ਸੋਸ਼ਲ ਮੀਡੀਆ ’ਤੇ BDO ਡਾ. ਬਸ਼ੀਰ ਨੂੰ ਜਾਨੋਂ ਮਾਰਨ ਦੀ ਧਮਕੀ! ਧਾਰਮਿਕ ਨਫ਼ਰਤ ਫੈਲਾਉਣ ਦੇ ਦੋਸ਼, ਪੁਲਿਸ ਨੇ ਦਰਜ ਕੀਤੀ FIR
ਚੰਬਾ ਦੇ ਮੈਹਲਾ ਵਿਕਾਸ ਖੰਡ ਦੇ ਬੀਡੀਓ ਡਾ. ਬਸ਼ੀਰ ਨੇ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਤੇ ਧਾਰਮਿਕ ਸਦਭਾਵਨਾ ਵਿਗਾੜਨ ਵਾਲੀਆਂ ਟਿੱਪਣੀਆਂ ਕਰਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।
Publish Date: Mon, 12 Oct 2026 03:16 PM (IST)
Updated Date: Mon, 12 Oct 2026 03:18 PM (IST)
ਜਾਗਰਣ ਟੀਮ, ਚੰਬਾ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ’ਚ ਤਾਇਨਾਤ ਬੀਡੀਓ ਨੇ ਸੋਸ਼ਲ ਮੀਡੀਆ ’ਤੇ ਗੁੰਮਰਾਹਕੁੰਨ ਤੇ ਅਪਮਾਨਜਨਕ ਟਿੱਪਣੀਆਂ ਰਾਹੀਂ ਧਾਰਮਿਕ ਸਦਭਾਵਨਾ ਵਿਗਾੜਨ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੀ ਸ਼ਿਕਾਇਤ ਕੀਤੀ ਹੈ। ਅਧਿਕਾਰੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਡਾ. ਬਸ਼ੀਰ ਵਿਕਾਸ ਖੰਡ ਮੈਹਲਾ ’ਚ ਬੀਡੀਓ ਦੇ ਅਹੁਦੇ ’ਤੇ ਤਾਇਨਾਤ ਹਨ।
ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਮਾਮਲਾ
ਪੁਲਿਸ ਥਾਣਾ ਸਦਰ ਚੰਬਾ ’ਚ ਸੋਸ਼ਲ ਮੀਡੀਆ ਅਕਾਊਂਟ ਧਾਰਕ ਕੁਮਾਰ ਮੋਨੂ ਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 356(2), 196(1), 299, 352 ਤੇ 351(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇੱਕ ਸਾਲ ਤੋਂ ਬਣਾ ਰਹੇ ਹਨ ਨਿਸ਼ਾਨਾ
ਜ਼ਿਲ੍ਹਾ ਮੰਡੀ ਦੇ ਤਰਾਨੂ ਵਾਸੀ ਡਾ. ਬਸ਼ੀਰ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਕੁਮਾਰ ਮੋਨੂ ਨਾਮਕ ਅਕਾਊਂਟ ਧਾਰਕ ਤੇ ਉਸ ਦੇ ਸਾਥੀ ਪਿਛਲੇ ਕਰੀਬ ਇੱਕ ਸਾਲ ਤੋਂ ਉਨ੍ਹਾਂ ਵਿਰੁੱਧ ਗੁੰਮਰਾਹਕੁੰਨ, ਅਪਮਾਨਜਨਕ ਤੇ ਮਾਣਹਾਨੀ ਵਾਲੀਆਂ ਪੋਸਟਾਂ ਤੇ ਟਿੱਪਣੀਆਂ ਪ੍ਰਸਾਰਿਤ ਕਰ ਰਹੇ ਹਨ।
ਕੀ ਕਹਿਣਾ ਹੈ ਚੰਬਾ ਦੇ ਐੱਸਪੀ ਦਾ?
ਚੰਬਾ ਦੇ ਐੱਸਪੀ ਵਿਜੇ ਕੁਮਾਰ ਸਕਲਾਨੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਡੀਓ ਮੈਹਲਾ ਦੀ ਸ਼ਿਕਾਇਤ ’ਤੇ ਕੁਮਾਰ ਮੋਨੂ ਤੇ ਹੋਰ ਵਿਅਕਤੀਆਂ ਵਿਰੁੱਧ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਤਕਨੀਕੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ।