'ਆਸਾਰਾਮ ਪੂਰੀ ਤਰ੍ਹਾਂ ਫਿੱਟ, ਪੈਦਲ ਕੀਤੀ ਅਯੁੱਧਿਆ-ਕਾਸ਼ੀ ਦੀ ਯਾਤਰਾ', ਰਾਜਸਥਾਨ ਸਰਕਾਰ ਨੇ ਸੁਪਰੀਮ ਕੋਰਟ ’ਚ ਦਿੱਤਾ ਜਵਾਬ
ਜਬਰ-ਜਨਾਹ ਦੇ ਦੋਸ਼ੀ ਆਸਾਰਾਮ ਬਾਪੂ ਦੀ ਅੰਤਰਿਮ ਜ਼ਮਾਨਤ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਸਰਕਾਰ ਤੋਂ ਉਨ੍ਹਾਂ ਦੀ ਮੌਜੂਦਾ ਮੈਡੀਕਲ ਰਿਪੋਰਟ ਤਲਬ ਕੀਤੀ ਹੈ। ਕੋਰਟ ਇਹ ਦੇਖਣਾ ਚਾਹੁੰਦਾ ਹੈ ਕਿ ਕੀ ਉਨ੍ਹਾਂ ਦੀ ਸਿਹਤ ਦੀ ਸਥਿਤੀ ਮੈਡੀਕਲ ਆਧਾਰ 'ਤੇ ਜ਼ਮਾਨਤ ਦੇਣ ਯੋਗ ਹੈ।
Publish Date: Fri, 17 Jul 2026 03:26 PM (IST)
Updated Date: Fri, 17 Jul 2026 03:29 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਜਬਰ-ਜਨਾਹ ਦੇ ਦੋਸ਼ੀ ਆਸਾਰਾਮ ਬਾਪੂ ਦੀ ਅੰਤਰਿਮ ਜ਼ਮਾਨਤ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਸਰਕਾਰ ਤੋਂ ਉਨ੍ਹਾਂ ਦੀ ਮੌਜੂਦਾ ਮੈਡੀਕਲ ਰਿਪੋਰਟ ਤਲਬ ਕੀਤੀ ਹੈ। ਕੋਰਟ ਇਹ ਦੇਖਣਾ ਚਾਹੁੰਦਾ ਹੈ ਕਿ ਕੀ ਉਨ੍ਹਾਂ ਦੀ ਸਿਹਤ ਦੀ ਸਥਿਤੀ ਮੈਡੀਕਲ ਆਧਾਰ 'ਤੇ ਜ਼ਮਾਨਤ ਦੇਣ ਯੋਗ ਹੈ।
ਜਸਟਿਸ ਐੱਮ.ਐੱਮ. ਸੁੰਦਰੇਸ਼ ਅਤੇ ਜਸਟਿਸ ਪੀ.ਬੀ. ਵਰਾਲੇ ਦੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਉਹ ਰਾਜ ਦੇ ਮੁਲਾਂਕਣ ਦੇ ਆਧਾਰ 'ਤੇ ਹੀ ਫੈਸਲਾ ਕਰੇਗੀ। ਬੈਂਚ ਨੇ ਰਾਜਸਥਾਨ ਸਰਕਾਰ ਨੂੰ 21 ਜੁਲਾਈ ਤੱਕ ਜਵਾਬ ਦੇਣ ਲਈ ਕਿਹਾ ਹੈ।
ਇਸ ਮਾਮਲੇ ਵਿੱਚ ਰਾਜਸਥਾਨ ਸਰਕਾਰ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਆਸਾਰਾਮ ਪੂਰੀ ਤਰ੍ਹਾਂ ਫਿੱਟ ਹਨ। ਉਨ੍ਹਾਂ ਨੇ ਕੋਰਟ ਨੂੰ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਉਹ ਅਯੁੱਧਿਆ ਅਤੇ ਕਾਸ਼ੀ ਵਿਸ਼ਵਨਾਥ ਗਏ ਸਨ। ਹਰ ਜਗ੍ਹਾ ਪੈਦਲ ਗਏ ਸਨ ਅਤੇ ਯਾਤਰਾ ਕੀਤੀ ਸੀ। ਉਹ ਫਿੱਟ ਹਾਲਤ ਵਿੱਚ ਹਨ।
ਤੁਸ਼ਾਰ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਗੈਸਟ੍ਰੋ ਦੀ ਸਮੱਸਿਆ ਕਾਰਨ ਥੋੜ੍ਹੀ ਬਲੀਡਿੰਗ ਹੋ ਰਹੀ ਹੈ ਪਰ ਉਹ ਦਵਾਈ ਲੈ ਰਹੇ ਹਨ ਅਤੇ ਇਹ ਕੁਝ ਸਮੇਂ ਲਈ ਹੀ ਹੈ।
ਦੂਜੇ ਪਾਸੇ, ਬੈਂਚ ਨੇ ਸਾਲੀਸਿਟਰ ਜਨਰਲ ਨੂੰ ਸਹੀ ਦਿਸ਼ਾ-ਨਿਰਦੇਸ਼ ਲੈ ਕੇ ਆਉਣ ਲਈ ਕਿਹਾ। ਕੋਰਟ ਨੇ ਟਿੱਪਣੀ ਕੀਤੀ, "ਜੇਕਰ ਤੁਸੀਂ ਕਹਿੰਦੇ ਹੋ ਕਿ ਲੋੜ ਨਹੀਂ ਹੈ ਤਾਂ ਅਸੀਂ ਜ਼ਮਾਨਤ ਨਹੀਂ ਦੇਵਾਂਗੇ ਪਰ ਜੇਕਰ ਉਨ੍ਹਾਂ ਦੀ ਹਾਲਤ ਗੰਭੀਰ ਹੈ ਤਾਂ ਅਸੀਂ ਖ਼ੁਦ ਨੂੰ ਜਾਂ ਤੁਹਾਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੁੰਦੇ।"
ਕੋਰਟ ਨੇ ਕਿਹਾ ਕਿ ਕਿਰਪਾ ਕਰਕੇ ਸਹੀ ਦਿਸ਼ਾ-ਨਿਰਦੇਸ਼ ਲਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਅਣਹੋਣੀ ਹੋਵੇ। ਜੇਕਰ ਕੁਝ ਹੁੰਦਾ ਹੈ ਤਾਂ ਅਸੀਂ ਸਿਰਫ਼ ਇਸੇ ਮਕਸਦ ਲਈ ਕੁਝ ਸਮੇਂ ਲਈ ਜ਼ਮਾਨਤ ਦੇਵਾਂਗੇ।
ਕੋਰਟ ਵਿੱਚ ਆਸਾਰਾਮ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਦੀ ਸਥਿਤੀ ਗੰਭੀਰ ਹੈ ਅਤੇ ਉਨ੍ਹਾਂ ਨੂੰ ਉੱਚ ਜੋਖਮ ਹੈ। ਕੁਝ ਦਿਨ ਪਹਿਲਾਂ ਵਕੀਲ ਨੇ ਕੋਰਟ ਵਿੱਚ ਕਿਹਾ ਸੀ ਕਿ ਆਸਾਰਾਮ ਨੂੰ ਅਕਿਊਟ ਇੰਟਰਨਲ ਬਲੀਡਿੰਗ ਹੋ ਰਹੀ ਹੈ।
ਦੱਸ ਦੇਈਏ ਕਿ ਸੁਪਰੀਮ ਕੋਰਟ ਆਸਾਰਾਮ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੇ 2013 ਵਿੱਚ ਜੋਧਪੁਰ ਵਿੱਚ ਇੱਕ ਨਾਬਾਲਗ ਭਗਤ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਰਾਜਸਥਾਨ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਨਾਲ ਹੀ ਅਪੀਲ ਪੈਂਡਿੰਗ ਰਹਿਣ ਤੱਕ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਹੈ।
ਜਬਰ-ਜਨਾਹ ਦੇ ਮਾਮਲੇ ’ਚ ਜੋਧਪੁਰ ਦੀ ਟ੍ਰਾਇਲ ਕੋਰਟ ਨੇ ਆਸਾਰਾਮ ਅਤੇ ਦੋ ਹੋਰਾਂ ਨੂੰ ਦੋਸ਼ੀ ਠਹਿਰਾਇਆ ਸੀ। ਇਸ ਸਾਲ ਮਈ ਵਿੱਚ ਰਾਜਸਥਾਨ ਹਾਈ ਕੋਰਟ ਨੇ ਜਬਰ-ਜਨਾਹ ਅਤੇ ਉਸ ਨਾਲ ਜੁੜੇ ਅਪਰਾਧਾਂ ਵਿੱਚ ਸਜ਼ਾ ਬਰਕਰਾਰ ਰੱਖੀ ਸੀ ਪਰ ਅਪਰਾਧਿਕ ਸਾਜ਼ਿਸ਼ ਅਤੇ ਗੈਂਗਰੇਪ ਦੇ ਦੋਸ਼ਾਂ ਤੋਂ ਆਸਾਰਾਮ ਨੂੰ ਬਰੀ ਕਰ ਦਿੱਤਾ ਸੀ।
ਹੁਣ ਸੁਪਰੀਮ ਕੋਰਟ ਸਰਕਾਰ ਦੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਅੱਗੇ ਫੈਸਲਾ ਲਵੇਗਾ।