- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਭਰਤੀ ਬੋਰਡ ਨੇ ਗ੍ਰੈਜੂਏਟ ਪੱਧਰ ਦੇ 3477 NTPC ਅਹੁਦਿਆਂ ਲਈ ਸੰਖੇਪ ਇਸ਼ਤਿਹਾਰ ਜਾਰੀ ਕੀਤਾ ਹੈ। ਅਰਜ਼ੀ ਪ੍ਰਕਿਰਿਆ 8 ਅਕਤੂਬਰ 2026 ਤੋਂ ਸ਼ੁਰੂ ਹੋ ਕੇ 6 ਨਵੰਬਰ 2026 ਤੱਕ ਚੱਲੇਗੀ। ਇਸ ਭਰਤੀ ’ਚ ਆਧਾਰ ਵੈਰੀਫਿਕੇਸ਼ਨ ਲਾਜ਼ਮੀ ਕੀਤਾ ਗਿਆ ਹੈ।

ਜਾਗਰਣ ਸੰਵਾਦਦਾਤਾ, ਪ੍ਰਯਾਗਰਾਜ : ਭਾਰਤੀ ਰੇਲਵੇ ’ਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡਾ ਮੌਕਾ ਸਾਹਮਣੇ ਆਇਆ ਹੈ। ਰੇਲਵੇ ਭਰਤੀ ਬੋਰਡ (RRB) ਵੱਲੋਂ ਨਾਨ-ਟੈਕਨੀਕਲ ਪਾਪੂਲਰ ਕੈਟੇਗਰੀਜ਼ (NTPC) ਦੇ ਗ੍ਰੈਜੂਏਟ ਪੱਧਰ ਦੇ ਅਹੁਦਿਆਂ ’ਤੇ ਭਰਤੀ ਲਈ ਸੰਖੇਪ ਇਸ਼ਤਿਹਾਰ (Indicative Notice - CEN No. 06/2026) ਜਾਰੀ ਕਰ ਦਿੱਤਾ ਗਿਆ ਹੈ।
RRB ਦੀ ਵੈੱਬਸਾਈਟ ਰਾਹੀਂ ਭਰੋ ਅਰਜ਼ੀ
ਇਸ ਭਰਤੀ ਪ੍ਰਕਿਰਿਆ ਰਾਹੀਂ ਦੇਸ਼ ਭਰ ਦੇ ਵੱਖ-ਵੱਖ ਰੇਲਵੇ ਜ਼ੋਨਾਂ ’ਚ 7ਵੇਂ ਤਨਖਾਹ ਕਮਿਸ਼ਨ ਦੇ ਪੇ-ਲੇਵਲ 5 ਤੇ ਲੇਵਲ 6 ਦੇ ਕੁੱਲ 3,477 ਸੰਭਾਵਿਤ ਖਾਲੀ ਅਹੁਦੇ ਭਰੇ ਜਾਣਗੇ। ਗ੍ਰੈਜੂਏਸ਼ਨ ਪਾਸ ਉਮੀਦਵਾਰ ਰੇਲਵੇ ਦੀ ਅਧਿਕਾਰਤ ਭਰਤੀ ਵੈੱਬਸਾਈਟ ਰਾਹੀਂ ਨਿਰਧਾਰਤ ਸਮੇਂ ਦੇ ਅੰਦਰ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਣਗੇ।
ਅਰਜ਼ੀ ਦੀਆਂ ਮਹੱਤਵਪੂਰਨ ਤਰੀਕਾਂ ਤੇ ਪ੍ਰਕਿਰਿਆ
ਜਾਰੀ ਨੋਟਿਸ ਮੁਤਾਬਕ ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ 8 ਅਕਤੂਬਰ 2026 ਤੋਂ ਸ਼ੁਰੂ ਹੋਵੇਗੀ। ਅਰਜ਼ੀ ਫਾਰਮ ਭਰਨ ਤੇ ਫੀਸ ਜਮ੍ਹਾਂ ਕਰਨ ਦੀ ਆਖਰੀ ਤਾਰੀਖ 6 ਨਵੰਬਰ 2026 ਰਾਤ 11:59 ਵਜੇ ਤੱਕ ਨਿਰਧਾਰਤ ਕੀਤੀ ਗਈ ਹੈ। ਉਮੀਦਵਾਰਾਂ ਨੂੰ ਸਿਰਫ਼ ਆਨਲਾਈਨ ਮਾਧਿਅਮ ਰਾਹੀਂ ਹੀ ਅਰਜ਼ੀ ਦੇਣੀ ਹੋਵੇਗੀ। ਇਸ ਲਈ ਅਧਿਕਾਰਤ ਪੋਰਟਲ rrbapply.gov.in ਉਪਲਬਧ ਕਰਵਾਇਆ ਗਿਆ ਹੈ। ਕਿਸੇ ਹੋਰ ਮਾਧਿਅਮ ਰਾਹੀਂ ਭੇਜੀਆਂ ਗਈਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਆਧਾਰ ਵੈਰੀਫਿਕੇਸ਼ਨ ਨਾਲ ਕਰੋ ਅਰਜ਼ੀ
ਰੇਲਵੇ ਭਰਤੀ ਬੋਰਡ ਨੇ ਉਮੀਦਵਾਰਾਂ ਲਈ ਇੱਕ ਅਹਿਮ ਸਲਾਹ ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ। ਬੋਰਡ ਨੇ ਕਿਹਾ ਹੈ ਕਿ ਆਨਲਾਈਨ ਅਰਜ਼ੀ ਭਰਦੇ ਸਮੇਂ ਉਮੀਦਵਾਰ ਆਪਣੇ ਮੁੱਢਲੇ ਵੇਰਵਿਆਂ ਦੀ ਵੈਰੀਫਿਕੇਸ਼ਨ ਆਧਾਰ ਕਾਰਡ ਰਾਹੀਂ ਹੀ ਕਰਨ। ਜੇਕਰ ਕੋਈ ਉਮੀਦਵਾਰ ਗੈਰ-ਆਧਾਰ ਵੈਰੀਫਾਈਡ ਅਰਜ਼ੀ ਦਿੰਦਾ ਹੈ ਤਾਂ ਭਰਤੀ ਪ੍ਰਕਿਰਿਆ ਦੇ ਹਰ ਪੜਾਅ ’ਤੇ ਉਸਦੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਕਾਰਨ ਉਮੀਦਵਾਰ ਨੂੰ ਬੇਲੋੜੀ ਦੇਰੀ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਨਮ ਤਾਰੀਖ ’ਚ ਨਹੀਂ ਹੋਣਾ ਚਾਹੀਦਾ ਫਰਕ
ਸਫਲ ਆਧਾਰ ਵੈਰੀਫਿਕੇਸ਼ਨ ਲਈ ਜ਼ਰੂਰੀ ਹੈ ਕਿ ਆਧਾਰ ਕਾਰਡ ’ਤੇ ਦਰਜ ਉਮੀਦਵਾਰ ਦਾ ਪੂਰਾ ਨਾਮ ਤੇ ਜਨਮ ਤਾਰੀਖ (DOB) 10ਵੀਂ ਜਮਾਤ ਦੇ ਸਰਟੀਫਿਕੇਟ (ਮੈਟ੍ਰਿਕ ਸਰਟੀਫਿਕੇਟ) ਨਾਲ 100 ਫੀਸਦੀ ਮੇਲ ਖਾਂਦੀ ਹੋਵੇ। ਇਸ ਤੋਂ ਇਲਾਵਾ ਆਧਾਰ ’ਚ ਉਮੀਦਵਾਰ ਦੀ ਤਾਜ਼ਾ ਫੋਟੋ ਤੇ ਬਾਇਓਮੈਟ੍ਰਿਕਸ (ਉਂਗਲਾਂ ਦੇ ਨਿਸ਼ਾਨ ਤੇ ਅੱਖਾਂ ਦੀ ਪੁਤਲੀ/ਆਇਰਿਸ) ਵੀ ਅਪਡੇਟ ਹੋਣੇ ਲਾਜ਼ਮੀ ਹਨ। ਬੋਰਡ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਫਾਰਮ ਭਰਨ ਤੋਂ ਪਹਿਲਾਂ ਹੀ ਉਹ ਆਪਣੇ ਆਧਾਰ ਕਾਰਡ ਦੇ ਵੇਰਵਿਆਂ ਦੀ ਜਾਂਚ ਕਰ ਲੈਣ ਤੇ ਕੋਈ ਗਲਤੀ ਹੋਣ ’ਤੇ ਤੁਰੰਤ ਉਸਨੂੰ ਠੀਕ ਕਰਵਾ ਲੈਣ।
ਅਹੁਦਿਆਂ ਦਾ ਵੇਰਵਾ, ਉਮਰ ਹੱਦ ਤੇ ਯੋਗਤਾ
ਇਸ ਭਰਤੀ ਮੁਹਿੰਮ ਤਹਿਤ ਗ੍ਰੈਜੂਏਟ ਪੱਧਰ ਦੇ ਵੱਖ-ਵੱਖ ਅਹੁਦਿਆਂ, ਜਿਵੇਂ ਸਟੇਸ਼ਨ ਮਾਸਟਰ, ਗੁਡਜ਼ ਗਾਰਡ/ਟ੍ਰੇਨ ਮੈਨੇਜਰ ਤੇ ਸੀਨੀਅਰ ਕਲਰਕ ਆਦਿ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਹ ਅਹੁਦੇ ਪੇ-ਲੇਵਲ 5 ਤੇ 6 ਦੇ ਅਧੀਨ ਆਉਂਦੇ ਹਨ।
ਉਮੀਦਵਾਰਾਂ ਦੀ ਉਮਰ ਦੀ ਗਣਨਾ 1 ਜਨਵਰੀ 2027 ਦੇ ਆਧਾਰ ’ਤੇ ਕੀਤੀ ਜਾਵੇਗੀ। ਅਹੁਦੇ ਮੁਤਾਬਕ ਵਿਦਿਅਕ ਯੋਗਤਾ, ਉਮਰ ਹੱਦ ’ਚ ਛੋਟ, ਪ੍ਰੀਖਿਆ ਦਾ ਸਿਲੇਬਸ ਤੇ ਮੈਡੀਕਲ ਸਟੈਂਡਰਡ ਦੀ ਪੂਰੀ ਜਾਣਕਾਰੀ ਜਲਦ ਜਾਰੀ ਹੋਣ ਵਾਲੀ ਵਿਸਤ੍ਰਿਤ ਕੇਂਦਰੀਕ੍ਰਿਤ ਰੋਜ਼ਗਾਰ ਅਧਿਸੂਚਨਾ (Detailed CEN) ’ਚ ਦਿੱਤੀ ਜਾਵੇਗੀ।
ਦਲਾਲਾਂ ਤੋਂ ਸਾਵਧਾਨ ਰਹਿਣ ਦੀ ਹਦਾਇਤ
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਇੱਕ ਸੰਕੇਤਕ ਨੋਟਿਸ ਹੈ, ਜਿਸਦਾ ਮੁੱਖ ਮਕਸਦ ਉਮੀਦਵਾਰਾਂ ਨੂੰ ਆਉਣ ਵਾਲੀ ਭਰਤੀ ਬਾਰੇ ਜਾਣਕਾਰੀ ਦੇਣਾ ਹੈ, ਤਾਂ ਜੋ ਉਹ ਆਪਣੇ ਸਾਰੇ ਲੋੜੀਂਦੇ ਸਰਟੀਫਿਕੇਟ ਤੇ ਦਸਤਾਵੇਜ਼ ਪਹਿਲਾਂ ਤੋਂ ਤਿਆਰ ਰੱਖ ਸਕਣ। ਭਰਤੀ ਨਾਲ ਜੁੜੇ ਪੂਰੇ ਨਿਯਮ ਤੇ ਸ਼ਰਤਾਂ ਜਲਦ ਹੀ RRB ਦੀ ਮੁੱਖ ਵੈੱਬਸਾਈਟ rrb.indianrailways.gov.in ’ਤੇ ਜਾਰੀ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਰੇਲਵੇ ਨੇ ਉਮੀਦਵਾਰਾਂ ਨੂੰ ਫਰਜ਼ੀ ਜੌਬ ਰੈਕੇਟ, ਦਲਾਲਾਂ ਤੇ ਵਿਚੋਲਿਆਂ ਦੇ ਝਾਂਸੇ ’ਚ ਨਾ ਆਉਣ ਦੀ ਚਿਤਾਵਨੀ ਦਿੱਤੀ ਹੈ। ਰੇਲਵੇ ’ਚ ਚੋਣ ਪੂਰੀ ਤਰ੍ਹਾਂ ਯੋਗਤਾ ਤੇ ਨਿਰਪੱਖ ਕੰਪਿਊਟਰ ਆਧਾਰਿਤ ਪ੍ਰੀਖਿਆ (CBT) ਦੇ ਆਧਾਰ ’ਤੇ ਕੀਤੀ ਜਾਂਦੀ ਹੈ।