ਸਾਵਧਾਨ! ਜੇਕਰ ਤੁਹਾਡਾ ਵੀ ਪੁਰਾਣਾ ਸਿਮ ਹੋ ਗਿਆ ਹੈ ਬੰਦ, ਤਾਂ ਉੱਡ ਸਕਦੇ ਹਨ ਲੱਖਾਂ ਰੁਪਏ; ਦੇਖੋ ਕਿਵੇਂ ਹੋਈ 32 ਲੱਖ ਦੀ ਠੱਗੀ
ਗੁਰੂਗ੍ਰਾਮ 'ਚ ਇੱਕ ਬਜ਼ੁਰਗ ਦਾ ਬੰਦ ਮੋਬਾਈਲ ਨੰਬਰ ਰੀਸਾਈਕਲ ਹੋ ਕੇ ਕਿਸੇ ਹੋਰ ਵਿਅਕਤੀ ਨੂੰ ਅਲਾਟ ਹੋਣਾ ਭਾਰੀ ਪੈ ਗਿਆ। ਨਵੇਂ ਅਲਾਟ ਹੋਏ ਨੰਬਰ 'ਤੇ ਜਦੋਂ ਬੈਂਕ ਲੈਣ-ਦੇਣ ਦੇ ਮੈਸੇਜ ਆਉਣ ਲੱਗੇ ਤਾਂ ਵਿਅਕਤੀ ਦੀ ਨੀਅਤ ਵਿਗੜ ਗਈ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸੇ ਨੰਬਰ ਦਾ ਫਾਇਦਾ ਚੁੱਕਦਿਆਂ ਬੈਂਕ ਖਾਤੇ 'ਚੋਂ 32.10 ਲੱਖ ਰੁਪਏ ਕੱਢ ਲਏ। ਇਸ ਮਾਮਲੇ 'ਚ ਸਾਈਬਰ ਥਾਣਾ ਈਸਟ ਪੁਲਿਸ ਨੇ ਸ਼ਨੀਵਾਰ ਰਾਤ ਦਿੱਲੀ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Publish Date: Sun, 27 Sep 2026 11:03 AM (IST)
Updated Date: Sun, 27 Sep 2026 11:04 AM (IST)
ਜਾਗਰਣ ਸੰਵਾਦਦਾਤਾ, ਗੁਰੂਗ੍ਰਾਮ - ਗੁਰੂਗ੍ਰਾਮ 'ਚ ਇੱਕ ਬਜ਼ੁਰਗ ਦਾ ਬੰਦ ਮੋਬਾਈਲ ਨੰਬਰ ਰੀਸਾਈਕਲ ਹੋ ਕੇ ਕਿਸੇ ਹੋਰ ਵਿਅਕਤੀ ਨੂੰ ਅਲਾਟ ਹੋਣਾ ਭਾਰੀ ਪੈ ਗਿਆ। ਨਵੇਂ ਅਲਾਟ ਹੋਏ ਨੰਬਰ 'ਤੇ ਜਦੋਂ ਬੈਂਕ ਲੈਣ-ਦੇਣ ਦੇ ਮੈਸੇਜ ਆਉਣ ਲੱਗੇ ਤਾਂ ਵਿਅਕਤੀ ਦੀ ਨੀਅਤ ਵਿਗੜ ਗਈ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸੇ ਨੰਬਰ ਦਾ ਫਾਇਦਾ ਚੁੱਕਦਿਆਂ ਬੈਂਕ ਖਾਤੇ 'ਚੋਂ 32.10 ਲੱਖ ਰੁਪਏ ਕੱਢ ਲਏ। ਇਸ ਮਾਮਲੇ 'ਚ ਸਾਈਬਰ ਥਾਣਾ ਈਸਟ ਪੁਲਿਸ ਨੇ ਸ਼ਨੀਵਾਰ ਰਾਤ ਦਿੱਲੀ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਖਾਤੇ 'ਚ ਹੋਏ ਲੱਖਾਂ ਰੁਪਏ ਦੇ ਲੈਣ-ਦੇਣ ਪੁਲਿਸ ਮੁਤਾਬਕ, 13 ਸਤੰਬਰ ਨੂੰ ਇੱਕ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਸਹੁਰੇ ਦੇ ਬੈਂਕ ਖਾਤੇ 'ਚੋਂ 7 ਮਾਰਚ ਤੋਂ 2 ਜੂਨ ਦੇ ਵਿਚਕਾਰ ਲੱਖਾਂ ਰੁਪਏ ਦੇ ਅਣਅਧਿਕਾਰਤ ਲੈਣ-ਦੇਣ ਹੋਏ ਹਨ। ਬੈਂਕ ਤੋਂ ਜਾਣਕਾਰੀ ਮਿਲੀ ਕਿ ਖਾਤੇ ਲਈ ਇੱਕ ਨਵਾਂ ਡੈਬਿਟ ਕਾਰਡ ਜਾਰੀ ਕੀਤਾ ਗਿਆ ਹੈ, ਜਦਕਿ ਉਨ੍ਹਾਂ ਨੇ ਇਸ ਲਈ ਕਦੇ ਅਰਜ਼ੀ ਹੀ ਨਹੀਂ ਦਿੱਤੀ ਸੀ।
ਬੰਦ ਨੰਬਰ ਕਿਸੇ ਹੋਰ ਵਿਅਕਤੀ ਨੂੰ ਹੋਇਆ ਅਲਾਟ ਜਾਂਚ ਦੌਰਾਨ ਸਾਹਮਣੇ ਆਇਆ ਕਿ ਬੈਂਕ ਖਾਤੇ ਨਾਲ ਜੁੜਿਆ ਮੋਬਾਈਲ ਨੰਬਰ ਲੰਬੇ ਸਮੇਂ ਤੋਂ ਬੰਦ ਸੀ। ਟੈਲੀਕਾਮ ਕੰਪਨੀ ਨੇ ਇਹ ਨੰਬਰ ਕਾਲਕਾਜੀ ਵਾਸੀ ਕੁਣਾਲ ਕਸ਼ਯਪ ਨੂੰ ਅਲਾਟ ਕਰ ਦਿੱਤਾ। ਜਦੋਂ ਇਸ ਨੰਬਰ 'ਤੇ ਬੈਂਕ ਖਾਤੇ ਨਾਲ ਸਬੰਧਤ ਲੈਣ-ਦੇਣ ਦੇ ਮੈਸੇਜ ਆਉਣ ਲੱਗੇ ਤਾਂ ਕੁਣਾਲ ਅਤੇ ਉਸ ਦੇ ਸਾਥੀਆਂ ਨੇ ਇਸ ਦਾ ਗਲਤ ਫਾਇਦਾ ਚੁੱਕਣ ਦੀ ਯੋਜਨਾ ਬਣਾਈ।
ਮੁਲਜ਼ਮਾਂ ਨੇ ਇਸ ਨੰਬਰ ਦੀ ਮਦਦ ਨਾਲ ਖਾਤੇ ਦੀ ਨੈੱਟ ਬੈਂਕਿੰਗ ਚਾਲੂ ਕਰ ਲਈ ਅਤੇ ਨਵਾਂ ਏਟੀਐਮ ਕਾਰਡ ਵੀ ਅਪਲਾਈ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕੋਰੀਅਰ 'ਤੇ ਨਜ਼ਰ ਰੱਖੀ ਅਤੇ ਸ਼ਿਕਾਇਤਕਰਤਾ ਦੇ ਘਰ ਦੇ ਬਾਹਰ ਪਹੁੰਚ ਕੇ ਡਾਕੀਏ ਤੋਂ ਪਹਿਲਾਂ ਹੀ ਏਟੀਐਮ ਕਾਰਡ ਹਾਸਲ ਕਰ ਲਿਆ।
ਸ਼ਾਪਿੰਗ ਤੇ ਨਕਦੀ ਕਢਵਾ ਕੇ ਉਡਾਏ 32 ਲੱਖ ਇਸ ਤੋਂ ਬਾਅਦ ਉਸੇ ਏਟੀਐਮ ਕਾਰਡ ਰਾਹੀਂ ਖਰੀਦਦਾਰੀ ਅਤੇ ਨਕਦੀ ਕਢਵਾ ਕੇ ਕੁੱਲ 32.10 ਲੱਖ ਰੁਪਏ ਕੱਢ ਲਏ ਗਏ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਇਨ੍ਹਾਂ ਪੈਸਿਆਂ ਨਾਲ 10 ਚਾਂਦੀ ਦੇ ਸਿੱਕੇ, ਸੋਨੇ ਦੀਆਂ ਬਾਲੀਆਂ ਅਤੇ ਦੋ ਆਈਫੋਨ ਖਰੀਦੇ।
ਪੁਲਿਸ ਨੇ ਕਾਲਕਾਜੀ ਵਾਸੀ ਕੁਣਾਲ ਕਸ਼ਯਪ, ਅੰਕਿਤ, ਤੁਗਲਕਾਬਾਦ ਐਕਸਟੈਂਸ਼ਨ ਵਾਸੀ ਮੁਹੰਮਦ ਸਾਹਿਲ ਅਤੇ ਆਸ਼ਾ ਕਿਰਣ ਅਪਾਰਟਮੈਂਟ ਵਾਸੀ ਸੰਗੀਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ 'ਚੋਂ ਖਰੀਦੇ ਗਏ ਚਾਂਦੀ ਦੇ ਸਿੱਕੇ, ਸੋਨੇ ਦੀਆਂ ਬਾਲੀਆਂ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।