ਸਾਵਧਾਨ! ਹਰ ਚਮਕਦੀ ਸਬਜ਼ੀ ਤਾਜ਼ੀ ਨਹੀਂ, ਖ਼ਤਰਨਾਕ ਕੈਮੀਕਲ ਨਾਲ ਹਰੀਆਂ ਬਣਾਈਆਂ ਜਾ ਰਹੀਆਂ ਬੇਹੀ ਸਬਜ਼ੀਆਂ
ਦੇਖਣ ਵਿੱਚ ਆਕਰਸ਼ਕ ਲੱਗਣ ਵਾਲੀਆਂ ਇਹ ਸਬਜ਼ੀਆਂ ਤੁਹਾਡੀ ਸਿਹਤ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਅਸਲ ਵਿੱਚ, ਮੁਜ਼ੱਫਰਪੁਰ ਦੇ ਸ਼ਹਿਰੀ ਬਾਜ਼ਾਰਾਂ ’ਚ ਖ਼ਰਾਬ ਅਤੇ ਬਾਸੀ ਹੋ ਚੁੱਕੀਆਂ ਸਬਜ਼ੀਆਂ ਨੂੰ ਰਸਾਇਣਾਂ (ਕੈਮੀਕਲ) ਦੇ ਜ਼ਰੀਏ ਦੁਬਾਰਾ ਤਾਜ਼ਾ ਅਤੇ ਚਮਕੀਲਾ ਬਣਾ ਕੇ ਵੇਚਣ ਦਾ ਇੱਕ ਕਥਿਤ ਗੋਰਖਧੰਦਾ ਸਾਹਮਣੇ ਆਇਆ ਹੈ।
Publish Date: Mon, 14 Sep 2026 12:49 PM (IST)
Updated Date: Mon, 14 Sep 2026 12:52 PM (IST)
ਕੇਸ਼ਵ ਕੁਮਾਰ, ਮੁਜ਼ੱਫਰਪੁਰ। ਸ਼ਹਿਰ ਦੇ ਬਾਜ਼ਾਰਾਂ ’ਚ ਜੇਕਰ ਤੁਸੀਂ ਵੀ ਹਰੀਆਂ, ਚਮਕਦਾਰ ਅਤੇ ਬੇਹੱਦ ਤਾਜ਼ੀ ਨਜ਼ਰ ਆਉਣ ਵਾਲੀਆਂ ਸਬਜ਼ੀਆਂ ਦੇਖ ਕੇ ਉਨ੍ਹਾਂ ਨੂੰ ਸਿਹਤ ਲਈ ਚੰਗੀ ਸਮਝ ਕੇ ਖ਼ਰੀਦ ਰਹੇ ਹੋ ਤਾਂ ਸਾਵਧਾਨ ਹੋ ਜਾਓ।
ਦੇਖਣ ਵਿੱਚ ਆਕਰਸ਼ਕ ਲੱਗਣ ਵਾਲੀਆਂ ਇਹ ਸਬਜ਼ੀਆਂ ਤੁਹਾਡੀ ਸਿਹਤ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਅਸਲ ਵਿੱਚ, ਮੁਜ਼ੱਫਰਪੁਰ ਦੇ ਸ਼ਹਿਰੀ ਬਾਜ਼ਾਰਾਂ ’ਚ ਖ਼ਰਾਬ ਅਤੇ ਬਾਸੀ ਹੋ ਚੁੱਕੀਆਂ ਸਬਜ਼ੀਆਂ ਨੂੰ ਰਸਾਇਣਾਂ (ਕੈਮੀਕਲ) ਦੇ ਜ਼ਰੀਏ ਦੁਬਾਰਾ ਤਾਜ਼ਾ ਅਤੇ ਚਮਕੀਲਾ ਬਣਾ ਕੇ ਵੇਚਣ ਦਾ ਇੱਕ ਕਥਿਤ ਗੋਰਖਧੰਦਾ ਸਾਹਮਣੇ ਆਇਆ ਹੈ।
ਇਸ ਮਿਲਾਵਟਖੋਰੀ ਦੇ ਖੇਡ ਨਾਲ ਜੁੜੀ ਇੱਕ ਤਸਵੀਰ ਇਨ੍ਹੀਂ ਦਿਨੀਂ ਇੰਟਰਨੈੱਟ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਸ਼ਹਿਰ ਦੇ ਖਪਤਕਾਰਾਂ ਦੇ ਨਾਲ-ਨਾਲ ਖ਼ੁਰਾਕ ਸੁਰੱਖਿਆ ਵਿਭਾਗ (Food Safety Department) ਦੀ ਕਾਰਜਪ੍ਰਣਾਲੀ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਕੈਮੀਕਲਯੁਕਤ ਘੋਲ 'ਚ ਡੋਬ ਕੇ ਦੁਬਾਰਾ ਜ਼ਿੰਦਾ ਕੀਤੀਆਂ ਜਾ ਰਹੀਆਂ ਹਨ ਸਬਜ਼ੀਆਂ
ਚਰਚਾਵਾਂ ਅਤੇ ਦੋਸ਼ਾਂ ਮੁਤਾਬਕ, ਮੁਨਾਫ਼ਾਖੋਰਾਂ ਦੁਆਰਾ ਖ਼ਰਾਬ ਹੋ ਚੁੱਕੀਆਂ ਸਬਜ਼ੀਆਂ ਨੂੰ ਇੱਕ ਖ਼ਾਸ ਕੈਮੀਕਲਯੁਕਤ ਘੋਲ ਵਿੱਚ ਪਾਇਆ ਜਾ ਰਹਾ ਹੈ। ਇਸ ਰਸਾਇਣਕ ਪ੍ਰਕਿਰਿਆ ਤੋਂ ਬਾਅਦ ਬਾਸੀ ਸਬਜ਼ੀਆਂ ਵੀ ਚੰਦ ਮਿੰਟਾਂ ਵਿੱਚ ਬਿਲਕੁਲ ਤਾਜ਼ੀ ਅਤੇ ਆਕਰਸ਼ਕ ਦਿਸਣ ਲੱਗਦੀਆਂ ਹਨ।
ਇਸ ਤੋਂ ਬਾਅਦ ਇਨ੍ਹਾਂ ਕੈਮੀਕਲ ਯੁਕਤ ਸਬਜ਼ੀਆਂ ਨੂੰ ਬਾਜ਼ਾਰਾਂ ’ਚ ਲਿਆ ਕੇ ਆਮ ਗਾਹਕਾਂ ਨੂੰ ਉੱਚੇ ਭਾਅ 'ਤੇ ਵੇਚਿਆ ਜਾ ਰਿਹਾ ਹੈ। ਬਾਜ਼ਾਰ ਦੀ ਇਸ ਕਥਿਤ ਚਲਾਕੀ ਤੋਂ ਆਮ ਖਪਤਕਾਰ ਪੂਰੀ ਤਰ੍ਹਾਂ ਬੇਖ਼ਬਰ ਹੈ। ਉਹ ਜਿਸ ਸਬਜ਼ੀ ਨੂੰ ਉਸ ਦੀ ਤਾਜ਼ਗੀ ਦੇਖ ਕੇ ਖ਼ਰੀਦ ਰਿਹਾ ਹੈ, ਉਸ ਦੀ ਅਸਲ ਸਥਿਤੀ ਬੇਹੱਦ ਮਾੜੀ ਅਤੇ ਜ਼ਹਿਰੀਲੀ ਹੈ।
ਕੈਂਸਰ ਅਤੇ ਲਿਵਰ-ਕਿਡਨੀ ਖ਼ਰਾਬ ਹੋਣ ਦਾ ਮੰਡਰਾ ਰਿਹੈ ਖ਼ਤਰਾ
ਡਾਕਟਰਾਂ ਦੇ ਅਨੁਸਾਰ, ਸਬਜ਼ੀਆਂ ਨੂੰ ਹਰਾ ਅਤੇ ਚਮਕਦਾਰ ਬਣਾਉਣ ਲਈ ਆਮ ਤੌਰ 'ਤੇ ਮੈਲਾਕਾਈਟ ਗ੍ਰੀਨ ਅਤੇ ਕਾਪਰ ਸਲਫੇਟ ਵਰਗੇ ਘਾਤਕ ਰਸਾਇਣਾਂ ਦੀ ਧੜੱਲੇ ਨਾਲ ਵਰਤੋਂ ਕੀਤੀ ਜਾਂਦੀ ਹੈ। ਮੈਲਾਕਾਈਟ ਗ੍ਰੀਨ ਇੱਕ ਉਦਯੋਗਿਕ ਰੰਗ ਹੈ, ਜਿਸ ਦੀ ਲਗਾਤਾਰ ਵਰਤੋਂ ਨਾਲ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਦਾ ਖ਼ਤਰਾ ਵਧ ਜਾਂਦਾ ਹੈ।
ਉੱਥੇ ਹੀ, ਕਾਪਰ ਸਲਫੇਟ ਦੀ ਮਿਲਾਵਟ ਨਾਲ ਪੇਟ ’ਚ ਗੰਭੀਰ ਇਨਫੈਕਸ਼ਨ, ਉਲਟੀ, ਲਿਵਰ ਅਤੇ ਕਿਡਨੀ ਨੂੰ ਪੱਕੇ ਤੌਰ 'ਤੇ ਨੁਕਸਾਨ ਪਹੁੰਚ ਸਕਦਾ ਹੈ। ਹਾਲਾਂਕਿ, ਮੁਜ਼ੱਫਰਪੁਰ ਦੇ ਬਾਜ਼ਾਰਾਂ ’ਚ ਇਸ ਵੇਲੇ ਕਿਸ ਸਟੀਕ ਕੈਮੀਕਲ ਦੀ ਵਰਤੋਂ ਹੋ ਰਹੀ ਹੈ, ਇਸ ਦੀ ਅਧਿਕਾਰਤ ਪੁਸ਼ਟੀ ਵਿਗਿਆਨਕ ਅਤੇ ਪ੍ਰਯੋਗਸ਼ਾਲਾ (ਲੈਬ) ਜਾਂਚ ਤੋਂ ਬਾਅਦ ਹੀ ਸੰਭਵ ਹੋ ਸਕੇਗੀ।
ਕਟਹਿਰੇ 'ਚ ਫੂਡ ਸੇਫਟੀ ਵਿਭਾਗ, ਨਿਗਰਾਨੀ ਪ੍ਰਣਾਲੀ 'ਤੇ ਉੱਠੇ ਸਵਾਲ
ਇੰਟਰਨੈੱਟ ਮੀਡੀਆ 'ਤੇ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਖਪਤਕਾਰਾਂ ’ਚ ਭਾਰੀ ਰੋਸ ਹੈ। ਸਥਾਨਕ ਨਾਗਰਿਕਾਂ ਦਾ ਕਹਿਣਾ ਹੈ ਕਿ ਇਹ ਖ਼ੁਰਾਕ ਸੁਰੱਖਿਆ ਦੇ ਨਾਲ-ਨਾਲ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਦਾ ਬੇਹੱਦ ਗੰਭੀਰ ਮਾਮਲਾ ਹੈ।
ਇਸ ਪੂਰੇ ਕਥਿਤ ਸਿੰਡੀਕੇਟ ਨੇ ਜ਼ਿਲ੍ਹਾ ਖ਼ੁਰਾਕ ਸੁਰੱਖਿਆ ਵਿਭਾਗ ਦੀ ਸੁਸਤ ਕਾਰਜਪ੍ਰਣਾਲੀ ਅਤੇ ਨਿਗਰਾਨੀ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਵਾਲ ਉੱਠ ਰਹੇ ਹਨ ਕਿ ਆਖ਼ਰ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਸ਼ਰੇਆਮ ਖਪਤਕਾਰਾਂ ਦੀ ਸਿਹਤ ਨਾਲ ਇੰਨਾ ਵੱਡਾ ਧੋਖਾ ਕਿਵੇਂ ਹੋ ਰਿਹਾ ਹੈ ਅਤੇ ਵਿਭਾਗ ਦੀ ਟੀਮ ਹੁਣ ਤੱਕ ਮੂਕਦਰਸ਼ਕ ਕਿਉਂ ਬਣੀ ਹੋਈ ਹੈ?
ਜਾਂਚ ਅਤੇ ਸਖ਼ਤ ਕਾਰਵਾਈ ਦੀ ਉੱਠ ਰਹੀ ਮੰਗ
ਇਸ ਸੰਵੇਦਨਸ਼ੀਲ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਮਾਜ ਸੇਵੀਆਂ ਅਤੇ ਨਾਗਰਿਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਬਾਜ਼ਾਰਾਂ ਵਿੱਚ ਤੁਰੰਤ ਅਚਾਨਕ ਛਾਪੇਮਾਰੀ ਕਰਨ ਦੀ ਮੰਗ ਕੀਤੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਸ਼ੱਕੀ ਸਬਜ਼ੀਆਂ ਦੇ ਸੈਂਪਲ ਇਕੱਠੇ ਕਰਕੇ ਉਨ੍ਹਾਂ ਨੂੰ ਤੁਰੰਤ ਪ੍ਰਯੋਗਸ਼ਾਲਾ ਭੇਜਿਆ ਜਾਵੇ ਅਤੇ ਇਸ ਗੋਰਖਧੰਦੇ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਖ਼ੁਰਾਕ ਸੁਰੱਖਿਆ ਨਿਯਮਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਕਰੜਾ ਸਬਕ ਮਿਲ ਸਕੇ।
ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ 'ਨਕਲੀ ਤਾਜ਼ਗੀ' ਦੀ ਪਛਾਣ
ਅਸਾਧਾਰਨ ਚਮਕ: ਜੇਕਰ ਕੋਈ ਸਬਜ਼ੀ ਜ਼ਰੂਰਤ ਤੋਂ ਜ਼ਿਆਦਾ ਚਮਕਦਾਰ ਜਾਂ ਗੂੜ੍ਹੀ ਹਰੀ ਦਿਸ ਰਹੀ ਹੈ, ਤਾਂ ਉਸ 'ਤੇ ਸ਼ੱਕ ਕਰੋ। ਕੁਦਰਤੀ ਸਬਜ਼ੀਆਂ ਹਮੇਸ਼ਾ ਬਿਲਕੁਲ ਪਰਫੈਕਟ ਨਹੀਂ ਦਿਸਦੀਆਂ।
ਰੂੰ (ਕਾਟਨ) ਟੈਸਟ: ਹਰੀ ਮਿਰਚ, ਪਰਵਲ ਜਾਂ ਭਿੰਡੀ ਵਰਗੀਆਂ ਸਬਜ਼ੀਆਂ ਨੂੰ ਘਰ ਲਿਆ ਕੇ ਥੋੜ੍ਹੇ ਜਿਹੇ ਗਿੱਲੇ ਰੂੰ ਨਾਲ ਰਗੜੋ। ਜੇਕਰ ਰੂੰ 'ਤੇ ਹਰਾ ਰੰਗ ਉੱਤਰ ਆਉਂਦਾ ਹੈ ਤਾਂ ਸਮਝੋ ਕਿ ਉਸ 'ਤੇ ਪਾਬੰਦੀਸ਼ੁਦਾ ਕੈਮੀਕਲ ਦਾ ਲੇਪ ਲਗਾਇਆ ਗਿਆ ਹੈ।
ਪਾਣੀ ਦਾ ਰੰਗ ਬਦਲਣਾ: ਸਬਜ਼ੀਆਂ ਨੂੰ ਪਕਾਉਣ ਤੋਂ ਪਹਿਲਾਂ ਘੱਟੋ-ਘੱਟ 15 ਤੋਂ 20 ਮਿੰਟ ਲਈ ਕੋਸੇ ਲੂਣ ਵਾਲੇ ਪਾਣੀ ਜਾਂ ਸਿਰਕੇ (ਵਿਨੇਗਰ) ਵਾਲੇ ਪਾਣੀ ਵਿੱਚ ਭਿਓਂ ਕੇ ਰੱਖੋ। ਜੇਕਰ ਪਾਣੀ ਦਾ ਰੰਗ ਬਦਲਣ ਲੱਗੇ, ਤਾਂ ਉਸ ਦੀ ਵਰਤੋਂ ਕਰਨ ਤੋਂ ਬਚੋ।