- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਦੇਸ਼ਾਂ ਨੂੰ ਤਕਨਾਲੋਜੀ ਤੇ ਦੁਰਲੱਭ ਖਣਿਜਾਂ ਦੀ ਹਥਿਆਰਾਂ ਵਜੋਂ ਵਰਤੋਂ ਕਰਨ ਖ਼ਿਲਾਫ਼ ਆਗਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਾਂਝੀ ਤਰੱਕੀ ’ਚ ਰੁਕਾਵਟ ਬਣ ਸਕਦਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਦੇਸ਼ਾਂ ਨੂੰ ਤਕਨਾਲੋਜੀ ਤੇ ਦੁਰਲੱਭ ਖਣਿਜਾਂ ਦੀ ਹਥਿਆਰਾਂ ਵਜੋਂ ਵਰਤੋਂ ਕਰਨ ਖ਼ਿਲਾਫ਼ ਆਗਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਾਂਝੀ ਤਰੱਕੀ ’ਚ ਰੁਕਾਵਟ ਬਣ ਸਕਦਾ ਹੈ। ਐਤਵਾਰ ਨੂੰ ਬ੍ਰਿਕਸ ਸਿਖਰ ਸੰਮੇਲਨ ਦੇ ਆਖਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਵਿਸ਼ਵ ਪੱਧਰੀ ਤਣਾਅ ਦੇ ਆਮ ਲੋਕਾਂ ਦੀ ਜ਼ਿੰਦਗੀ ’ਤੇ ਪੈਣ ਵਾਲੇ ਅਸਰ ਦਾ ਵੀ ਜ਼ਿਕਰ ਕੀਤਾ ਅਤੇ ਵਿਕਾਸਸ਼ੀਲ ਤੇ ਗਰੀਬ ਦੇਸ਼ਾਂ ਦੇ ਹਿੱਤ ’ਚ ਆਪਸੀ ਸਹਿਯੋਗ ਵਧਾਉਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਤਾਵਰਨ, ਸਿਹਤ ਤੇ ਸਪਲਾਈ ਚੇਨ ਵਰਗੇ ਖੇਤਰਾਂ ’ਚ ਦੇਸ਼ਾਂ ਨੂੰ ਸਮੇਂ ਸਿਰ ਇਕ-ਦੂਜੇ ਨਾਲ ਸਹਿਯੋਗ ਦੀ ਵਿਵਸਥਾ ਮਜ਼ਬੂਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਅਤੇ ਦੁਰਲੱਭ ਖਣਿਜਾਂ ਦੀ ਹਥਿਆਰਾਂ ਵਾਂਗ ਵਰਤੋਂ ਸਾਡੀ ਸਾਂਝੀ ਤਰੱਕੀ ’ਚ ਰੁਕਾਵਟ ਬਣ ਸਕਦੀ ਹੈ। ਇਸ ਲਈ ਅਸੀਂ ਤਕਨਾਲੋਜੀ ਦੀ ਵਰਤੋਂ ’ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ’ਤੇ ਜ਼ੋਰ ਦਿੱਤਾ ਹੈ।
ਮੋਦੀ ਜਦੋਂ ਇਹ ਗੱਲ ਕਹਿ ਰਹੇ ਸਨ, ਉਸ ਸਮੇਂ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਵੀ ਸਭਾ-ਘਰ ’ਚ ਮੌਜੂਦ ਸਨ। ਚੀਨ ਵੱਲੋਂ ਅਪ੍ਰੈਲ 2025 ’ਚ ਦੁਰਲੱਭ ਖਣਿਜਾਂ ਸਮੇਤ ਕੁਝ ਮਹੱਤਵਪੂਰਨ ਖਣਿਜਾਂ ਦੀ ਬਰਾਮਦ ’ਤੇ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਵਿਸ਼ਵ ਪੱਧਰੀ ਸਪਲਾਈ ਚੇਨ ਨੂੰ ਲੈ ਕੇ ਚਿੰਤਾਵਾਂ ਵਧੀਆਂ ਸਨ। ਭਾਰਤ ਦੇ ਵਾਹਨ ਉਦਯੋਗ ’ਤੇ ਵੀ ਇਸ ਦਾ ਅਸਰ ਪਿਆ ਸੀ। ਮੋਦੀ ਅਤੇ ਚਿਨਫਿੰਗ ਵਿਚਾਲੇ ਸ਼ਨੀਵਾਰ ਨੂੰ ਹੋਈ ਦੁਵੱਲੀ ਬੈਠਕ ’ਚ ਵੀ ਇਹ ਮੁੱਦਾ ਉਠਾਇਆ ਗਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗਲੋਬਲ ਸਾਊਥ ਦੇ ਵਿਕਾਸਸ਼ੀਲ ਦੇਸ਼ਾਂ ਦਾ ਬ੍ਰਿਕਸ ’ਤੇ ਭਰੋਸਾ ਇਸ ਲਈ ਵਧ ਰਿਹਾ ਹੈ ਕਿਉਂਕਿ ਇੱਥੇ ਉਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਹੈ, ਉਨ੍ਹਾਂ ਦੇ ਤਜਰਬਿਆਂ ਨੂੰ ਮਹੱਤਵ ਦਿੱਤਾ ਜਾਂਦਾ ਹੈ ਅਤੇ ਹੱਲ ਉਨ੍ਹਾਂ ’ਤੇ ਥੋਪਣ ਦੀ ਬਜਾਏ ਭਾਈਵਾਲੀ ਨਾਲ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੀ ਕਰੀਬ 49.5 ਫੀਸਦੀ ਆਬਾਦੀ ਅਤੇ ਵਿਸ਼ਵ ਜੀਡੀਪੀ ਦੇ ਲਗਭਗ 40 ਫੀਸਦੀ ਹਿੱਸੇ ਦੀ ਨੁਮਾਇੰਦਗੀ ਕਰਨ ਵਾਲਾ ਬ੍ਰਿਕਸ ਹੁਣ ਲੌਜਿਸਟਿਕਸ, ਸਪਲਾਈ ਚੇਨ, ਸਟਾਰਟਅੱਪ ਅਤੇ ਛੂਤ ਦੀਆਂ ਬਿਮਾਰੀਆਂ ਨਾਲ ਨਜਿੱਠਣ ਵਰਗੇ ਖੇਤਰਾਂ ’ਚ ਵੀ ਠੋਸ ਸਹਿਯੋਗ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ।
ਆਖਰੀ ਸੈਸ਼ਨ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹ ਅਲ-ਸੀਸੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਸਮੇਤ ਕਈ ਪ੍ਰਮੁੱਖ ਆਗੂ ਮੌਜੂਦ ਰਹੇ। ਵਿਸ਼ਵ ਵਪਾਰ ਸੰਗਠਨ, ਸੰਯੁਕਤ ਰਾਸ਼ਟਰ ਅਤੇ ਵਿਸ਼ਵ ਸਿਹਤ ਸੰਗਠਨ ਦੇ ਮੁਖੀਆਂ ਨੇ ਵੀ ਹਿੱਸਾ ਲਿਆ। 11 ਮੈਂਬਰ ਦੇਸ਼ਾਂ ਤੋਂ ਇਲਾਵਾ 10 ਭਾਈਵਾਲ ਦੇਸ਼ਾਂ ਅਤੇ ਪ੍ਰਮੁੱਖ ਵਿਸ਼ਵ ਪੱਧਰੀ ਸੰਗਠਨਾਂ (ਆਸੀਆਨ, ਅਫਰੀਕੀ ਯੂਨੀਅਨ ਆਦਿ) ਦੇ ਨੁਮਾਇੰਦੇ ਵੀ ਸ਼ਾਮਲ ਹੋਏ।
ਮੋਦੀ ਨੇ ਕਿਹਾ ਕਿ ਦੁਨੀਆ ’ਚ ਤਣਾਅ ਲਗਾਤਾਰ ਵਧ ਰਹੇ ਹਨ ਤੇ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜ਼ਿੰਦਗੀ ’ਤੇ ਪੈ ਰਿਹਾ ਹੈ। ਮਹਾਮਾਰੀਆਂ, ਵਾਤਾਵਰਨੀ ਆਫ਼ਤਾਂ ਤੇ ਸਪਲਾਈ ਚੇਨ ’ਚ ਆਈਆਂ ਰੁਕਾਵਟਾਂ ਨੇ ਦਿਖਾਇਆ ਹੈ ਕਿ ਇਕ-ਦੂਜੇ ’ਤੇ ਨਿਰਭਰ ਦੁਨੀਆ ’ਚ ਕੋਈ ਵੀ ਸੰਕਟ ਕਿਸੇ ਇਕ ਖੇਤਰ ਤੱਕ ਸੀਮਤ ਨਹੀਂ ਰਹਿੰਦਾ। ਇਸ ਲਈ ਚੁਣੌਤੀਆਂ ਦੀ ਸਮੇਂ ਸਿਰ ਪਛਾਣ, ਤਿਆਰੀ ਅਤੇ ਤੁਰੰਤ ਕਾਰਵਾਈ ਜ਼ਰੂਰੀ ਹੈ।
ਉਨ੍ਹਾਂ ਨਵੀਂ ਦਿੱਲੀ ਐਲਾਨਨਾਮੇ ’ਚ ਬਿਮਾਰੀਆਂ ਦੀ ਰੋਕਥਾਮ ਲਈ ਅਗਾਊਂ ਚੇਤਾਵਨੀ ਪ੍ਰਣਾਲੀ, ਆਫ਼ਤ ਪ੍ਰਬੰਧਨ ’ਚ ਸਹਿਯੋਗ ਅਤੇ ਸਪਲਾਈ ਚੇਨ ’ਚ ਭਰੋਸਾ ਵਧਾਉਣ ਵਰਗੇ ਫ਼ੈਸਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਬ੍ਰਿਕਸ ਨੈੱਟਵਰਕ ਆਨ ਡਿਜੀਟਲ ਐਗਰੀਕਲਚਰ ਰਾਹੀਂ ਆਰਟੀਫਿਸ਼ੀਅਲ ਇੰਟੈਲੀਜੈਂਸ, ਭੂ-ਸਥਾਨਕ ਤਕਨਾਲੋਜੀ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਕਿਸਾਨਾਂ ਦੀਆਂ ਲੋੜਾਂ ਨਾਲ ਜੋੜਿਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਿਕਸ ’ਚ ਵਿਕਸਤ ਕੀਤੇ ਹੱਲਾਂ ਦਾ ਲਾਭ ਸਿਰਫ਼ ਮੈਂਬਰ ਦੇਸ਼ਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਗਲੋਬਲ ਸਾਊਥ ਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਵਿਭਿੰਨਤਾ ਸਾਡੀ ਪਛਾਣ ਰਹੇ, ਸਾਡਾ ਸਹਿਯੋਗ ਸਾਡੀ ਪ੍ਰੇਰਣਾ ਬਣੇ ਅਤੇ ਸਾਡੀ ਤਰੱਕੀ ਪੂਰੀ ਮਨੁੱਖਤਾ ਦੇ ਕੰਮ ਆਵੇ।