ਟਰੈਕਟਰ ਨਾਲ 3 ਪਿੰਡ ਵਾਸੀਆਂ ਨੂੰ ਕੁਚਲਿਆ, ਗੁੱਸੇ ’ਚ ਸੜਕ ’ਤੇ ਉਤਰਿਆ ਪਰਿਵਾਰ ; ਮੁਲਜ਼ਮਾਂ ਦੇ ਘਰਾਂ ’ਤੇ ਬੁਲਡੋਜ਼ਰ ਦੀ ਮੰਗ ਬਿਜਨੌਰ ਦੇ ਜਮਾਲੁਦੀਨਪੁਰ ਪਿੰਡ ’ਚ ਟਰੈਕਟਰ ਨਾਲ ਕੁਚਲੇ ਜਾਣ ਕਾਰਨ ਤਿੰਨ ਪਿੰਡ ਵਾਸੀਆਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੇ ਉਨ੍ਹਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਮੰਗ ਕੀਤੀ।
Publish Date: Thu, 08 Oct 2026 03:30 PM (IST)
Updated Date: Thu, 08 Oct 2026 03:33 PM (IST)
ਸੰਵਾਦ ਸੂਤਰ, ਜਲੀਲਪੁਰ (ਬਿਜਨੌਰ)। ਪਿੰਡ ਜਮਾਲੁਦੀਨਪੁਰ ’ਚ ਟਰੈਕਟਰ ਚਾਲਕ ਵੱਲੋਂ ਤਿੰਨ ਪਿੰਡ ਵਾਸੀਆਂ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ’ਚ ਵੀਰਵਾਰ ਨੂੰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸੜਕਾਂ ’ਤੇ ਉਤਰ ਆਏ। ਵੱਡੀ ਗਿਣਤੀ ’ਚ ਔਰਤਾਂ ਤੇ ਮਰਦ ਦਤਿਆਨਾ-ਚਾਂਦਪੁਰ ਮਾਰਗ ’ਤੇ ਪਹੁੰਚੇ ਤੇ ਹੰਗਾਮਾ ਕਰਦੇ ਹੋਏ ਸੜਕ ਜਾਮ ਕਰ ਦਿੱਤੀ।
ਉਧਰ, ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਵੀ ਪਿੰਡ ’ਚ ਤਾਇਨਾਤ ਕਰ ਦਿੱਤੀ ਗਈ। ਜਾਮ ਦੀ ਸੂਚਨਾ ਮਿਲਣ ’ਤੇ ਐੱਸਪੀ ਮੌਕੇ ’ਤੇ ਪਹੁੰਚੇ ਤੇ ਕਾਰਵਾਈ ਦਾ ਭਰੋਸਾ ਦਿੱਤਾ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਮੰਗ ਕੀਤੀ।
ਪਿੰਡ ਜਮਾਲੁਦੀਨਪੁਰ ਦਾ ਰਹਿਣ ਵਾਲਾ ਛੋਟੂ ਪੁੱਤਰ ਹਰੀ ਸਿੰਘ ਪਿੰਡ ਦਤਿਆਨਾ ’ਚ ਸ਼ਰਾਬ ਦੀ ਦੁਕਾਨ ਨੇੜੇ ਪਕੌੜਿਆਂ ਦੀ ਰੇਹੜੀ ਲਗਾਉਂਦਾ ਹੈ। ਬੁੱਧਵਾਰ ਰਾਤ ਕਰੀਬ ਨੌਂ ਵਜੇ ਕਿਸੇ ਗੱਲ ਨੂੰ ਲੈ ਕੇ ਛੋਟੂ ਦਾ ਦਤਿਆਨਾ ਦੇ ਇੱਕ ਪਿੰਡ ਵਾਸੀ ਨਾਲ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਦੋਵਾਂ ਧਿਰਾਂ ਵਿਚਾਲੇ ਕੁੱਟਮਾਰ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦਤਿਆਨਾ ਦੇ ਪਿੰਡ ਵਾਸੀ ਨੇ ਫੋਨ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਲਿਆ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਨਾਲ ਟਰੈਕਟਰ ਲੈ ਕੇ ਪਹੁੰਚੇ ਇੱਕ ਵਿਅਕਤੀ ਨੇ ਉੱਥੇ ਖੜ੍ਹੇ ਤਿੰਨ ਲੋਕਾਂ ’ਤੇ ਟਰੈਕਟਰ ਚੜ੍ਹਾ ਦਿੱਤਾ ਤੇ ਉਨ੍ਹਾਂ ਨੂੰ ਕੁਚਲ ਦਿੱਤਾ। ਮੌਕੇ ’ਤੇ ਮੌਜੂਦ ਜਮਾਲੁਦੀਨਪੁਰ ਵਾਸੀ ਮਹਿੰਦਰ ਸਿੰਘ ਪੁੱਤਰ ਪ੍ਰਕਾਸ਼, ਉਦੈ ਪੁੱਤਰ ਕਲਵਾ ਤੇ ਬਾਬੂ ਪੁੱਤਰ ਖੁਸ਼ੀਰਾਮ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਮੁਤਾਬਕ ਟਰੈਕਟਰ ਚਾਲਕ ਵੀ ਜ਼ਖ਼ਮੀ ਹੋਇਆ, ਪਰ ਉਹ ਟਰੈਕਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਜ਼ਖ਼ਮੀਆਂ ਨੂੰ ਇਲਾਜ ਲਈ ਸੀਐੱਚਸੀ ਸਿਆਊ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਦੈ ਤੇ ਬਾਬੂ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰ ਮਹਿੰਦਰ ਨੂੰ ਗੰਭੀਰ ਹਾਲਤ ’ਚ ਮੁਰਾਦਾਬਾਦ ਲੈ ਕੇ ਜਾ ਰਹੇ ਸਨ, ਪਰ ਰਸਤੇ ’ਚ ਉਸ ਦੀ ਵੀ ਮੌਤ ਹੋ ਗਈ। ਰਾਤ ਨੂੰ ਸੀਐੱਚਸੀ ਵਿਖੇ ਵੀ ਹੰਗਾਮਾ ਹੋਇਆ।
ਦਤਿਆਨਾ-ਚਾਂਦਪੁਰ ਮਾਰਗ ’ਤੇ ਲਾਇਆ ਜਾਮ
ਵੀਰਵਾਰ ਸਵੇਰੇ ਮ੍ਰਿਤਕ ਦੇ ਪਰਿਵਾਰ ਦੀਆਂ ਔਰਤਾਂ ਤੇ ਹੋਰ ਪਿੰਡ ਵਾਸੀ ਦਤਿਆਨਾ-ਚਾਂਦਪੁਰ ਮਾਰਗ ’ਤੇ ਇਕੱਠੇ ਹੋਏ ਤੇ ਸੜਕ ਜਾਮ ਕਰ ਦਿੱਤੀ। ਕੋਤਵਾਲੀ ਪੁਲਿਸ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੇ। ਸੂਚਨਾ ਮਿਲਣ ’ਤੇ ਐੱਸਪੀ ਕੇਕੇ ਵਿਸ਼ਨੋਈ ਵੀ ਮੌਕੇ ’ਤੇ ਪਹੁੰਚੇ ਤੇ ਜਾਮ ਲਗਾ ਰਹੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਹਾਲਾਂਕਿ, ਪਿੰਡ ਵਾਸੀਆਂ ਨੇ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਤੇ ਉਨ੍ਹਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਮੰਗ ਕੀਤੀ।
ਕੁਝ ਸਮੇਂ ਬਾਅਦ ਐੱਸਪੀ ਦੇ ਭਰੋਸੇ ਤੋਂ ਬਾਅਦ ਜਾਮ ਖੋਲ੍ਹ ਦਿੱਤਾ ਗਿਆ। ਉਧਰ, ਦੁਪਹਿਰ ਨੂੰ ਡੀਆਈਜੀ ਮੁਨੀਰਾਜ ਜੀ ਵੀ ਘਟਨਾ ਸਥਾਨ ’ਤੇ ਪਹੁੰਚੇ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵੀ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।
ਸੀਓ ਦੇਸ਼ ਦੀਪਕ ਸਿੰਘ ਨੇ ਦੱਸਿਆ ਕਿ ਟਰੈਕਟਰ ਚਾਲਕ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਮਾਮਲੇ ’ਚ ਮੁਕੱਦਮਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਹਾਲੇ ਮ੍ਰਿਤਕਾਂ ਦੀਆਂ ਲਾਸ਼ਾਂ ਦੇ ਪਿੰਡ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਹੈ।