
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਦੇਸ਼ਭਗਤੀ ਦਾ ਚੋਗਾ ਪਾ ਕੇ ਆਖਰ ਕਾਂਗਰਸ ਆਪਣੇ ਆਪ ਨੂੰ ਕਦੋਂ ਤੱਕ ਲੁਕਾ ਕੇ ਰੱਖੇਗੀ। ਅੱਜ ਕਾਂਗਰਸ ਦਾ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ। ਉਸਦੇ ਅੰਦਰ ਦੀ ਤੁਸ਼ਟੀਕਰਨ ਦੀ ਸਿਆਸਤ ਨੂੰ ਪੂਰਾ ਦੇਸ਼ ਦੇਖ ਰਿਹਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਆਜ਼ਾਦੀ ਦੇ ਅੰਦੋਲਨ ਦੇ ਕ੍ਰਾਂਤੀ ਗੀਤ ਵੰਦੇ ਮਾਤਰਮ ਨੂੰ ਲੈ ਕੇ ਸਿਆਸੀ ਤਲਵਾਰਾਂ ਖਿੱਚ ਗਈਆਂ ਹਨ। ਰਾਸ਼ਟਰ ਗੀਤ ਦੇ ਪੂਰੇ ਗਾਇਨ ਨੂੰ ਲੈ ਕੇ ਸੰਸਦ ਤੋਂ ਪਾਸ ਕਾਨੂੰਨ ਨੂੰ ਛਿੱਕੇ ’ਤੇ ਰੱਖਦੇ ਹੋਏ ਕਾਂਗਰਸ ਵਰਕਿੰਗ ਕਮੇਟੀ ਨੇ ਇਸ ਦੇ ਦੋ ਪੈਰੇ ਹੀ ਗਾਉਣ ਦਾ ਐਲਾਨ ਕੀਤਾ ਹੈ। ਇਸ ’ਤੇ ਕਾਂਗਰਸ ਨੂੰ ਚੁਣੌਤੀ ਦੇਣ ਦੇ ਅੰਦਾਜ਼ ’ਚ ਭਾਜਪਾ ਨੇ ਵੀ ਨਵੇਂ ਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਦੀ ਪਹਿਲੀ ਬੈਠਕ ’ਚ ਹੀ ਐਲਾਨ ਕਰ ਦਿੱਤਾ ਹੈ ਕਿ ਉਹ ਰਾਸ਼ਟਰ ਗੀਤ ਨੂੰ ਫਿਰਕੂ ਦਬਾਅ, ਸਿਆਸੀ ਤੁਸ਼ਟੀਕਰਨ ਜਾਂ ਤੰਗ ਸੋਚ ਵਾਲੇ ਵੋਟ ਬੈਂਕ ਦੀ ਸਿਆਸਤ ਦੇ ਅਧੀਨ ਕਰਨ ਦੀ ਹਰ ਕੋਸ਼ਿਸ਼ ਦਾ ਵਿਰੋਧ ਕਰੇਗੀ। ਪਾਰਟੀ ਨੇ ਸਪੱਸ਼ਟ ਕਿਹਾ ਹੈ ਕਿ ਵੰਦੇ ਮਾਤਰਮ ਦੇ ਗਾਇਨ ਨੂੰ ਸੀਮਤ ਕਰਨ ਦੇ ਇਤਿਹਾਸਕ ਸੰਦਰਭ ਨੂੰ ਜਨਤਾ ਦੇ ਸਾਹਮਣੇ ਰੱਖਣ ਦੇ ਨਾਲ ਹੀ ਖਾਸ ਤੌਰ ’ਤੇ ਨੌਜਵਾਨ ਪੀੜ੍ਹੀ ’ਚ ਜਾਗਰੂਕਤਾ ਮੁਹਿੰਮ ਚਲਾ ਕੇ ਦੱਸਿਆ ਜਾਏਗਾ ਕਿ ਇਸ ਗੀਤ ਦਾ ਕੀ ਮਹੱਤਵ ਹੈ ਤੇ ਕਾਂਗਰਸ ਨੇ ਕਿਸ ਦੇ ਦਬਾਅ ’ਚ ਵੰਦੇ ਮਾਤਰਮ ਦੇ ਟੁਕੜੇ ਕੀਤੇ ਸਨ। ਹਾਲੀਆ ਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਦੀ ਪਹਿਲੀ ਬੈਠਕ ਸ਼ਨਿਚਰਵਾਰ ਨੂੰ ਪਾਰਟੀ ਹੈੱਡਕੁਆਰਟਰ ’ਚ ਭਾਜਪਾ ਦੇ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ’ਚ ਹੋਈ। ਇਸ ਵਿਚ ਪਹਿਲਾ ਮਤਾ ਹੀ ਵੰਦੇ ਮਾਤਰਮ ਨੂੰ ਲੈ ਕੇ ਪਾਸ ਕੀਤਾ ਗਿਆ। ਮਤੇ ’ਚ ਕਿਹਾ ਗਿਆ ਹੈ ਕਿ 19 ਅਗਸਤ 2026 ਨੂੰ ਕਾਂਗਰਸ ਵਰਕਿੰਗ ਕਮੇਟੀ ਵਲੋਂ 1937 ਦੇ ਆਪਣੇ ਮਤੇ ਨੂੰ ਮੁੜ ਸਵੀਕਾਰ ਕਰਦੇ ਹੋਏ ਕਾਂਗਰਸ ਦੇ ਪ੍ਰੋਗਰਾਮਾਂ ’ਚ ਵੰਦੇ ਮਾਤਰਮ ਦੇ ਸਿਰਫ਼ ਪਹਿਲੇ ਦੋ ਪੈਰਿਆਂ ਦੇ ਗਾਇਨ ਤੱਕ ਸੀਮਤ ਕਰਨ ਦੇ ਫ਼ੈਸਲੇ ਦੀ ਭਾਜਪਾ ਨੇ ਕਰੜੀ ਨਿੰਦਾ ਕੀਤੀ ਹੈ ਤੇ ਭਾਜਾਪ ਸਪੱਸ਼ਟ ਸ਼ਬਦਾਂ ’ਚ ਇਸ ਦਾ ਵਿਰੋਧ ਕਰਦੀ ਹੈ। ਇਸਦੇ ਨਾਲ ਹੀ ਭਾਜਪਾ ਨੇ 10 ਨੁਕਤਿਆਂ ’ਚ ਸੰਕਲਪ ਲਿਆ ਹੈ। ਕਿਹਾ ਹੈ ਕਿ ਭਾਜਪਾ ਪੂਰੇ ਵੰਦੇ ਮਾਤਰਮ ਦੇ ਸਨਮਾਨ, ਮਾਣ, ਵਿਰਾਸਤ ਤੇ ਰਾਸ਼ਟਰੀ ਸਰੂਪ ਦੀ ਰੱਖਿਆ ਕਰੇਗੀ। ਕਾਂਗਰਸ ਨੂੰ ਯਾਦ ਦਿਵਾਏਗੀ ਕਿ ਉਸ ਦੀ ਵਰਕਿੰਗ ਕਮੇਟੀ ਦਾ ਮਤਾ ਭਾਰਤ ਦੇ ਸੰਵਿਧਾਨਕ ਅਦਾਰਿਆਂ ਤੇ ਸੰਸਦ ਵਲੋਂ ਬਣਾਏ ਗਏ ਕਾਨੂੰਨਾਂ ਤੋਂ ਉੱਪਰ ਨਹੀਂ ਹੋ ਸਕਦਾ। ਮਹਾਤਮਾ ਗਾਂਧੀ ਦੇ ਉਸ ਇਤਿਹਾਸਕ ਕਥਨ ਨੂੰ ਲੋਕਾਂ ਤੱਕ ਪਹੁੰਚਾਏਗੀ, ਜਿਸ ਵਿਚ ਉਨ੍ਹਾਂ ਨੇ ਵੰਦੇ ਮਾਤਰਮ ਨੂੰ ਸਮਰਾਜਵਾਦ-ਵਿਰੋਧੀ ਨਾਅਰਾ ਤੇ ਸ਼ੁੱਧ ਰਾਸ਼ਟਰੀ ਭਾਵਨਾ ਨਾਲ ਜੁੜਿਆ ਹੋਇਆ ਦੱਸਿਆ ਸੀ।
ਭਾਜਪਾ ਨੇ ਸੰਕਲਪ ਲਿਆ ਹੈ ਕਿ ਪਾਰਟੀ ਵਰਕਰ ਦੇਸ਼ ਭਰ ’ਚ ਮੁਹਿੰਮ ਚਲਾਉਣਗੇ। ਇਸਦੇ ਤਹਿਤ ਵੰਦੇ ਮਾਤਰਮ ਦਾ ਇਤਿਹਾਸ, ਅਰਥ, ਰਾਸ਼ਟਰੀ ਮਹੱਤਵ ਤੇ ਮਾਣਮੱਤੀ ਵਿਰਾਸਤ ਭਾਰਤ ਦੇ ਹਰ ਕੋਨੇ ਤੱਕ ਪਹੁੰਚਾਈ ਜਾਏਗੀ। ਭਾਜਪਾ ਨੇ ਦੇਸ਼ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਯਾਦ ਰੱਖਣ ਕਿ ਵੰਦੇ ਮਾਤਰਮ ਦੇ ਸ਼ਬਦ ਕਦੇ ਏਨੇ ਸ਼ਕਤੀਸ਼ਾਲੀ ਸਨ ਕਿ ਇਕ ਸਮਰਾਜ ਉਨ੍ਹਾਂ ਤੋਂ ਡਰ ਗਿਆ ਸੀ। ਪੀੜ੍ਹੀਆਂ ਤੋਂ ਭਾਰਤੀਆਂ ਨੇ ਇਨ੍ਹਾਂ ਨੂੰ ਆਜ਼ਾਦੀ, ਸ਼ਹਾਦਤ ਤੇ ਦੇਸ਼ ਦੇ ਮਾਣ ਦੇ ਮੰਤਰ ਦੇ ਰੂਪ ’ਚ ਅਪਣਾਇਆ। ਇਸ ਵਿਰਾਸਤ ਨੂੰ ਵੋਟ ਬੈਂਕ ਦੀ ਸਿਆਸਤ ਦੇ ਗਣਿਤ ’ਚ ਸੀਮਤ ਨਹੀਂ ਕੀਤਾ ਜਾ ਸਕਦਾ। 1947 ’ਚ ਭਾਰਤ ਦੀ ਆਜ਼ਾਦੀ ਦਾ ਜੈਕਾਰਾ ਵੰਦੇ ਮਾਤਰਮ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ 2047 ਦੇ ਵਿਕਸਤ ਭਾਰਤ ਦਾ ਜੈਕਾਰਾ ਵੀ ਵੰਦੇ ਮਾਤਰਮ ਹੀ ਹੋਵੇਗਾ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਦੇਸ਼ਭਗਤੀ ਦਾ ਚੋਗਾ ਪਾ ਕੇ ਆਖਰ ਕਾਂਗਰਸ ਆਪਣੇ ਆਪ ਨੂੰ ਕਦੋਂ ਤੱਕ ਲੁਕਾ ਕੇ ਰੱਖੇਗੀ। ਅੱਜ ਕਾਂਗਰਸ ਦਾ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ। ਉਸਦੇ ਅੰਦਰ ਦੀ ਤੁਸ਼ਟੀਕਰਨ ਦੀ ਸਿਆਸਤ ਨੂੰ ਪੂਰਾ ਦੇਸ਼ ਦੇਖ ਰਿਹਾ ਹੈ।
ਦੁਰਗਾ ਸ਼ਕਤੀ, ਲਕਸ਼ਮੀ ਸਮਰਿੱਧੀ ਤੇ ਸਰਸਵਤੀ ਸੰਸਕਾਰ ਦੀ ਪ੍ਰਤੀਕ
ਕੇਂਦਰੀ ਜੰਗਲਾਤ ਤੇ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਹੈ ਕਿ ਜਦੋਂ ਵੰਦੇ ਮਾਤਰਮ ਨੇ ਆਪਣੇ 50 ਸਾਲ ਪੂਰੇ ਕੀਤੇ ਤਾਂ ਭਾਰਤ ਅੰਗਰੇਜ਼ੀ ਸ਼ਾਸਨ ਦੇ ਅਧੀਨ ਸੀ। ਜਦੋਂ 100 ਸਾਲ ਪੂਰੇ ਹੋਏ ਤਾਂ ਦੇਸ਼ ’ਚ ਐਮਰਜੈਂਸੀ ਸੀ। ਅੱਜ 150 ਸਾਲ ਪੂਰੇ ਹੋਏ ਹਨ, ਤਾਂ ਉਸ ਦਾ ਪੂਰਾ ਸੁਰ ਤੇ ਸਨਮਾਨ ਵਾਪਸ ਲਿਆਉਣ ਦਾ ਮੌਕਾ ਹੈ। ਪਰ, ਕੁਝ ਲੋਕ ਇਸ ਵਿਚ ਧਾਰਮਿਕ ਪ੍ਰਤੀਕ ਲੱਭ ਰਹੇ ਹਨ। ਰਿਸ਼ੀ ਬੰਕਿਮਚੰਦਰ ਚੈਟਰਜੀ ਨੇ ਦੁਰਗਾ, ਲਕਸ਼ਮੀ ਤੇ ਸਰਸਵਤੀ ਦਾ ਜਿਹੜਾ ਜ਼ਿਕਰ ਕੀਤਾ ਹੈ, ਉਹ ਦੇਸ਼ ਨੂੰ ਸ਼ਕਤੀ, ਖੁਸ਼ਹਾਲੀ ਤੇ ਸੰਸਕਾਰ ਨਾਲ ਜੋੜਨ ਦਾ ਸੱਦਾ ਹੈ। ਇਸ ਦੇ ਭਾਵ ਨੂੰ ਸਿਆਸੀ ਸੁਆਰਥ ਦੇ ਕਾਰਨ ਸੀਮਤ ਕਰਨਾ ਗ਼ਲਤ ਹੈ। ਅਜਿਹੀ ਰਚਨਾ ’ਤੇ ਕਿਸੇ ਵੀ ਸਿਆਸੀ ਪਾਰਟੀ ਦਾ ਅਧਿਕਾਰ ਨਹੀਂ ਹੋ ਸਕਦਾ ਕਿ ਉਹ ਇਸ ਨੂੰ ਮਨਚਾਹੇ ਤਰੀਕੇ ਨਾਲ ਕੱਟ ਦੇਵੇ। ਕਾਂਗਰਸ ਨੂੰ ਨਿਰਾਸ਼ਾ ਤੋਂ ਬਾਹਰ ਆਉਣਾ ਚਾਹੀਦਾ ਹੈ।
ਭਾਜਪਾ ਦੇ ਨਵੇਂ ਰਾਸ਼ਟਰੀ ਅਹੁਦੇਦਾਰਾਂ ਨੂੰ ਮਿਲੇ ਮੋਦੀ, ਗਰੁੱਪ ਫੋਟੋ ਖਿਚਵਾਈ
ਨਵੀਂ ਦਿੱਲੀ (ਏਐੱਨਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਭਾਜਪਾ ਹੈੱਡਕੁਆਰਟਰ ’ਚ ਪਾਰਟੀ ਦੇ ਨਵੇਂ ਰਾਸ਼ਟਰੀ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ। ਇਹ ਨਵੀਂ ਟੀਮ ਬਣਨ ਦੇ ਬਾਅਦ ਮੋਦੀ ਦੀ ਉਨ੍ਹਾਂ ਨਾਲ ਪਹਿਲੀ ਰਸਮੀ ਬੈਠਕ ਸੀ। ਪੀਐੱਮ ਨੇ ਪਾਰਟੀ ਦੇ ਅਹੁਦੇਦਾਰਾਂ ਦੀ ਬੈਠਕ ਮਗਰੋਂ ਉਨ੍ਹਾਂ ਨਾਲ ਗਰੁੱਪ ਫੋਟੋ ਵੀ ਖਿਚਵਾਈ। ਐਕਸ ’ਤੇ ਫੋਟੋ ਸਾਂਝੀ ਕਰਦੇ ਹੋਏ ਮੋਦੀ ਨੇ ਲਿਖਿਆ ਕਿ ਸੰਗਠਨ ਦੀ ਬੈਠਕ ਨਵੇਂ ਵਿਚਾਰਾਂ ਤੇ ਨਜ਼ਰੀਏ ’ਤੇ ਚਰਚਾ ਕਰਨ ਦਾ ਮੌਕਾ ਹੁੰਦੀ ਹੈ। ਇਸ ਦਾ ਮਕਸਦ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਲੋਕਾਂ ਨਾਲ ਉਨ੍ਹਾਂ ਦਾ ਜੁੜਾਅ ਵਧਾਉਣਾ ਹੈ। ਪਾਰਟੀ ਦੇ ਸਾਥੀਆਂ ਤੇ ਨਵੀਂ ਸੰਗਠਨਾਤਮਕ ਟੀਮ ਨਾਲ ਬਹੁਤ ਚੰਗੀ ਗੱਲਬਾਤ ਹੋਈ।