ਦੀਆ ਮਿਰਜ਼ਾ ਦੇ ਦੀਵਾਲੀ ਵੀਡੀਓ ਵਿਵਾਦ 'ਤੇ ਬੰਬੇ ਹਾਈ ਕੋਰਟ ਦੀ BMC ਨੂੰ ਫਟਕਾਰ, ਵੀਡੀਓ ਦੁਬਾਰਾ ਅਪਲੋਡ ਕਰਨ ਦੇ ਹੁਕਮ
ਬੈਂਚ ਨੇ ਵੀਡੀਓ 'ਤੇ ਇਤਰਾਜ਼ ਜਤਾਉਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਧਰਮ, ਜਾਤ ਅਤੇ ਫਿਰਕੇ ਤੋਂ ਉੱਪਰ ਉੱਠ ਕੇ ਹਰ ਵਿਅਕਤੀ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਸਾਡਾ ਦੇਸ਼ ਧਰਮ ਨਿਰਪੱਖ ਹੈ ਅਤੇ ਸੰਵਿਧਾਨ ਵੀ ਨਾਗਰਿਕਾਂ ਤੋਂ ਇਸ ਭਾਵਨਾ ਨੂੰ ਕਾਇਮ ਰੱਖਣ ਦੀ ਉਮੀਦ ਕਰਦਾ ਹੈ।
Publish Date: Tue, 03 Nov 2026 01:36 PM (IST)
Updated Date: Tue, 03 Nov 2026 01:45 PM (IST)
ਡਿਜੀਟਲ ਡੈਸਕ, ਮੁੰਬਈ : ਅਦਾਕਾਰਾ ਦੀਆ ਮਿਰਜ਼ਾ ਦੇ ਵਾਤਾਵਰਣ-ਅਨੁਕੂਲ ਅਤੇ ਪਟਾਕਾ-ਮੁਕਤ ਦੀਵਾਲੀ ਮੁਹਿੰਮ ਵਾਲੇ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਏ ਜਾਣ 'ਤੇ ਬੰਬੇ ਹਾਈ ਕੋਰਟ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ। ਅਦਾਲਤ ਨੇ ਇਸ ਪੂਰੇ ਵਿਵਾਦ 'ਤੇ ਡੂੰਘਾ ਦੁੱਖ ਅਤੇ ਅਸੰਤੋਸ਼ ਪ੍ਰਗਟ ਕਰਦਿਆਂ BMC ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਦੀਆ ਮਿਰਜ਼ਾ ਦੇ ਉਸ ਵੀਡੀਓ ਨੂੰ ਤੁਰੰਤ ਮੁੜ ਸੋਸ਼ਲ ਮੀਡੀਆ 'ਤੇ ਅਪਲੋਡ ਕਰੇ।
ਜਸਟਿਸ ਗਿਰੀਸ਼ ਕੁਲਕਰਨੀ ਅਤੇ ਜਸਟਿਸ ਨੀਲਾ ਗੋਖਲੇ ਦੀ ਬੈਂਚ ਨੇ ਮਾਮਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਕੁਝ ਲੋਕਾਂ, ਖ਼ਾਸ ਕਰਕੇ ਜਨਤਾ ਦੇ ਨੁਮਾਇੰਦਿਆਂ ਦੀ ਛੋਟੀ ਸੋਚ ਤੋਂ ਬੇਹੱਦ ਦੁਖੀ ਹਨ। ਅਦਾਲਤ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਵਾਤਾਵਰਣ, ਹਵਾ ਅਤੇ ਧੁਨੀ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਬਣਾਏ ਗਏ ਵੀਡੀਓ ਨੂੰ ਵਿਵਾਦ ਦਾ ਰੂਪ ਦੇ ਦਿੱਤਾ ਗਿਆ।
ਅਦਾਲਤ ਨੇ BMC ਕਮਿਸ਼ਨਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਾਗਰੂਕਤਾ ਮੁਹਿੰਮ ਲਈ ਮਸ਼ਹੂਰ ਹਸਤੀਆਂ ਦੀ ਚੋਣ ਕਰਨ ਦਾ ਉਨ੍ਹਾਂ ਦਾ ਫ਼ੈਸਲਾ ਬਿਲਕੁਲ ਸਹੀ ਸੀ। ਅਜਿਹੇ ਨੇਕ ਉਪਰਾਲੇ ਦੌਰਾਨ ਬੇਲੋੜੇ ਵਿਵਾਦ ਖੜ੍ਹੇ ਕਰਨਾ ਪੂਰੀ ਤਰ੍ਹਾਂ ਗ਼ਲਤ ਹੈ।
ਹਰ ਕਿਸੇ ਨੇ ਇੱਕੋ ਹਵਾ 'ਚ ਸਾਹ ਲੈਣਾ ਹੈ : ਹਾਈ ਕੋਰਟ
