ਦੇਸ਼ ਭਰ ’ਚ ਬੈਂਕ ਭਰਤੀ ’ਚ ਵੱਡਾ ਘੁਟਾਲਾ: 5 ਸਾਲ ਪੁਰਾਣੇ ਅੱਖਾਂ ਦੇ ਸਕੈਨ ਨਾਲ ਫੜੇ ਗਏ 257 ਫਰਜ਼ੀ ਅਧਿਕਾਰੀ
ਬੈਂਕ ਭਰਤੀ ਪ੍ਰੀਖਿਆਵਾਂ ’ਚ ਵੱਡੇ ਫਰਜ਼ੀਵਾੜੇ ਦਾ ਖੁਲਾਸਾ ਹੋਇਆ ਹੈ। ਪੰਜ ਸਾਲ ਪੁਰਾਣੇ ਡੇਟਾ ਤੇ ਅੱਖਾਂ ਦੇ ਸਕੈਨ (ਆਇਰਿਸ) ਦੀ ਜਾਂਚ ਰਾਹੀਂ 257 ਸ਼ੱਕੀ ਉਮੀਦਵਾਰਾਂ ਦੀ ਪਛਾਣ ਕੀਤੀ ਗਈ ਹੈ।
Publish Date: Tue, 13 Oct 2026 04:38 PM (IST)
Updated Date: Tue, 13 Oct 2026 04:40 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਬੈਂਕ ਭਰਤੀ ਪ੍ਰੀਖਿਆਵਾਂ ’ਚ ਫਰਜ਼ੀ ਉਮੀਦਵਾਰਾਂ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪੰਜ ਸਾਲ ਪੁਰਾਣੇ ਡੇਟਾ ਦੀ ਜਾਂਚ ਕਰਕੇ ਅੱਖਾਂ ਦੇ ਸਕੈਨ (ਆਇਰਿਸ) ਰਾਹੀਂ ਉਨ੍ਹਾਂ ਉਮੀਦਵਾਰਾਂ ਦਾ ਪਤਾ ਲਗਾਇਆ ਗਿਆ, ਜਿਨ੍ਹਾਂ ਨੇ ਧੋਖਾਧੜੀ ਕਰਕੇ ਨੌਕਰੀਆਂ ਹਾਸਲ ਕੀਤੀਆਂ ਸਨ। ਕੁੱਲ 257 ਸ਼ੱਕੀ ਉਮੀਦਵਾਰ ਮਿਲੇ ਹਨ, ਜਿਨ੍ਹਾਂ ਵਿੱਚੋਂ 172 ਵੱਖ-ਵੱਖ ਬੈਂਕਾਂ ’ਚ ਕੰਮ ਕਰ ਰਹੇ ਸਨ। ਸੀਬੀਆਈ ਹੁਣ ਦੇਸ਼ ਭਰ ’ਚ ਹੋਰ ਫਰਜ਼ੀ ਮੁਲਾਜ਼ਮਾਂ ਦੀ ਭਾਲ ’ਚ ਜੁਟੀ ਹੋਈ ਹੈ।
ਫਰਜ਼ੀਵਾੜੇ ’ਚ 4 ਗ੍ਰਿਫ਼ਤਾਰ
ਸੀਬੀਆਈ ਨੇ ਹੁਣ ਤੱਕ ਇਸ ਫਰਜ਼ੀਵਾੜੇ ਦੇ ਮਾਮਲੇ ’ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 135 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਮੱਧ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ, ਬਿਹਾਰ, ਹਰਿਆਣਾ ਤੇ ਪੱਛਮੀ ਬੰਗਾਲ ’ਚ ਕਾਰਵਾਈ ਕੀਤੀ ਗਈ ਹੈ। ਮੱਧ ਪ੍ਰਦੇਸ਼ ’ਚ ਇੱਕ ਗ੍ਰਾਮੀਣ ਬੈਂਕ ਦੇ 19 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਆਈਬੀਪੀਐੱਸ (IBPS) ਨੇ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਉਮਰ ਭਰ ਲਈ ਪ੍ਰੀਖਿਆਵਾਂ ’ਚ ਬੈਠਣ ਤੋਂ ਅਯੋਗ ਕਰਾਰ ਦੇ ਦਿੱਤਾ ਹੈ ਤੇ ਸਬੰਧਤ ਬੈਂਕਾਂ ਨੂੰ ਸੇਵਾ ਨਿਯਮਾਂ ਤਹਿਤ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਦੀ ਨੌਕਰੀ ਜਾਣ ਦੇ ਨਾਲ-ਨਾਲ ਗ੍ਰਿਫ਼ਤਾਰੀ ਹੋਣ ਦਾ ਖ਼ਦਸ਼ਾ ਵੀ ਹੈ।
ਕਿਵੇਂ ਸਾਹਮਣੇ ਆਇਆ ਫਰਜ਼ੀਵਾੜਾ?
ਆਈਬੀਪੀਐੱਸ ਨੇ 2020 ਤੋਂ 2024 ਤੱਕ ਹੋਈਆਂ ਭਰਤੀ ਪ੍ਰੀਖਿਆਵਾਂ ਦੀਆਂ ਤਸਵੀਰਾਂ ਤੇ ਬਾਇਓਮੈਟ੍ਰਿਕ ਰਿਕਾਰਡ ਦੀ ਮੁੜ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਉਮੀਦਵਾਰਾਂ ਦੀ ਥਾਂ ਡੰਮੀ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਫੋਟੋਆਂ ਤੇ ਬਾਇਓਮੈਟ੍ਰਿਕ ਰਿਕਾਰਡ ’ਚ ਫ਼ਰਕ ਮਿਲਣ ਤੋਂ ਬਾਅਦ ਸ਼ੱਕੀ ਉਮੀਦਵਾਰਾਂ ਦੀ ਪਛਾਣ ਹੋਈ।
ਫਿੰਗਰਪ੍ਰਿੰਟ ਤੇ ਫੋਟੋਆਂ ਨਾਲ ਕੀਤੀ ਗਈ ਹੇਰਾਫੇਰੀ
ਪ੍ਰੀਖਿਆ ਕੇਂਦਰਾਂ ’ਤੇ ਸਿਲੀਕੋਨ ਜਾਂ ਰਸਾਇਣਾਂ ਦੀ ਵਰਤੋਂ ਕਰਕੇ ਫਿੰਗਰਪ੍ਰਿੰਟ ਜਾਂਚ ਨੂੰ ਚਕਮਾ ਦਿੱਤਾ ਗਿਆ। ਰਜਿਸਟ੍ਰੇਸ਼ਨ ਦੌਰਾਨ ਅਪਲੋਡ ਕੀਤੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਅਸਲੀ ਉਮੀਦਵਾਰ ਤੇ ਡੰਮੀ ਉਮੀਦਵਾਰ ਦੇ ਚਿਹਰੇ ਮਿਲਦੇ-ਜੁਲਦੇ ਬਣਾਏ ਗਏ। ਪ੍ਰੀਖਿਆ, ਇੰਟਰਵਿਊ ਤੇ ਦਸਤਾਵੇਜ਼ਾਂ ਦੀ ਜਾਂਚ ਤੱਕ ਇੱਕੋ ਡੰਮੀ ਉਮੀਦਵਾਰ ਸ਼ਾਮਲ ਰਿਹਾ। ਅੰਤਿਮ ਚੋਣ ਹੋਣ ਤੋਂ ਬਾਅਦ ਅਸਲੀ ਉਮੀਦਵਾਰ ਨਿਯੁਕਤੀ ਪੱਤਰ ਲੈ ਕੇ ਬੈਂਕ ’ਚ ਨੌਕਰੀ ਜੁਆਇਨ ਕਰਨ ਪਹੁੰਚ ਗਿਆ।
ਪੁਰਾਣੇ ਰਿਕਾਰਡ ਨਾਲ ਕਿਵੇਂ ਫੜਿਆ ਗਿਆ ਫਰਜ਼ੀਵਾੜਾ?
ਪ੍ਰੀਖਿਆ ਦੌਰਾਨ ਕੀਤੇ ਗਏ ਆਇਰਿਸ ਸਕੈਨ ਦਾ ਮਿਲਾਨ ਕੀਤਾ ਗਿਆ। ਕੁਝ ਸਕੈਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਸਕੈਨ ਨਾਲ ਮੇਲ ਖਾ ਗਏ, ਜਦਕਿ ਰਿਕਾਰਡ ’ਚ ਇਹ ਸਕੈਨ ਨੌਕਰੀ ਹਾਸਲ ਕਰਨ ਵਾਲੇ ਉਮੀਦਵਾਰਾਂ ਦੇ ਨਾਂ ’ਤੇ ਦਰਜ ਸਨ। ਇਸ ਤਰ੍ਹਾਂ ਪੁਰਾਣੇ ਡੇਟਾ ਦੀ ਮਦਦ ਨਾਲ ਬੈਂਕ ਭਰਤੀ ’ਚ ਹੋਏ ਫਰਜ਼ੀਵਾੜੇ ਦਾ ਪਰਦਾਫਾਸ਼ ਹੋਇਆ।