ ਦੋਸ਼ ਲਗਾਇਆ ਕਿ ਭਾਰਤ ’ਚ 2024 ਦੀਆਂ ਲੋਕ ਸਭਾ ਚੋਣਾਂ ਸਮੇਤ ਕਈ ਵਿਧਾਨ ਸਭਾ ਚੋਣਾਂ ’ਚ ਧਾਂਧਲੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜੋ ਵਿਅਕਤੀ ਵੋਟ ’ਤੇ ਹਮਲਾ ਕਰਦਾ ਹੈ ਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹ ‘ਦੇਸ਼ਦ੍ਰੋਹੀ’ ਹੈ। ਇਹ ਕਾਂਗਰਸ ਵੱਲੋਂ ਲਗਾਏ ਗਏ ਦੋਸ਼ ਹਨ।
ਚੋਣ ਕਮਿਸ਼ਨ ਨੇ ਕੀ ਕਿਹਾ? ਹਾਲਾਂਕਿ ਚੋਣ ਕਮਿਸ਼ਨ ਨੇ ਅੰਦਰੂਨੀ ਅਸਹਿਮਤੀ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਬਹੁ-ਮੈਂਬਰੀ ਸੰਸਥਾ ’ਚ ਪ੍ਰਸ਼ਾਸਨਿਕ ਸੁਝਾਅ ਤੇ ਫੀਡਬੈਕ ਆਮ ਪ੍ਰਕਿਰਿਆ ਦਾ ਹਿੱਸਾ ਹਨ। ਕਮਿਸ਼ਨ ਨੇ ਸਪਸ਼ਟ ਕੀਤਾ ਕਿ SIR ਨਾਲ ਜੁੜੇ ਸਾਰੇ ਅੰਤਿਮ ਫ਼ੈਸਲੇ ਸਰਬਸੰਮਤੀ ਨਾਲ ਲਏ ਗਏ ਸਨ।