ਬੈਂਚ ਨੇ ਵੀਡੀਓ 'ਤੇ ਇਤਰਾਜ਼ ਜਤਾਉਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਧਰਮ, ਜਾਤ ਅਤੇ ਫਿਰਕੇ ਤੋਂ ਉੱਪਰ ਉੱਠ ਕੇ ਹਰ ਵਿਅਕਤੀ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਸਾਡਾ ਦੇਸ਼ ਧਰਮ ਨਿਰਪੱਖ ਹੈ ਅਤੇ ਸੰਵਿਧਾਨ ਵੀ ਨਾਗਰਿਕਾਂ ਤੋਂ ਇਸ ਭਾਵਨਾ ਨੂੰ ਕਾਇਮ ਰੱਖਣ ਦੀ ਉਮੀਦ ਕਰਦਾ ਹੈ।
ਅਦਾਲਤ ਨੇ ਅੱਗੇ ਕਿਹਾ ਕਿ ਮੁੰਬਈ ਵਰਗਾ ਸ਼ਹਿਰ ਏਕਤਾ ਅਤੇ ਸਮਾਜਿਕ ਸਾਂਝ ਦੀ ਭਾਵਨਾ ਨਾਲ ਚੱਲਦਾ ਹੈ। ਕਿਸੇ ਵੀ ਵਿਅਕਤੀ ਦੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਇਸ ਮਾਹੌਲ ਨੂੰ ਖ਼ਰਾਬ ਨਹੀਂ ਕਰਨੇ ਚਾਹੀਦੇ।
ਬੈਂਚ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਬਿਆਨਬਾਜ਼ੀ ਕਰਨ ਵਾਲੇ ਕਿਸੇ ਵੀ ਸਿਆਸਤਦਾਨ ਜਾਂ ਵਿਅਕਤੀ ਨੇ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਫੈਲਾਉਣ ਵਾਲਾ ਕੋਈ ਵੀਡੀਓ ਪੋਸਟ ਨਹੀਂ ਕੀਤਾ। ਇਹ ਮੁੱਦਾ ਸਿੱਧੇ ਤੌਰ 'ਤੇ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਧਰਮ ਅਤੇ ਜਾਤ ਭਾਵੇਂ ਕੋਈ ਵੀ ਹੋਵੇ, ਹਰ ਇਨਸਾਨ ਨੇ ਇੱਕੋ ਹਵਾ ਵਿੱਚ ਸਾਹ ਲੈਣਾ ਹੈ।
BMC ਨੂੰ ਵੀ ਲਗਾਈ ਫਟਕਾਰ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਜਨਤਕ ਅਹੁਦਿਆਂ 'ਤੇ ਬੈਠੇ ਲੋਕਾਂ ਤੋਂ ਅਜਿਹੇ ਵਿਵਹਾਰ ਦੀ ਉਮੀਦ ਨਹੀਂ ਕੀਤੀ ਜਾਂਦੀ। ਅਦਾਲਤ ਨੇ ਹੁਕਮ ਦਿੱਤਾ ਕਿ ਹਟਾਏ ਗਏ ਵੀਡੀਓ ਨੂੰ ਨਗਰ ਨਿਗਮ ਵੱਲੋਂ ਤੁਰੰਤ ਮੁੜ ਅਪਲੋਡ ਕੀਤਾ ਜਾਵੇ।
ਇਸ ਦੇ ਨਾਲ ਹੀ ਅਦਾਲਤ ਨੇ BMC ਨੂੰ ਵੀ ਫਟਕਾਰ ਲਗਾਉਂਦਿਆਂ ਕਿਹਾ ਕਿ ਵਿਵਾਦ ਖੜ੍ਹਾ ਹੁੰਦੇ ਹੀ ਨਗਰ ਨਿਗਮ ਨੂੰ ਦਬਾਅ ਹੇਠ ਆ ਕੇ ਵੀਡੀਓ ਡਿਲੀਟ ਨਹੀਂ ਕਰਨਾ ਚਾਹੀਦਾ ਸੀ।
ਕੀ ਸੀ ਪੂਰਾ ਵਿਵਾਦ BMC ਨੇ ਦੀਵਾਲੀ ਦੌਰਾਨ ਵਧ ਰਹੇ ਹਵਾ ਅਤੇ ਧੁਨੀ ਪ੍ਰਦੂਸ਼ਣ ਨੂੰ ਲੈ ਕੇ ਇੱਕ ਜਨ-ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਤਹਿਤ ਦੀਆ ਮਿਰਜ਼ਾ ਦਾ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ।
ਹਾਲਾਂਕਿ, ਭਾਜਪਾ ਦੇ ਕੁਝ ਆਗੂਆਂ ਅਤੇ ਮੁੰਬਈ ਦੀ ਮੇਅਰ ਰਿਤੂ ਤਾਵੜੇ ਵੱਲੋਂ ਸਖ਼ਤ ਇਤਰਾਜ਼ ਜਤਾਏ ਜਾਣ ਤੋਂ ਬਾਅਦ BMC ਨੇ ਸੋਮਵਾਰ ਨੂੰ ਇਸ ਵੀਡੀਓ ਕਲਿੱਪ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਸੀ।
ਇਸ ਮਾਮਲੇ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਨਗਰ ਨਿਗਮ ਨੂੰ ਆਪਣਾ ਫ਼ੈਸਲਾ ਬਦਲਣ ਅਤੇ ਵੀਡੀਓ ਮੁੜ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਹਨ।