ਭਾਰੀ ਮੀਂਹ ਮਗਰੋਂ ਵਿਗੜੇ ਹਾਲਾਤ : ਸਕੂਲ ਬੱਸਾਂ 'ਚ ਫਸੇ ਰਹੇ ਮਾਸੂਮ ਬੱਚੇ, ਮਾਪਿਆਂ ਨੂੰ ਪੈ ਗਈਆਂ ਭਾਜੜਾਂ
ਗੁਰੂਗ੍ਰਾਮ ’ਚ ਸੋਮਵਾਰ ਨੂੰ ਮੋਹਲੇਧਾਰ ਬਾਰਿਸ਼ ਕਾਰਨ ਹਾਲਾਤ ਵਿਗੜ ਗਏ। ਸਭ ਤੋਂ ਮਾੜੀ ਸਥਿਤੀ ਸੁਭਾਸ਼ ਚੌਕ ’ਤੇ ਰਹੀ, ਜਿੱਥੇ ਪਾਣੀ ’ਚ ਫਸਣ ਕਾਰਨ ਨੌਂ ਸਕੂਲ ਬੱਸਾਂ ਸਮੇਤ 15 ਵਾਹਨ ਖ਼ਰਾਬ ਹੋ ਗਏ। ਸਕੂਲਾਂ ਦੀ ਛੁੱਟੀ ਹੋਣ ਮਗਰੋਂ ਜਿਵੇਂ ਹੀ ਬੱਸਾਂ ਸੁਭਾਸ਼ ਚੌਕ ’ਤੇ ਪਹੁੰਚੀਆਂ, ਇੱਥੇ ਭਾਰੀ ਮਾਤਰਾ ’ਚ ਪਾਣੀ ਭਰਨ ਕਾਰਨ ਬੱਸਾਂ ਖ਼ਰਾਬ ਹੋ ਗਈਆਂ। ਬੱਸਾਂ ’ਚ ਫਸੇ ਸਕੂਲੀ ਬੱਚਿਆਂ ਨੂੰ ਲੈਣ ਲਈ ਮਾਪਿਆਂ ਨੂੰ ਮੌਕੇ ’ਤੇ ਪਹੁੰਚਣਾ ਪਿਆ। ਬਹੁਤ ਮੁਸ਼ਕਲ ਨਾਲ ਬੱਚਿਆਂ ਨੂੰ ਬੱਸਾਂ ’ਚੋਂ ਬਾਹਰ ਕੱਢਿਆ ਗਿਆ। ਸ਼ਾਮ ਪੰਜ ਵਜੇ ਤੱਕ 75 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਬਾਅਦ ਮੁੱਖ ਸੜਕਾਂ ਅਤੇ ਅੰਡਰਪਾਸਾਂ ’ਚ ਪਾਣੀ
Publish Date: Tue, 25 Aug 2026 10:48 AM (IST)
Updated Date: Tue, 25 Aug 2026 10:52 AM (IST)
ਜਾਗਰਣ ਸੰਵਾਦਦਾਤਾ, ਗੁਰੂਗ੍ਰਾਮ : ਗੁਰੂਗ੍ਰਾਮ ’ਚ ਸੋਮਵਾਰ ਨੂੰ ਮੋਹਲੇਧਾਰ ਬਾਰਿਸ਼ ਕਾਰਨ ਹਾਲਾਤ ਵਿਗੜ ਗਏ। ਸਭ ਤੋਂ ਮਾੜੀ ਸਥਿਤੀ ਸੁਭਾਸ਼ ਚੌਕ ’ਤੇ ਰਹੀ, ਜਿੱਥੇ ਪਾਣੀ ’ਚ ਫਸਣ ਕਾਰਨ ਨੌਂ ਸਕੂਲ ਬੱਸਾਂ ਸਮੇਤ 15 ਵਾਹਨ ਖ਼ਰਾਬ ਹੋ ਗਏ। ਸਕੂਲਾਂ ਦੀ ਛੁੱਟੀ ਹੋਣ ਮਗਰੋਂ ਜਿਵੇਂ ਹੀ ਬੱਸਾਂ ਸੁਭਾਸ਼ ਚੌਕ ’ਤੇ ਪਹੁੰਚੀਆਂ, ਇੱਥੇ ਭਾਰੀ ਮਾਤਰਾ ’ਚ ਪਾਣੀ ਭਰਨ ਕਾਰਨ ਬੱਸਾਂ ਖ਼ਰਾਬ ਹੋ ਗਈਆਂ। ਬੱਸਾਂ ’ਚ ਫਸੇ ਸਕੂਲੀ ਬੱਚਿਆਂ ਨੂੰ ਲੈਣ ਲਈ ਮਾਪਿਆਂ ਨੂੰ ਮੌਕੇ ’ਤੇ ਪਹੁੰਚਣਾ ਪਿਆ। ਬਹੁਤ ਮੁਸ਼ਕਲ ਨਾਲ ਬੱਚਿਆਂ ਨੂੰ ਬੱਸਾਂ ’ਚੋਂ ਬਾਹਰ ਕੱਢਿਆ ਗਿਆ। ਸ਼ਾਮ ਪੰਜ ਵਜੇ ਤੱਕ 75 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਬਾਅਦ ਮੁੱਖ ਸੜਕਾਂ ਅਤੇ ਅੰਡਰਪਾਸਾਂ ’ਚ ਪਾਣੀ ਭਰ ਗਿਆ। ਸ਼ਹਿਰ ’ਚ 50 ਤੋਂ ਵੱਧ ਥਾਵਾਂ ’ਤੇ ਲੰਬਾ ਜਾਮ ਲੱਗ ਗਿਆ।
ਸੁਭਾਸ਼ ਚੌਕ ’ਤੇ ਸ਼ਾਮ ਛੇ ਵਜੇ ਤੱਕ ਬਾਰਿਸ਼ ਦਾ ਪਾਣੀ ਨਹੀਂ ਘਟਿਆ ਇਸ ਵਿਚਕਾਰ ਖ਼ਰਾਬ ਹੋਈਆਂ ਸਕੂਲ ਬੱਸਾਂ ਅਤੇ ਹੋਰ ਵਾਹਨਾਂ ਨੂੰ ਸੜਕ ਤੋਂ ਹਟਾਇਆ ਨਹੀਂ ਜਾ ਸਕਿਆ। ਇਸ ਨਾਲ ਚੌਕ ’ਤੇ ਆਵਾਜਾਈ ਦਾ ਦਬਾਅ ਲਗਾਤਾਰ ਵਧਦਾ ਗਿਆ। ਦਿੱਲੀ-ਜੈਪੁਰ ਹਾਈਵੇਅ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਬਾਰਿਸ਼ ਮਗਰੋਂ ਸੁਭਾਸ਼ ਚੌਕ ਤੋਂ ਇਲਾਵਾ ਮਹਾਵੀਰ ਚੌਕ, ਮੇਦਾਂਤਾ ਰੋਡ ਅੰਡਰਪਾਸ ਅਤੇ ਰਾਜੀਵ ਚੌਕ ਐੱਨਐੱਮਟੀ ਅੰਡਰਪਾਸ ’ਚ ਵੀ ਪਾਣੀ ਭਰ ਗਿਆ। ਸਿਗਨੇਚਰ ਟਾਵਰ, ਇਫਕੋ ਚੌਕ ਅਤੇ ਗੋਲਫ ਕੋਰਸ ਰੋਡ ’ਤੇ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਪਾਣੀ ਭਰਨ ਅਤੇ ਸੜਕਾਂ ’ਤੇ ਖ਼ਰਾਬ ਹੋਏ ਵਾਹਨਾਂ ਕਾਰਨ ਦੇਰ ਰਾਤ ਤੱਕ ਆਵਾਜਾਈ ਪ੍ਰਬੰਧ ਆਮ ਨਹੀਂ ਹੋ ਸਕੇ।
ਮੰਗਲਵਾਰ ਨੂੰ ਵਰਕ ਫਰਾਮ ਹੋਮ ਦੀ ਐਡਵਾਇਜ਼ਰੀ
ਪਾਣੀ ਦੀ ਬਹੁਤਾਤ ਅਤੇ ਆਵਾਜਾਈ ਦੀ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਲਈ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਨਾਲ ਕਾਰਪੋਰੇਟ ਕੰਪਨੀਆਂ ਲਈ ਵਰਕ ਫਰਾਮ ਹੋਮ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ।
ਆਈਜੀਆਈ ’ਤੇ 14 ਉਡਾਣਾਂ ਡਾਇਵਰਟ, ਰਵਾਨਗੀ ਦੀ ਉਡੀਕ ਕਰ ਰਹੇ ਜਹਾਜ਼ਾਂ ਦੀਆਂ ਲੱਗੀਆਂ ਕਤਾਰਾਂ ਦਿੱਲੀ ਸੰਵਾਦਦਾਤਾ ਅਨੁਸਾਰ, ਤੇਜ਼ ਬਾਰਿਸ਼ ਕਾਰਨ ਸੋਮਵਾਰ ਸਵੇਰੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ ’ਤੇ ਉਡਾਣਾਂ ਦਾ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਦਿੱਲੀ ਆ ਰਹੀਆਂ 14 ਘਰੇਲੂ ਅਤੇ ਕੌਮਾਂਤਰੀ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਡਾਇਵਰਟ ਕਰਨਾ ਪਿਆ। ਇਨ੍ਹਾਂ ’ਚ ਦੁਬਈ, ਸ਼ਾਰਜਾਹ, ਗੋਆ, ਰਾਂਚੀ, ਇੰਫਾਲ, ਚੇਨਈ, ਇੰਦੌਰ, ਮੁੰਬਈ, ਲੇਹ, ਸਿਲੀਗੁੜੀ, ਬੈਂਗਲੁਰੂ, ਭੁਬਨੇਸ਼ਵਰ ਅਤੇ ਡਿਬਰੂਗੜ੍ਹ ਤੋਂ ਆਉਣ ਵਾਲੇ ਜਹਾਜ਼ ਸ਼ਾਮਲ ਸਨ। ਦਿਨ ’ਚ 11 ਵਜੇ ਤੋਂ 12:30 ਵਜੇ ਦਰਮਿਆਨ ਸਥਿਤੀ ਸਭ ਤੋਂ ਗੰਭੀਰ ਰਹੀ, ਜਦੋਂ ਏਟੀਸੀ ਅਤੇ ਡਾਇਵਰਜ਼ਨ ਹਵਾਈ ਅੱਡਿਆਂ ’ਤੇ ਦਬਾਅ ਰੋਕਣ ਲਈ ਉਡਾਣਾਂ ਨੂੰ ਉਨ੍ਹਾਂ ਦੇ ਮੂਲ ਹਵਾਈ ਅੱਡਿਆਂ ’ਤੇ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਆਈਜੀਆਈ ਆਉਣ ਵਾਲੀਆਂ ਕਰੀਬ 50 ਫ਼ੀਸਦੀ ਉਡਾਣਾਂ ਦੇਰੀ ਨਾਲ ਚੱਲੀਆਂ।
ਰਵਾਨਗੀ ਸੇਵਾਵਾਂ ’ਤੇ ਬਾਰਿਸ਼ ਦਾ ਹੋਰ ਵੀ ਜ਼ਿਆਦਾ ਗੰਭੀਰ ਅਸਰ ਦੇਖਣ ਨੂੰ ਮਿਲਿਆ। ਦਿਨ ’ਚ 11 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਦਿੱਲੀ ਤੋਂ ਉਡਾਣ ਭਰਨ ਵਾਲੀ ਲਗਪਗ ਹਰ ਉਡਾਣ ਦੇਰੀ ਨਾਲ ਰਹੀ ਅਤੇ ਜਹਾਜ਼ ਬੇ-ਏਰੀਆ ’ਚ ਹੀ ਖੜ੍ਹੇ ਰਹੇ। ਮੌਸਮ ’ਚ ਸੁਧਾਰ ਮਗਰੋਂ ਜਦੋਂ ਰਵਾਨਗੀ ਸ਼ੁਰੂ ਹੋਈ ਤਾਂ ਰਨਵੇਅ ’ਤੇ ਜਹਾਜ਼ਾਂ ਦੀਆਂ ਲੰਬੀਆਂ ਕਤਾਰਾਂ ਕਾਰਨ ਸਥਿਤੀ ਆਮ ਹੋਣ ’ਚ ਕਈ ਘੰਟੇ ਲੱਗ ਗਏ। ਸ਼ਾਮ ਛੇ ਵਜੇ ਤੱਕ ਰਵਾਨਗੀ ਦੀਆਂ ਲਗਪਗ 85 ਫ਼ੀਸਦੀ ਉਡਾਣਾਂ ਪ੍ਰਭਾਵਿਤ ਰਹੀਆਂ, ਜਿਨ੍ਹਾਂ ’ਚ ਔਸਤਨ 40 ਮਿੰਟ ਦੀ ਦੇਰੀ ਦਰਜ ਕੀਤੀ ਗਈ।