ਕਾਲਜ ਵਿਦਿਆਰਥਣ ਦੇ ਚੱਕਰ 'ਚ ਪਤਨੀ ਦਾ ਕਤਲ, ਫਿਰ ਕਾਰ 'ਚ ਰੱਖ ਕੇ ਫੂਕੀ ਲਾਸ਼... ਡਾਕਟਰ ਪਤੀ ਦਾ ਖ਼ੌਫ਼ਨਾਕ ਕਾਰਾ ਨਸ਼ਰ
ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਕਾਰ ਵਿੱਚ ਪਤਨੀ ਦੇ ਜ਼ਿੰਦਾ ਸੜ ਜਾਣ ਦੀ ਕਹਾਣੀ ਦਾ ਪਰਦਾਫ਼ਾਸ਼ ਹੋ ਗਿਆ ਹੈ। ਪੁਲਿਸ ਨੇ ਇਸ ਨੂੰ ਕੋਈ ਹਾਦਸਾ ਨਹੀਂ, ਸਗੋਂ ਇੱਕ ਸਿ਼ੰਨਯੋਜਿਤ ਕਤਲ ਦੱਸਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਡਾਕਟਰ ਪਤੀ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Publish Date: Tue, 24 Mar 2026 02:54 PM (IST)
Updated Date: Tue, 24 Mar 2026 02:58 PM (IST)

ਡਿਜੀਟਲ ਡੈਸਕ, ਭੋਪਾਲ: ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਕਾਰ ਵਿੱਚ ਪਤਨੀ ਦੇ ਜ਼ਿੰਦਾ ਸੜ ਜਾਣ ਦੀ ਕਹਾਣੀ ਦਾ ਪਰਦਾਫ਼ਾਸ਼ ਹੋ ਗਿਆ ਹੈ। ਪੁਲਿਸ ਨੇ ਇਸ ਨੂੰ ਕੋਈ ਹਾਦਸਾ ਨਹੀਂ, ਸਗੋਂ ਇੱਕ ਸਿ਼ੰਨਯੋਜਿਤ ਕਤਲ ਦੱਸਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਡਾਕਟਰ ਪਤੀ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਅਨੁਸਾਰ ਡਾਕਟਰ ਨੇ ਪਹਿਲਾਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਲਾਸ਼ ਨੂੰ ਟਿਕਾਣੇ ਲਗਾਉਣ ਲਈ ਕਾਰ ਨੂੰ ਅੱਗ ਲੱਗਣ ਦੀ ਝੂਠੀ ਕਹਾਣੀ ਘੜੀ। ਅਸਲ ਵਿੱਚ ਉਸ ਨੇ ਕਾਰ ਦੀ ਪਿਛਲੀ ਸੀਟ 'ਤੇ ਪੈਟਰੋਲ ਪਾ ਕੇ ਖੁਦ ਅੱਗ ਲਾਈ ਸੀ।
ਸੁਣਾਈ ਸੀ ਝੂਠੀ ਕਹਾਣੀ
ਜ਼ਿਕਰਯੋਗ ਹੈ ਕਿ 21 ਮਾਰਚ ਨੂੰ ਸਾਗਰ ਜ਼ਿਲ੍ਹੇ ਦੇ ਚਨਾਟੋਰੀਆ ਟੋਲ ਪਲਾਜ਼ਾ ਨੇੜੇ ਤੜਕਸਾਰ ਇੱਕ ਕਾਰ ਨੂੰ ਅੱਗ ਲੱਗਣ ਅਤੇ ਉਸ ਵਿੱਚ ਸਵਾਰ ਸੀਮਾ ਪਟੇਲ (30) ਦੇ ਜ਼ਿੰਦਾ ਸੜ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਡਾਕਟਰ ਪਤੀ ਨੀਲੇਸ਼ ਪਟੇਲ ਅਤੇ ਉਸ ਦੇ ਦੋ ਸਾਥੀਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕਾਰ ਵਿੱਚੋਂ ਕੁੱਦ ਕੇ ਆਪਣੀ ਜਾਨ ਬਚਾਈ ਹੈ। ਪਰ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਇਸ ਨੂੰ ਕਤਲ ਦੱਸਿਆ ਸੀ, ਜਿਸਦੀ ਪੁਲਿਸ ਜਾਂਚ ਵਿੱਚ ਪੁਸ਼ਟੀ ਹੋ ਗਈ ਹੈ।
ਵਿਵਾਦ ਤੋਂ ਬਾਅਦ ਕੀਤਾ ਕਤਲ
ਵਧੀਕ ਪੁਲਿਸ ਕਪਤਾਨ ਲੋਕੇਸ਼ ਸਿਨਹਾ ਨੇ ਦੱਸਿਆ ਕਿ 20 ਮਾਰਚ ਦੀ ਰਾਤ ਕਰੀਬ 2 ਵਜੇ ਡਾ. ਨੀਲੇਸ਼ ਪਟੇਲ ਦਾ ਆਪਣੀ ਪਤਨੀ ਸੀਮਾ ਨਾਲ ਝਗੜਾ ਹੋਇਆ, ਜਿਸ ਦੌਰਾਨ ਉਸ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਅਪਰਾਧ ਨੂੰ ਛੁਪਾਉਣ ਲਈ ਉਸ ਨੇ ਆਪਣੇ ਕਰਮਚਾਰੀਆਂ ਰਾਮਕ੍ਰਿਸ਼ਨ ਕੁਰਮੀ ਅਤੇ ਸ਼ੁਭਮ ਕੁਰਮੀ ਨੂੰ ਬੁਲਾਇਆ। ਤਿੰਨਾਂ ਨੇ ਲਾਸ਼ ਨੂੰ ਕਾਰ ਵਿੱਚ ਰੱਖਿਆ ਅਤੇ ਸਾਗਰ ਵੱਲ ਚੱਲ ਪਏ, ਜਿੱਥੇ ਉਨ੍ਹਾਂ ਨੇ ਕਾਰ ਨੂੰ ਅੱਗ ਲਾ ਦਿੱਤੀ।
ਸਬੂਤਾਂ ਨੇ ਵਧਾਇਆ ਸ਼ੱਕ
ਝੂਠਾ ਬਿਆਨ: ਨੀਲੇਸ਼ ਨੇ ਪਹਿਲਾਂ ਕਿਹਾ ਸੀ ਕਿ ਪਤਨੀ ਨੂੰ ਹਾਰਟ ਅਟੈਕ ਆਉਣ ਕਾਰਨ ਉਹ ਹਸਪਤਾਲ ਜਾ ਰਹੇ ਸਨ।
ਮੌਕੇ 'ਤੇ ਸਬੂਤ: ਘਟਨਾ ਵਾਲੀ ਥਾਂ ਤੋਂ ਮਾਚਿਸ ਦੀ ਜਲੀ ਹੋਈ ਤੀਲੀ ਮਿਲੀ।
ਲਾਸ਼ ਦੀ ਹਾਲਤ: ਲਾਸ਼ ਕਾਰ ਵਿੱਚ ਲੇਟੀ ਹੋਈ ਹਾਲਤ ਵਿੱਚ ਮਿਲੀ। ਜੇਕਰ ਉਹ ਜਿਉਂਦੀ ਹੁੰਦੀ ਤਾਂ ਅੱਗ ਤੋਂ ਬਚਣ ਲਈ ਹਿਲਜੁਲ ਕਰਦੀ।
ਸੀਐਨਜੀ ਟੈਂਕ: ਮੁਲਜ਼ਮ ਨੇ ਸੀਐਨਜੀ ਬਲਾਸਟ ਹੋਣ ਦੀ ਗੱਲ ਕਹੀ ਸੀ, ਪਰ ਟੈਂਕ ਬਿਲਕੁਲ ਸਹੀ-ਸਲਾਮਤ ਮਿਲਿਆ।
ਸੀਸੀਟੀਵੀ ਫੁਟੇਜ: ਮੁਲਜ਼ਮ ਨੇ ਸਬੂਤ ਮਿਟਾਉਣ ਲਈ ਘਰ ਦੇ ਸੀਸੀਟੀਵੀ ਫੁਟੇਜ ਡਿਲੀਟ ਕਰ ਦਿੱਤੇ ਸਨ।
ਪ੍ਰੇਮ ਸਬੰਧ ਬਣੇ ਕਤਲ ਦੀ ਵਜ੍ਹਾ
ਪੁਲਿਸ ਮੁਤਾਬਕ ਡਾ. ਨੀਲੇਸ਼ ਦੇ ਇੱਕ ਕਾਲਜ ਵਿਦਿਆਰਥਣ ਨਾਲ ਪ੍ਰੇਮ ਸਬੰਧ ਸਨ। ਜਦੋਂ ਸੀਮਾ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਵਿਰੋਧ ਕਰਨ ਲੱਗੀ। ਇਸੇ ਰੰਜਿਸ਼ ਕਾਰਨ ਡਾਕਟਰ ਨੇ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਹੈ।