ਸਾਵਧਾਨ! 3 ਦਿਨ ਤੱਕ ਗੁੱਲ ਰਹਿ ਸਕਦੀ ਹੈ ਬੱਤੀ, ਅੱਜ ਰਾਤ ਤੋਂ ਸ਼ੁਰੂ ਹੋਵੇਗੀ ਕਰਮਚਾਰੀਆਂ ਦੀ ਹੜਤਾਲ
ਊਰਜਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਆਸ਼ਿਮਾ ਬਰਾਰ ਦੀ ਪ੍ਰਧਾਨਗੀ ਹੇਠ ਐਤਵਾਰ ਨੂੰ ਸ਼ਕਤੀ ਭਵਨ ’ਚ ਹੋਈ ਹਰਿਆਣਾ ਬਿਜਲੀ ਕਰਮਚਾਰੀ ਅਤੇ ਇੰਜੀਨੀਅਰਜ਼ ਸੰਯੁਕਤ ਸੰਘਰਸ਼ ਮੋਰਚਾ ਅਤੇ ਪ੍ਰਬੰਧਕੀ ਕਮੇਟੀ ਦੀ ਗੱਲਬਾਤ ਵੀ ਬੇਸਿੱਟਾ ਰਹੀ। ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਨਿਗਮ ਪ੍ਰਬੰਧਕਾਂ ਨੇ ਕਿਹਾ ਹੈ ਕਿ ਪੈਰਲਲ ਲਾਇਸੈਂਸ, ਐਗਰੀ ਡਿਸਕਾਮ ਅਤੇ ਸਮਾਰਟ ਮੀਟਰਿੰਗ 'ਤੇ ਕੋਈ ਭਰੋਸਾ ਨਹੀਂ ਦਿੱਤਾ ਜਾ ਸਕਦਾ।
Publish Date: Mon, 10 Aug 2026 11:02 AM (IST)
Updated Date: Mon, 10 Aug 2026 11:03 AM (IST)
ਰਾਜ ਬਿਊਰੋ, ਚੰਡੀਗੜ੍ਹ। ਹਰਿਆਣਾ ਵਿੱਚ ਪਿਛਲੇ ਚਾਰ ਦਿਨਾਂ ਤੋਂ ਨਗਰ ਨਿਗਮ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਤੋਂ ਪ੍ਰੇਸ਼ਾਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਹਨ। ਨਿੱਜੀ ਬਿਜਲੀ ਕੰਪਨੀਆਂ ਨੂੰ ਲਾਇਸੈਂਸ, ਐਗਰੀ ਡਿਸਕਾਮ (Agri Discom) ਅਤੇ ਸਮਾਰਟ ਮੀਟਰਿੰਗ ਦੇ ਵਿਰੋਧ ਵਿੱਚ ਆਵਾਜ਼ ਚੁੱਕ ਰਹੇ ਬਿਜਲੀ ਕਰਮਚਾਰੀ ਅਤੇ ਇੰਜੀਨੀਅਰ ਸੋਮਵਾਰ ਰਾਤ ਤੋਂ ਤਿੰਨ ਦਿਨ ਦੀ ਹੜਤਾਲ 'ਤੇ ਚਲੇ ਜਾਣਗੇ। ਅਜਿਹੇ ਵਿੱਚ ਸਫ਼ਾਈ ਵਿਵਸਥਾ ਕਾਰਨ ਬਦਹਾਲ ਆਮ ਲੋਕਾਂ ਨੂੰ ਹੁਣ ਬਿਜਲੀ ਸਪਲਾਈ ਵਿੱਚ ਵੀ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਊਰਜਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਆਸ਼ਿਮਾ ਬਰਾਰ ਦੀ ਪ੍ਰਧਾਨਗੀ ਹੇਠ ਐਤਵਾਰ ਨੂੰ ਸ਼ਕਤੀ ਭਵਨ ’ਚ ਹੋਈ ਹਰਿਆਣਾ ਬਿਜਲੀ ਕਰਮਚਾਰੀ ਅਤੇ ਇੰਜੀਨੀਅਰਜ਼ ਸੰਯੁਕਤ ਸੰਘਰਸ਼ ਮੋਰਚਾ ਅਤੇ ਪ੍ਰਬੰਧਕੀ ਕਮੇਟੀ ਦੀ ਗੱਲਬਾਤ ਵੀ ਬੇਸਿੱਟਾ ਰਹੀ। ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਨਿਗਮ ਪ੍ਰਬੰਧਕਾਂ ਨੇ ਕਿਹਾ ਹੈ ਕਿ ਪੈਰਲਲ ਲਾਇਸੈਂਸ, ਐਗਰੀ ਡਿਸਕਾਮ ਅਤੇ ਸਮਾਰਟ ਮੀਟਰਿੰਗ 'ਤੇ ਕੋਈ ਭਰੋਸਾ ਨਹੀਂ ਦਿੱਤਾ ਜਾ ਸਕਦਾ।
ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ, ਜੋਖਮ ਭੱਤਾ ਦੇਣ, ਐਕਸ-ਗ੍ਰੇਸ਼ੀਆ ਰੁਜ਼ਗਾਰ ਯੋਜਨਾ ਵਿੱਚ ਲਗਾਈਆਂ ਗਈਆਂ ਸ਼ਰਤਾਂ ਨੂੰ ਹਟਾਉਣ ਅਤੇ ਹੋਰ ਮੰਗਾਂ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਸਾਰੀਆਂ ਮੰਗਾਂ ਸਰਕਾਰ ਦੇ ਪੱਧਰ ਦੀਆਂ ਹਨ। ਸਰਕਾਰ ਹੀ ਇਨ੍ਹਾਂ 'ਤੇ ਵਿਚਾਰ ਕਰੇਗੀ।
ਮੀਟਿੰਗ ’ਚ ਮੌਜੂਦ ਹਰਿਆਣਾ ਬਿਜਲੀ ਕਰਮਚਾਰੀ ਅਤੇ ਇੰਜੀਨੀਅਰਜ਼ ਸੰਯੁਕਤ ਸੰਘਰਸ਼ ਮੋਰਚਾ ਦੇ ਸੀਨੀਅਰ ਮੈਂਬਰ ਦੇਵੇਂਦਰ ਸਿੰਘ ਹੁੱਡਾ ਅਤੇ ਇਕਬਾਲ ਚੰਦਾਨਾ ਨੇ ਦੋਸ਼ ਲਾਇਆ ਕਿ ਮੈਨੇਜਮੈਂਟ ਬਿਜਲੀ ਮੰਤਰੀ ਅਨਿਲ ਵਿਜ ਵੱਲੋਂ ਮੋਰਚੇ ਨਾਲ ਹੋਈ ਮੀਟਿੰਗ ਵਿੱਚ ਦਿੱਤੇ ਭਰੋਸੇ ਤੋਂ ਵੀ ਪਿੱਛੇ ਹੱਟ ਰਹੀ ਹੈ। ਇਸ ਲਈ ਮੋਰਚੇ ਕੋਲ ਤਿੰਨ ਦਿਨਾਂ ਦੀ ਹੜਤਾਲ 'ਤੇ ਜਾਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ।
ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰਿਸੀਟੀ ਇੰਪਲਾਈਜ਼ ਐਂਡ ਇੰਜੀਨੀਅਰਜ਼ (NCCOEEI) ਦੇ ਸੀਨੀਅਰ ਮੈਂਬਰ ਅਤੇ ਇਲੈਕਟ੍ਰਿਸੀਟੀ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ (EEFI) ਦੇ ਰਾਸ਼ਟਰੀ ਮੀਤ ਪ੍ਰਧਾਨ ਸੁਭਾਸ਼ ਲਾਂਬਾ ਨੇ ਦੱਸਿਆ ਕਿ ਹਰਿਆਣਾ ਦੇ ਬਿਜਲੀ ਕਰਮਚਾਰੀਆਂ ਅਤੇ ਇੰਜੀਨੀਅਰਾਂ ਦੀ ਹੜਤਾਲ ਦੇ ਸਮਰਥਨ ਵਿੱਚ 11 ਅਗਸਤ ਨੂੰ ਪੂਰੇ ਦੇਸ਼ ਵਿੱਚ ਏਕਤਾ ਪ੍ਰਦਰਸ਼ਨ ਕੀਤੇ ਜਾਣਗੇ। ਜੇਕਰ ਨਿਗਮ ਪ੍ਰਬੰਧਕਾਂ ਨੇ ਕੋਈ ਦਮਨਕਾਰੀ ਕਾਰਵਾਈ ਕੀਤੀ ਤਾਂ ਪੂਰੇ ਦੇਸ਼ ਵਿੱਚ ਤਿੱਖਾ ਵਿਰੋਧ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਸਮਰਥਨ
ਸੰਯੁਕਤ ਕਿਸਾਨ ਮੋਰਚੇ ਦੇ ਲਗਪਗ ਸਾਰੇ ਧੜਿਆਂ ਦੇ ਆਗੂਆਂ ਨੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋ ਕੇ 15 ਅਗਸਤ ਤੋਂ ਖੇਤੀਬਾੜੀ ਖੇਤਰ ਦੇ ਖਪਤਕਾਰਾਂ ਲਈ ਵੱਖਰੇ ਤੌਰ 'ਤੇ ਐਗਰੀ ਡਿਸਕਾਮ ਬਣਾਉਣ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਐਗਰੀ ਡਿਸਕਾਮ ਵੱਖ ਕਰਨ ਨਾਲ ਹੋਰ ਡਿਸਕਾਮ ਤੋਂ ਮਿਲਣ ਵਾਲੀ ਕਰਾਸ ਸਬਸਿਡੀ ਖ਼ਤਮ ਹੋ ਜਾਵੇਗੀ।
ਇਸ ਨਾਲ ਮੌਜੂਦਾ ਵਿਵਸਥਾ ਠੱਪ ਹੋ ਜਾਵੇਗੀ ਅਤੇ ਬਿਜਲੀ ਦੀਆਂ ਦਰਾਂ ’ਚ ਵਾਧਾ ਹੋਵੇਗਾ। ਐਗਰੀ ਡਿਸਕਾਮ 5,427 ਕਰੋੜ ਰੁਪਏ ਦੀਆਂ ਦੇਣਦਾਰੀਆਂ ਨਾਲ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ ਇਸ ਦਾ ਭਵਿੱਖ ਹੀ ਹਨ੍ਹੇਰੇ ਵਿੱਚ ਹੈ। ਕਿਸਾਨਾਂ ਨੇ ਵੱਖਰੀ ਮਹਾਪੰਚਾਇਤ ਕਰਕੇ ਵੀ ਐਗਰੀ ਡਿਸਕਾਮ, ਸਮਾਰਟ ਮੀਟਰਿੰਗ ਅਤੇ ਪੈਰਲਲ ਲਾਇਸੈਂਸ ਦਾ ਡਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ।