ਦਿੱਲੀ ਗੈਂਗਰੇਪ ਤੋਂ ਬਾਅਦ ਦਹਿਸ਼ਤ 'ਚ ਕਾਲਜ ਦੀਆਂ ਵਿਦਿਆਰਥਣਾਂ, ਬੋਲੀਆਂ- ਗੇਟ ਤੋਂ ਬਾਹਰ ਨਿਕਲਦੇ ਹੀ ਲੱਗਦਾ ਹੈ ਡਰ; ਪੁਲਿਸ ਗਸ਼ਤ ਵਧਾਉਣ ਦੀ ਮੰਗ
ਲੇਡੀ ਸ਼੍ਰੀ ਰਾਮ ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਕਾਜੀ ਦੀ ਘਟਨਾ ਦੇ ਵਿਰੋਧ ’ਚ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ। ਵਿਦਿਆਰਥਣਾਂ ਨੇ ਕਾਲਜ ਦੇ ਆਲੇ-ਦੁਆਲੇ ਪੁਲਿਸ ਗਸ਼ਤ ਵਧਾਉਣ ਤੇ ਅਪਰਾਧਿਕ ਤੱਤਾਂ ’ਤੇ ਨਕੇਲ ਕੱਸਣ ਦੀ ਅਪੀਲ ਕੀਤੀ ਹੈ।
Publish Date: Thu, 24 Sep 2026 12:56 PM (IST)
Updated Date: Thu, 24 Sep 2026 12:58 PM (IST)
ਜਾਗਰਣ ਸੰਵਾਦਦਾਤਾ, ਦੱਖਣੀ ਦਿੱਲੀ : ਕਾਲਜ ਦੇ ਅੰਦਰ ਅਸੀਂ ਸੁਰੱਖਿਅਤ ਹਾਂ, ਪਰ ਬਾਹਰ ਨਿਕਲਦੇ ਹੀ ਡਰ ਲੱਗਦਾ ਹੈ। ਪਿਛਲੇ ਗੇਟ ਤੇ ਬੱਸ ਸਟੈਂਡ ਦੇ ਆਸ-ਪਾਸ ਅਪਰਾਧਿਕ ਕਿਸਮ ਦੇ ਲੋਕ ਘੁੰਮਦੇ ਰਹਿੰਦੇ ਹਨ, ਜੋ ਸਾਨੂੰ ਦੇਖ ਕੇ ਘੂਰਦੇ ਹਨ, ਸੀਟੀਆਂ ਮਾਰਦੇ ਹਨ, ਬਾਈਕ ’ਤੇ ਸਟੰਟ ਕਰਕੇ ਡਰਾਉਂਦੇ ਹਨ ਤੇ ਕਈ ਵਾਰ ਅਸ਼ਲੀਲ ਇਸ਼ਾਰੇ ਤੇ ਹਰਕਤਾਂ ਵੀ ਕਰਦੇ ਹਨ। ਵਿਦਿਆਰਥਣਾਂ ਨੇ ਕਿਹਾ, “ਸਾਡੀ ਪੁਲਿਸ ਤੋਂ ਮੰਗ ਹੈ- ਸਰ, ਕਿਰਪਾ ਕਰਕੇ ਥਾਂ-ਥਾਂ ਪੈਟਰੋਲਿੰਗ ਵਧਾਓ, ਤਾਂ ਜੋ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੀਏ।” ਲੇਡੀ ਸ਼੍ਰੀ ਰਾਮ ਕਾਲਜ ਫਾਰ ਵੂਮੈਨ ਦੇ ਬਾਹਰ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਨੇ ਇਹ ਗੱਲ ਕਹੀ।
ਕਾਲਕਾਜੀ ਦੇ ਆਸਥਾ ਕੁੰਜ ਪਾਰਕ ’ਚ ਵਾਪਰੀ ਘਟਨਾ ਦੇ ਵਿਰੋਧ ’ਚ ਵਿਦਿਆਰਥਣਾਂ ਨੇ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਸੁਰੱਖਿਆ ਪ੍ਰਬੰਧ ਪੱਕੇ ਕਰਨ ਦੀ ਆਵਾਜ਼ ਉਠਾਈ। ਇਸ ਪ੍ਰਦਰਸ਼ਨ ’ਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਮੈਂਬਰਾਂ ਤੇ ਦਿੱਲੀ ਯੂਨੀਵਰਸਿਟੀ ਦੇ ਹੋਰ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਵੀ ਹਿੱਸਾ ਲਿਆ। ਘਟਨਾ ਤੋਂ ਬਾਅਦ ਕਾਲਜ ’ਚ ਦੋ ਦਿਨ ਤੱਕ ਕਲਾਸਾਂ ਆਨਲਾਈਨ ਕਰਵਾਈਆਂ ਗਈਆਂ ਸਨ ਤੇ ਕਾਲਜ ਬੰਦ ਰਿਹਾ। ਬੁੱਧਵਾਰ ਦੁਪਹਿਰ ਤੋਂ ਬਾਅਦ ਕਾਲਜ ਦੇ ਬਾਹਰ ਵਿਦਿਆਰਥਣਾਂ ਦੇ ਇਕੱਠੇ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸ਼ਾਮ ਨੂੰ ਵੱਡੀ ਗਿਣਤੀ ’ਚ ਵਿਦਿਆਰਥਣਾਂ ਇਕੱਠੀਆਂ ਹੋਈਆਂ ਤੇ ਨੇੜਲੇ ਪਿੰਕ ਬੂਥ ਤੱਕ ਮਾਰਚ ਕਰਕੇ ਰੋਸ ਜਤਾਇਆ।
ਪੁਲਿਸ ਬਲ ਤਾਇਨਾਤ ਕਰਨ ਦੀ ਮੰਗ ਉੱਠੀ “ਨਾਰੀ ਮੁਕਤੀ ਜ਼ਿੰਦਾਬਾਦ”, “ਤਾਨਾਸ਼ਾਹੀ ਨਹੀਂ ਚਲੇਗੀ”, “ਸਾਨੂੰ ਚਾਹੀਦੀ ਆਜ਼ਾਦੀ” ਵਰਗੇ ਨਾਅਰਿਆਂ ਨਾਲ ਵਿਦਿਆਰਥਣਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਦੇ ਨਾਲ ਹੀ ਹੱਥਾਂ ’ਚ “ਰਿਪਬਲਿਕ ਨਹੀਂ, ਰੇਪਬਲਿਕ”, “ਅਸਾਲਟ ਇਜ਼ ਦ ਪਰਪੈਟ੍ਰੇਟਰਜ਼ ਫਾਲਟ”, “ਗਰਲਜ਼ ਜਸਟ ਵਾਂਟ ਟੂ ਵਾਕ ਹੋਮ” ਵਰਗੇ ਸਲੋਗਨ ਲਿਖੇ ਪੋਸਟਰ ਤੇ ਤਖ਼ਤੀਆਂ ਲੈ ਕੇ ਰੋਸ ਜਤਾਇਆ ਗਿਆ। ਵਿਦਿਆਰਥਣਾਂ ਨੇ ਕਾਲਜ ਦੇ ਆਲੇ-ਦੁਆਲੇ, ਪਿਛਲੇ ਗੇਟ ਤੇ ਨੇੜਲੇ ਪਾਰਕਾਂ ’ਚ ਪੁਲਿਸ ਬਲ ਤਾਇਨਾਤ ਕਰਨ ਦੀ ਮੰਗ ਕੀਤੀ ਹੈ।
ਕਾਲਜ ਨੇ ਸੁਰੱਖਿਆ ਵਧਾਉਣ ਦਾ ਦਿੱਤਾ ਭਰੋਸਾ ਕਾਲਜ ਦੀ ਪ੍ਰਿੰਸੀਪਲ ਕਨਿਕਾ ਕੇ. ਆਹੂਜਾ ਨੇ ਦੱਸਿਆ ਕਿ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਕਾਲਜ ’ਚ ਸੰਯੁਕਤ ਪੁਲਿਸ ਕਮਿਸ਼ਨਰ ਵਿਜੇ ਕੁਮਾਰ, ਡੀਸੀਪੀ, ਏਸੀਪੀ ਤੇ ਐੱਸਐੱਚਓ ਨਾਲ ਮੀਟਿੰਗ ਕੀਤੀ ਗਈ ਹੈ। ਇਸ ਦੌਰਾਨ ਵਿਦਿਆਰਥਣਾਂ ਦੀ ਸੁਰੱਖਿਆ ਵਧਾਉਣ ਤੇ ਤੁਰੰਤ ਕਾਰਵਾਈ ਯਕੀਨੀ ਬਣਾਉਣ ਦੀ ਮੰਗ ਰੱਖੀ ਗਈ। ਕਾਲਜ ਪ੍ਰਸ਼ਾਸਨ ਵੱਲੋਂ ਅਮਰ ਕਾਲੋਨੀ ਥਾਣੇ ਨੂੰ ਪੱਤਰ ਦੇ ਕੇ ਕਾਲਜ ਦੇ ਆਲੇ-ਦੁਆਲੇ ਦੀਆਂ ਗਲੀਆਂ, ਖ਼ਾਸ ਕਰਕੇ ਪਿਛਲੇ ਗੇਟ ਤੇ ਨੇੜਲੇ ਪਾਰਕਾਂ ’ਚ ਪੁਲਿਸ ਗਸ਼ਤ ਵਧਾਉਣ ਲਈ ਕਿਹਾ ਗਿਆ ਹੈ। ਵਿਦਿਆਰਥਣਾਂ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪਰੇਸ਼ਾਨੀ ਹੋਣ ’ਤੇ ਉਹ ਖੁੱਲ੍ਹ ਕੇ ਗੱਲ ਕਰਨ। ਕਾਲਜ ਦੇ ਫੈਕਲਟੀ ਮੈਂਬਰ ਤੇ ਕਾਲਜ ਕਾਊਂਸਲਰ ਉਨ੍ਹਾਂ ਦੀ ਮਦਦ ਕਰਨਗੇ।
2 ਦਿਨ ਆਨਲਾਈਨ ਚੱਲੀਆਂ ਕਲਾਸਾਂ ਘਟਨਾ ਤੋਂ ਬਾਅਦ ਕਾਲਜ ਨੇ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਮੰਗਲਵਾਰ ਤੇ ਬੁੱਧਵਾਰ ਨੂੰ ਆਨਲਾਈਨ ਕਲਾਸਾਂ ਕਰਵਾਈਆਂ ਸਨ। ਕਾਲਜ ਦੀ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥਣਾਂ ਦੀ ਸੁਰੱਖਿਆ ਸਭ ਤੋਂ ਵੱਧ ਮਹੱਤਵਪੂਰਨ ਹੈ। ਇਸ ਦੁੱਖਦਾਈ ਘਟਨਾ ਬਾਰੇ ਪਤਾ ਲੱਗਦੇ ਹੀ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਸਨ। ਸਟੂਡੈਂਟ ਯੂਨੀਅਨ ਵੱਲੋਂ ਵੀ ਕਾਲਜ ਤੋਂ ਬੱਸ ਸਟੈਂਡ ਤੇ ਮੈਟਰੋ ਸਟੇਸ਼ਨ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ’ਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਹੈ। ਕਾਲਜ ਪ੍ਰਸ਼ਾਸਨ ਨੇ ਕਿਹਾ ਕਿ ਸਾਰੇ ਮਿਲ ਕੇ ਕੈਂਪਸ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਕੰਮ ਕਰਨਗੇ ਤੇ ਵੀਰਵਾਰ ਤੋਂ ਆਫਲਾਈਨ ਕਲਾਸਾਂ ਮੁੜ ਸ਼ੁਰੂ ਹੋਣਗੀਆਂ।