ਇਸ ਪਿੰਡ ’ਚ ਲਵ ਮੈਰਿਜ ’ਤੇ ਲੱਗੀ ਪਾਬੰਦੀ : ਪੰਚਾਇਤ ਦਾ ਫੈਸਲਾ, ਪ੍ਰੇਮ ਵਿਆਹ ਕਰਨ ਵਾਲਿਆਂ ਦਾ ਹੋਵੇਗਾ ਸਮਾਜਿਕ ਬਾਈਕਾਟ
ਹਿਸਾਰ ਦੇ ਆਰਿਆ ਨਗਰ ਪਿੰਡ ’ਚ ਇੱਕ ਸਮਾਜਿਕ ਪੰਚਾਇਤ ਨੇ ਪ੍ਰੇਮ ਵਿਆਹ ਕਰਨ ਵਾਲਿਆਂ ਦੇ ਸਮਾਜਿਕ ਬਾਈਕਾਟ ਦਾ ਪ੍ਰਸਤਾਵ ਪਾਸ ਕੀਤਾ ਹੈ। ਇਹ ਫੈਸਲਾ ਪਿੰਡ ’ਚ ਹਾਲ ਹੀ ’ਚ ਹੋਏ ਤਿੰਨ ਪ੍ਰੇਮ ਵਿਆਹਾਂ ਤੋਂ ਬਾਅਦ ਲਿਆ ਗਿਆ ਹੈ।
Publish Date: Tue, 22 Sep 2026 12:02 PM (IST)
Updated Date: Tue, 22 Sep 2026 12:05 PM (IST)
ਜਾਗਰਣ ਸੰਵਾਦਦਾਤਾ, ਹਿਸਾਰ : ਹਿਸਾਰ ਦੇ ਆਰਿਆ ਨਗਰ ਪਿੰਡ ’ਚ ਬੀਤੇ ਐਤਵਾਰ ਨੂੰ ਹੋਈ ਇੱਕ ਸਮਾਜਿਕ ਪੰਚਾਇਤ ’ਚ ਪਿੰਡ ਦੇ ਲੋਕਾਂ ਵਿਚਕਾਰ ਹੋਣ ਵਾਲੇ ਪ੍ਰੇਮ ਵਿਆਹਾਂ ਦੇ ਸਮਾਜਿਕ ਬਾਈਕਾਟ ਦਾ ਪ੍ਰਸਤਾਵ ਪਾਸ ਕੀਤਾ ਗਿਆ। ਪੰਚਾਇਤ ’ਚ ਕਿਹਾ ਗਿਆ ਕਿ ਪਿੰਡ ’ਚ ਅਜਿਹੇ ਵਿਆਹ ਕਰਨ ਵਾਲੇ ਲੋਕਾਂ ਤੇ ਇਸ ਦਾ ਸਮਰਥਨ ਕਰਨ ਵਾਲੇ ਪਰਿਵਾਰਕ ਮੈਂਬਰਾਂ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਪਿਛਲੇ ਕੁਝ ਮਹੀਨਿਆਂ ’ਚ ਪਿੰਡ ’ਚ ਅਜਿਹੇ ਤਿੰਨ ਵਿਆਹ ਹੋਣ ਤੋਂ ਬਾਅਦ ਇਹ ਪ੍ਰਸਤਾਵ ਪਾਸ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਪਿੰਡ ਦੇ ਬਜ਼ੁਰਗਾਂ ਦੀ ਮੌਜੂਦਗੀ ’ਚ ਹੋਈ ਸਭਾ ’ਚ ਕਰੀਬ ਇੱਕ ਹਜ਼ਾਰ ਪਿੰਡ ਵਾਸੀ ਸ਼ਾਮਲ ਹੋਏ। ਪੰਚਾਇਤ ਦੀ ਪ੍ਰਧਾਨਗੀ ਪਿੰਡ ਦੇ ਬਜ਼ੁਰਗ ਕੁਲਵੰਤ ਗੋਸਲਾ ਨੇ ਕੀਤੀ। ਪ੍ਰਸਤਾਵ ’ਚ ਇਹ ਵੀ ਕਿਹਾ ਗਿਆ ਕਿ ਅਜਿਹੇ ਵਿਆਹ ਦਾ ਸਮਰਥਨ ਕਰਨ ਵਾਲੇ ਪਰਿਵਾਰਕ ਮੈਂਬਰਾਂ ਜਾਂ ਹੋਰ ਲੋਕਾਂ ਖ਼ਿਲਾਫ਼ ਵੀ ਸਮਾਜਿਕ ਬਾਈਕਾਟ ਦੀ ਕਾਰਵਾਈ ਕੀਤੀ ਜਾਵੇਗੀ।
ਚੁਣੀ ਹੋਈ ਪੰਚਾਇਤ ਨੇ ਫੈਸਲੇ ਤੋਂ ਬਣਾਈ ਦੂਰੀ ਪਿੰਡ ਦੇ ਸਰਪੰਚ ਰਤਨ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸਾਰੇ ਪਿੰਡ ਵਾਸੀ ਇਕੱਠੇ ਹੋਏ ਸਨ ਤੇ ਫੈਸਲਾ ਲਿਆ ਗਿਆ ਕਿ ਪਿੰਡ ਦੇ ਹੀ ਨੌਜਵਾਨ-ਨੌਜਵਾਨੀ ਆਪਸ ’ਚ ਪ੍ਰੇਮ ਵਿਆਹ ਨਹੀਂ ਕਰਨਗੇ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਪਿੰਡ ’ਚ ਪੁਲਿਸ ਵੀ ਤਾਇਨਾਤ ਨਹੀਂ ਕੀਤੀ ਗਈ ਹੈ। ਸਰਪੰਚ ਨੇ ਦੱਸਿਆ ਕਿ ਇਸ ਫੈਸਲੇ ’ਚ ਚੁਣੀ ਹੋਈ ਗ੍ਰਾਮ ਪੰਚਾਇਤ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਫੈਸਲਾ ਸਮਾਜਿਕ ਪੰਚਾਇਤ ਵੱਲੋਂ ਲਿਆ ਗਿਆ ਹੈ।
ਵਕੀਲ ਬੋਲੇ- ਬਾਲਗਾਂ ਨੂੰ ਜੀਵਨ ਸਾਥੀ ਚੁਣਨ ਦਾ ਅਧਿਕਾਰ ਸੀਨੀਅਰ ਵਕੀਲ ਲਾਲ ਬਹਾਦੁਰ ਖੋਵਾਲ ਨੇ ਦੱਸਿਆ ਕਿ ਸਹਿਮਤੀ ਨਾਲ ਵਿਆਹ ਕਰਨ ਵਾਲੇ ਬਾਲਗਾਂ ਨੂੰ ਸੰਵਿਧਾਨ ਦੇ ਅਨੁਛੇਦ-21 ਤਹਿਤ ਆਪਣੀ ਪਸੰਦ ਦਾ ਜੀਵਨ ਸਾਥੀ ਚੁਣਨ ਦਾ ਮੌਲਿਕ ਅਧਿਕਾਰ ਹੈ। ਉਨ੍ਹਾਂ ਮੁਤਾਬਕ ਸਮਾਜਿਕ ਬਾਈਕਾਟ ਦਾ ਹੁਕਮ ਦੇਣ ਵਾਲੀ ਪੰਚਾਇਤ ਦੇ ਅਜਿਹੇ ਫਰਮਾਨ ਦੀ ਕਾਨੂੰਨੀ ਵੈਧਤਾ ਨਹੀਂ ਹੈ ਤੇ ਹਾਲਾਤ ਦੇ ਆਧਾਰ ’ਤੇ ਅਪਰਾਧਿਕ ਤੇ ਹੋਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ’ਚ ਗੱਲਬਾਤ ਰਾਹੀਂ ਸਥਿਤੀ ਨੂੰ ਸੰਭਾਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਧਮਕੀ ਦੇਣ ਜਾਂ ਦਬਾਅ ਬਣਾਉਣ ਦੀ ਸਥਿਤੀ ’ਚ ਭਾਰਤੀ ਨਿਆਂ ਸੰਹਿਤਾ ਤਹਿਤ ਅਪਰਾਧਿਕ ਕਾਰਵਾਈ ਹੋ ਸਕਦੀ ਹੈ।
ਨਹੀਂ ਵਾਪਰੀ ਕੋਈ ਅਣਸੁਖਾਵੀਂ ਘਟਨਾ ਪੁਲਿਸ ਬੁਲਾਰੇ ਨੇ ਦੱਸਿਆ ਕਿ ਆਰਿਆ ਨਗਰ ਪਿੰਡ ’ਚ ਸ਼ਾਂਤੀਪੂਰਨ ਮਾਹੌਲ ਹੈ। ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ ਹੈ। ਜੇਕਰ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਪਿੰਡ ’ਚ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।