ਵਿਵਾਦਾਂ 'ਚ ਘਿਰੇ ਭਾਜਪਾ ਐੱਮ.ਪੀ. ਜਨਾਰਦਨ ਮਿਸ਼ਰਾ, ਕਿਸਾਨਾਂ ਬਾਰੇ ਅਪਮਾਨਜਨਕ ਟਿੱਪਣੀ ਕਰਦਿਆਂ ਕਿਹਾ-'3 ਮਹੀਨੇ ਕੰਮ, ਬਾਕੀ 9 ਮਹੀਨੇ ਤਾਸ਼ ਤੇ ਸ਼ਰਾਬ'
ਮੱਧ ਪ੍ਰਦੇਸ਼ ਦੇ ਰੀਵਾ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਨੇ ਇਸ ਵਾਰ ਕਿਸਾਨਾਂ ਨੂੰ ਅਪਮਾਨਿਤ ਕਰਨ ਵਾਲਾ ਬਿਆਨ ਦਿੱਤਾ ਹੈ। ਸੋਮਵਾਰ ਨੂੰ ਮਉਗੰਜ ਜ਼ਿਲ੍ਹੇ ’ਚ ਗੋਵਰਧਨ ਪੂਜਾ ਸਮਾਗਮ ਦੌਰਾਨ ਉਨ੍ਹਾਂ ਕਿਹਾ, “ਕਿਸਾਨ ਸਿਰਫ਼ ਤਿੰਨ ਮਹੀਨੇ ਹੀ ਮਿਹਨਤ ਕਰ ਕੇ ਖੇਤੀ ਕਰਦਾ ਹੈ
Publish Date: Wed, 11 Nov 2026 11:44 AM (IST)
Updated Date: Wed, 11 Nov 2026 11:49 AM (IST)
ਨਈ ਦੁਨੀਆ ਪ੍ਰਤੀਨਿਧੀ, ਰੀਵਾ : ਮੱਧ ਪ੍ਰਦੇਸ਼ ਦੇ ਰੀਵਾ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਨੇ ਇਸ ਵਾਰ ਕਿਸਾਨਾਂ ਨੂੰ ਅਪਮਾਨਿਤ ਕਰਨ ਵਾਲਾ ਬਿਆਨ ਦਿੱਤਾ ਹੈ। ਸੋਮਵਾਰ ਨੂੰ ਮਉਗੰਜ ਜ਼ਿਲ੍ਹੇ ’ਚ ਗੋਵਰਧਨ ਪੂਜਾ ਸਮਾਗਮ ਦੌਰਾਨ ਉਨ੍ਹਾਂ ਕਿਹਾ, “ਕਿਸਾਨ ਸਿਰਫ਼ ਤਿੰਨ ਮਹੀਨੇ ਹੀ ਮਿਹਨਤ ਕਰ ਕੇ ਖੇਤੀ ਕਰਦਾ ਹੈ। ਬਾਕੀ ਨੌਂ ਮਹੀਨੇ ਤਾਸ਼ ਖੇਡਦਾ ਹੈ, ਤੰਬਾਕੂ-ਗੁਟਖਾ ਖਾਂਦਾ ਹੈ, ਬੋਤਲ ’ਚੋਂ ਸ਼ਰਾਬ ਪੀਂਦਾ ਹੈ, ਚੋਂਗੀ (ਚਿਲਮ) ਪੀਂਦਾ ਹੈ ਅਤੇ ‘ਜੈ ਭੋਲੇ’ ਕਰਦਾ ਹੈ।”
ਸੰਸਦ ਮੈਂਬਰ ਦੇ ਇਸ ਬਿਆਨ ’ਤੇ ਕਿਸਾਨ ਜਥੇਬੰਦੀਆਂ ਨੇ ਤਿੱਖੀ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਦਾ ਇਹ ਵਿਵਾਦਤ ਬਿਆਨ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਨੇ ਮੰਗਲਵਾਰ ਨੂੰ ਸੰਸਦ ਮੈਂਬਰ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਰੀਵਾ ਦੇ ਐੱਸਪੀ ਦਫ਼ਤਰ ’ਚ ਲਿਖਤੀ ਸ਼ਿਕਾਇਤ ਦਿੱਤੀ। ਕਿਸਾਨ ਆਗੂ ਸ਼ਿਵ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਦਾ ਬਿਆਨ ਝੂਠਾ, ਅਪਮਾਨਜਨਕ ਤੇ ਭੜਕਾਊ ਹੈ। ਇਸ ਨਾਲ ਕਿਸਾਨਾਂ ਦੇ ਸਮਾਜਿਕ ਸਨਮਾਨ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੰਸਦ ਮੈਂਬਰ ਨੇ ਮੁਆਫ਼ੀ ਨਾ ਮੰਗੀ ਤਾਂ ਵਿੰਧਿਆ ਖੇਤਰ ’ਚ ਅੰਦੋਲਨ ਕੀਤਾ ਜਾਵੇਗਾ। ਹਾਲਾਂਕਿ, ਇਸ ਮਾਮਲੇ ’ਤੇ ਜਨਾਰਦਨ ਮਿਸ਼ਰਾ ਜਾਂ ਭਾਜਪਾ ਵੱਲੋਂ ਕੋਈ ਅਧਿਕਾਰਤ ਸਪੱਸ਼ਟੀਕਰਨ ਜਾਂ ਬਿਆਨ ਸਾਹਮਣੇ ਨਹੀਂ ਆਇਆ।
ਪਹਿਲਾਂ ਵੀ ਦੇ ਚੁੱਕੇ ਹਨ ਵਿਵਾਦਤ ਬਿਆਨ ਜ਼ਿਕਰਯੋਗ ਹੈ ਕਿ ਜਨਾਰਦਨ ਮਿਸ਼ਰਾ ਪਹਿਲਾਂ ਵੀ ਅਜਿਹੇ ਬਿਆਨ ਦੇ ਚੁੱਕੇ ਹਨ। ਬੀਤੀ 14 ਅਕਤੂਬਰ ਨੂੰ ਸਟਾਰਲਿੰਕ ਵਿਵਾਦ ਬਾਰੇ ਉਨ੍ਹਾਂ ਕਿਹਾ ਸੀ, “ਦੋ ਮੁੱਕੇ ਮਾਰਾਂਗਾ ਤਾਂ ਮਸਕ ਭੱਜ ਜਾਵੇਗਾ।” ਇਸ ਤੋਂ ਪਹਿਲਾਂ ਅਗਸਤ ਵਿਚ ਕੇਂਦਰ ਸਰਕਾਰ ਦੀ ਐਥਨਾਲ ਨੀਤੀ ਦੇ ਹੱਕ ਵਿਚ ਬੋਲਦਿਆਂ ਉਨ੍ਹਾਂ ਆਲੋਚਕਾਂ ਨੂੰ ਸਵਾਲ ਕੀਤਾ ਸੀ, “ਕੀ ਸ਼ੁੱਧ ਪੈਟਰੋਲ ਤੁਹਾਡੇ ਪਿਉ ਦੇ ਘਰੋਂ ਆਵੇਗਾ?”
ਨਵੰਬਰ 2021 ਵਿਚ ਉਨ੍ਹਾਂ ਕਿਹਾ ਸੀ, “ਮੋਦੀ ਦੀ ਦਾੜ੍ਹੀ ਵਿਚ ਤਾਂ ਘਰ ਹੀ ਘਰ ਹਨ। ਇਕ ਵਾਰ ਹਿਲਾਉਂਦੇ ਹਨ ਤਾਂ 50 ਲੱਖ, ਦੂਜੀ ਵਾਰ ਵਿਚ ਇਕ ਕਰੋੜ। ਤੁਸੀਂ ਲੋਕ ਮੋਦੀ ਦੀ ਦਾੜ੍ਹੀ ਦੇਖੋ। ਦੇਖਣਾ ਬੰਦ ਕਰ ਦਿਓਗੇ ਤਾਂ ਮਕਾਨ ਮਿਲਣੇ ਵੀ ਬੰਦ ਹੋ ਜਾਣਗੇ।” ਨਵੰਬਰ 2024 ਵਿਚ ਰੀਵਾ ਦੇ ਇੰਜੀਨੀਅਰਿੰਗ ਕਾਲਜ ਦੇ ਇਕ ਸਮਾਗਮ ਵਿਚ ਉਨ੍ਹਾਂ ਕਿਹਾ ਸੀ ਕਿ ਭਵਿੱਖ ਵਿਚ ਪਤੀ-ਪਤਨੀ ਮੋਬਾਈਲ ’ਚ ਇੰਨੇ ਰੁੱਝ ਜਾਣਗੇ ਕਿ ਬੱਚੇ ਵੀ ਆਨਲਾਈਨ ਪੈਦਾ ਹੋਣਗੇ।