- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਸ਼ ਹੈ ਕਿ ਇੱਕ WhatsApp ਪੋਸਟ ਨੂੰ ਲੈ ਕੇ ਵਿਧਾਇਕ ਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨਾਲ ਬਹਿਸ ਕੀਤੀ, ਜਿਸ ਤੋਂ ਬਾਅਦ ਹੱਥਾਪਾਈ ਹੋ ਗਈ। ਇਸ ਝੜਪ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਡਿਜ਼ਿਟਲ ਡੈਸਕ, ਤਿਰੁਵਨੰਤਪੁਰਮ : ਕੇਰਲ ’ਚ ਕਾਂਗਰਸ ਦੀ ਅੰਦਰੂਨੀ ਖਿੱਚਤਾਣ ਸਾਹਮਣੇ ਆਈ ਹੈ। ਤਿਰੁਵਨੰਤਪੁਰਮ ਜ਼ਿਲ੍ਹੇ ਦੇ ਚਿਰਾਇਨਕੀਝੂ ’ਚ ਸ਼ੁੱਕਰਵਾਰ ਰਾਤ ਕਾਂਗਰਸ ਵਿਧਾਇਕ ਰਮਿਆ ਹਰਿਦਾਸ ਤੇ ਸਥਾਨਕ ਪਾਰਟੀ ਵਰਕਰਾਂ ਵਿਚਕਾਰ ਝੜਪ ਹੋ ਗਈ। ਇਸ ਘਟਨਾ ’ਚ ਜ਼ਖ਼ਮੀ ਹੋਈ ਰਮਿਆ ਹਰਿਦਾਸ ਨੇ ਚਿਰਾਇਨਕੀਝੂ ਤਾਲੁਕ ਹਸਪਤਾਲ ’ਚ ਇਲਾਜ ਕਰਵਾਇਆ। ਵਿਧਾਇਕ ਹਰਿਦਾਸ ਨੇ ਦੋਸ਼ ਲਗਾਇਆ ਕਿ ਸਥਾਨਕ ਕਾਂਗਰਸ ਆਗੂਆਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਧਮਕਾਇਆ। ਦੂਜੇ ਪਾਸੇ, ਜ਼ਿਲ੍ਹਾ ਪੰਚਾਇਤ ਮੈਂਬਰ ਸਾਜਿਤ ਮੁੱਟਮਬਲਮ ਤੇ ਪਾਰਟੀ ਆਗੂ ਸੱਜਾਦ ਨੇ ਘਟਨਾ ਬਾਰੇ ਵੱਖਰਾ ਪੱਖ ਰੱਖਿਆ। ਉਨ੍ਹਾਂ ਦਾ ਦੋਸ਼ ਹੈ ਕਿ ਇੱਕ WhatsApp ਪੋਸਟ ਨੂੰ ਲੈ ਕੇ ਵਿਧਾਇਕ ਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨਾਲ ਬਹਿਸ ਕੀਤੀ, ਜਿਸ ਤੋਂ ਬਾਅਦ ਹੱਥਾਪਾਈ ਹੋ ਗਈ। ਇਸ ਝੜਪ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ’ਚ ਰਮਿਆ ਹਰਿਦਾਸ ਨਾਲ ਕੁਝ ਲੋਕਾਂ ਨੂੰ ਹੱਥਾਪਾਈ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਹਰਿਦਾਸ ਦੇ ਬਿਆਨ ਦੇ ਆਧਾਰ ’ਤੇ ਸਾਜਿਤ ਤੇ ਸੱਜਾਦ ਸਮੇਤ ਸੱਤ ਕਾਂਗਰਸ ਵਰਕਰਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ (ਅਤਿਆਚਾਰ ਰੋਕਥਾਮ) ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਸੱਜਾਦ ਦੀ ਸ਼ਿਕਾਇਤ ਦੇ ਆਧਾਰ ’ਤੇ ਵੀ ਇੱਕ ਵੱਖਰਾ ਮਾਮਲਾ ਦਰਜ ਕੀਤਾ ਜਾਵੇਗਾ।
ਜਾਣੋ ਪੂਰਾ ਮਾਮਲਾ
ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ ਬਲਾਕ ਪੰਚਾਇਤ ਕਮੇਟੀ ਦੀ ਇੱਕ ਮੀਟਿੰਗ ’ਚ ਵਿਧਾਇਕ, ਚੁਣੇ ਹੋਏ ਨੁਮਾਇੰਦਿਆਂ ਤੇ ਅਧਿਕਾਰੀਆਂ ਦੀ ਮੌਜੂਦਗੀ ਦੌਰਾਨ ਹਰਿਦਾਸ ਦੇ ਸਟਾਫ ਮੈਂਬਰ ਪਲਾਯਮ ਪ੍ਰਦੀਪ ਦੀ ਸ਼ਮੂਲੀਅਤ ਨੂੰ ਲੈ ਕੇ ਸ਼ੁਰੂ ਹੋਇਆ। ਹਰਿਦਾਸ ਨੇ ਕਿਹਾ ਕਿ ਪ੍ਰਦੀਪ ਉਨ੍ਹਾਂ ਦੇ ਨਿੱਜੀ ਸਹਾਇਕ (PA) ਵਜੋਂ ਕੰਮ ਕਰ ਰਹੇ ਸਨ। ਹਾਲਾਂਕਿ, ਸੱਜਾਦ ਨੇ ਇਸ ਗੱਲ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਕਿ ਵਿਧਾਇਕ ਦੇ PA ਵਜੋਂ ਵਿਮਲ ਨਾਮ ਦਾ ਇੱਕ ਹੋਰ ਵਿਅਕਤੀ ਕੰਮ ਕਰਦਾ ਸੀ।
ਹਰਿਦਾਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਲ ਹੀ ’ਚ ਇਲਾਕੇ ’ਚ ਬੈਂਕ ਚੋਣਾਂ ਹੋਈਆਂ ਸਨ, ਜਿਨ੍ਹਾਂ ’ਚ ਕਾਂਗਰਸ ਦੇ ਮੈਂਬਰ ਤਿੰਨ ਵੱਖ-ਵੱਖ ਪੈਨਲਾਂ ਤੋਂ ਚੋਣ ਲੜ ਰਹੇ ਸਨ। ਉਨ੍ਹਾਂ ਕਿਹਾ, ‘ਮੈਂ ਕਿਸੇ ਵੀ ਪੈਨਲ ਦੇ ਸੰਮੇਲਨ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਮੈਂ ਕਿਸੇ ਇੱਕ ਧੜੇ ਦਾ ਸਮਰਥਨ ਕਰਦੀ ਹੋਈ ਨਹੀਂ ਦਿਖਣਾ ਚਾਹੁੰਦੀ ਸੀ।’ ਉਨ੍ਹਾਂ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਸੱਜਾਦ ਨੇ WhatsApp ਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਖ਼ਿਲਾਫ਼ ਵਾਰ-ਵਾਰ ਨਕਾਰਾਤਮਕ ਟਿੱਪਣੀਆਂ ਕੀਤੀਆਂ। ਹਰਿਦਾਸ ਦੇ ਮੁਤਾਬਕ, ਜਦੋਂ ਉਨ੍ਹਾਂ ਨੇ ਸੱਜਾਦ ਤੋਂ ਇਨ੍ਹਾਂ ਪੋਸਟਾਂ ਬਾਰੇ ਪੁੱਛਿਆ ਤਾਂ ਸੱਜਾਦ ਨੇ ਕਿਹਾ ਕਿ ਉਨ੍ਹਾਂ ਨੇ ਸਾਜਿਤ ਤੇ ਵਿਸ਼ਵਨਾਥਨ ਦੇ ਕਹਿਣ 'ਤੇ ਅਜਿਹਾ ਕੀਤਾ ਸੀ।
ਸਾਜਿਤ ’ਤੇ ਧਮਕਾਉਣ ਦਾ ਦੋਸ਼
ਹਰਿਦਾਸ ਨੇ ਦੱਸਿਆ ਕਿ ਬਾਅਦ ’ਚ ਸੱਜਾਦ ਨੇ ਉਨ੍ਹਾਂ ਨੂੰ ਇਸ ਮਾਮਲੇ ’ਤੇ ਗੱਲਬਾਤ ਕਰਨ ਲਈ ਆਪਣੇ ਘਰ ਬੁਲਾਇਆ ਤੇ ਉਹ ਕੁਝ ਹੋਰ ਲੋਕਾਂ ਨਾਲ ਉੱਥੇ ਗਈਆਂ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਸਾਜਿਤ, ਅਧੀਸ਼, ਬਿਨੋਏ ਤੇ ਕਈ ਹੋਰ ਲੋਕ ਉੱਥੇ ਪਹੁੰਚ ਗਏ। ਹਰਿਦਾਸ ਦੇ ਅਨੁਸਾਰ, ਸਾਜਿਤ ਨੇ ਉੱਥੇ ਹਮਲਾਵਰ ਰਵੱਈਆ ਅਪਣਾਇਆ ਅਤੇ ਉਨ੍ਹਾਂ ਨੂੰ ਧਮਕਾਇਆ। ਹਰਿਦਾਸ ਨੇ ਪੱਤਰਕਾਰਾਂ ਨੂੰ ਕਿਹਾ, ‘ਇਸ ’ਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਬਰਬਾਦ ਕਰਨ ਦੀ ਸਾਜ਼ਿਸ਼ ਰਚੀ। ਸਾਜਿਤ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਤੇ ਕਿਹਾ ਕਿ ਜਿਸ ਰਸਤੇ ਤੋਂ ਉਹ ਆਈ ਹਨ, ਉਸ ਰਸਤੇ ਵਾਪਸ ਜਾਣ ਲਈ ਉਨ੍ਹਾਂ ਦੇ ਪੈਰ ਨਹੀਂ ਬਚਣਗੇ।’ ਹਾਲਾਂਕਿ, ਸੱਜਾਦ ਨੇ ਘਟਨਾ ਬਾਰੇ ਵੱਖਰਾ ਪੱਖ ਪੇਸ਼ ਕੀਤਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਪਾਰਟੀ ਦੇ WhatsApp ਗਰੁੱਪ ’ਚ ਸਵਾਲ ਕੀਤਾ ਕਿ ਪ੍ਰਦੀਪ ਬਲਾਕ ਪੰਚਾਇਤ ਕਮੇਟੀ ਦੀ ਮੀਟਿੰਗ ’ਚ ਕਿਉਂ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ, ‘ਜਦੋਂ ਤੋਂ ਹਰਿਦਾਸ ਵਿਧਾਇਕ ਬਣੀ ਹਨ, ਪ੍ਰਦੀਪ ਹਲਕੇ ’ਚ ਗਲਤ ਤਰੀਕੇ ਨਾਲ ਪ੍ਰਭਾਵ ਪਾ ਰਹੇ ਹਨ ਤੇ ਅਸੀਂ ਮੀਟਿੰਗ ’ਚ ਉਨ੍ਹਾਂ ਦੀ ਸ਼ਮੂਲੀਅਤ ’ਤੇ ਸਵਾਲ ਉਠਾਇਆ ਸੀ।’
ਸੱਜਾਦ ਦਾ ਦੋਸ਼ ਹੈ ਕਿ ਵਿਧਾਇਕ ਰਮਿਆ ਹਰਿਦਾਸ ਆਪਣੇ ਸਮਰਥਕਾਂ ਨਾਲ ਉਨ੍ਹਾਂ ਦੀ ਦੁਕਾਨ ’ਤੇ ਆਈਆਂ ਤੇ ਉਨ੍ਹਾਂ ਨੂੰ ਜ਼ਬਰਦਸਤੀ ਘਰ ਲੈ ਗਈਆਂ। ਉੱਥੇ ਉਨ੍ਹਾਂ ਦੇ ਸਹਿਯੋਗੀ ਪ੍ਰਦੀਪ ਨੇ ਸੱਜਾਦ ਦੀ ਧੀ ਤੋਂ ਵਿਵਾਦਿਤ ਪੋਸਟ ਪੜ੍ਹਵਾਈ। ਇਸ ਦਾ ਵਿਰੋਧ ਕਰਨ ’ਤੇ ਤਿੱਖੀ ਬਹਿਸ ਹੋਈ ਤੇ ਸਥਾਨਕ ਆਗੂਆਂ ਨੇ ਵਿਧਾਇਕ ਤੋਂ ਸਵਾਲ ਕੀਤੇ।
‘ਮੇਰਾ ਹੱਥ ਛੱਡੋ, ਤੁਸੀਂ ਕੌਣ ਹੋ?’
ਸਾਹਮਣੇ ਆਏ ਟਕਰਾਅ ਦੇ ਵੀਡੀਓ ’ਚ ਹਰਿਦਾਸ ਨੂੰ ਉੱਥੇ ਮੌਜੂਦ ਕੁਝ ਲੋਕਾਂ ਨਾਲ ਬਹਿਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਮੇਰਾ ਹੱਥ ਛੱਡੋ’ ਤੇ ਉਹ ਇਹ ਵੀ ਪੁੱਛਦੀਆਂ ਹਨ, ‘ਤੁਸੀਂ ਕੌਣ ਹੋ?’ ਕਾਂਗਰਸ ਆਗੂ ਸੱਜਾਦ ਦਾ ਦੋਸ਼ ਹੈ ਕਿ ਵਿਧਾਇਕ ਰਮਿਆ ਹਰਿਦਾਸ ਬਿਨਾਂ ਬੁਲਾਏ ਉਨ੍ਹਾਂ ਦੇ ਘਰ ਆਈਆਂ ਤੇ ਉੱਥੇ ਬਹਿਸ ਕੀਤੀ। ਉਨ੍ਹਾਂ ਨੇ ਪੁਲਿਸ ਸੁਰੱਖਿਆ ਦੀ ਮੰਗ ਵੀ ਕੀਤੀ ਹੈ।
ਉੱਧਰ, ਕੇਰਲ ਕਾਂਗਰਸ ਨੇ ਮਾਮਲੇ ਦੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਵਾਂ ਧਿਰਾਂ ਦਾ ਪੱਖ ਸੁਣਨ ਦਾ ਫ਼ੈਸਲਾ ਕੀਤਾ ਹੈ।
(ਸਮਾਚਾਰ ਏਜੰਸੀ PTI ਦੇ ਇਨਪੁਟ ਨਾਲ)