- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਸਭਾ ਦੁਆਰਾ ਪਾਸ ਜਨਤਕ ਪ੍ਰੀਖਿਆ (ਅਨਿਆਂਪੂਰਨ ਸਾਧਨਾਂ ਦੀ ਰੋਕਥਾਮ) ਸੋਧ ਬਿੱਲ, 2026, ਵੀਰਵਾਰ ਨੂੰ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਦੁਆਰਾ ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ।

ਜਾਗਰਣ ਬਿਊਰੋ, ਨਵੀਂ ਦਿੱਲੀ : ਜਨਤਕ ਪ੍ਰੀਖਿਆ (ਗ਼ਲਤ ਸਾਧਨਾਂ ਦੀ ਰੋਕਥਾਮ) ਸੋਧ ਬਿੱਲ-2026 ’ਤੇ ਵੀਰਵਾਰ ਨੂੰ ਸੰਸਦ ਦੀ ਮੋਹਰ ਲੱਗ ਗਈ। ਵਿਰੋਧੀ ਧਿਰ ਦੇ ਵਾਕਆਊਟ ਵਿਚਾਲੇ ਬਿੱਲ ਰਾਜ ਸਭਾ ਤੋਂ ਵੀ ਪਾਸ ਹੋ ਗਿਆ। ਪੇਪਰ ਲੀਕ ਸਮੇਤ ਪ੍ਰੀਖਿਆਵਾਂ ’ਚ ਗੜਬੜੀਆਂ ਦੀ ਤੁਰੰਤ ਜਾਂਚ ਅਤੇ ਮੁਕੱਦਮੇ ਦੇ ਨਾਲ ਹੀ ਸਜ਼ਾ ’ਚ ਸਖ਼ਤੀ ਲਿਆਉਣ ਵਾਲੇ ਇਸ ਬਿੱਲ ਨੂੰ ਲੋਕ ਸਭਾ ਨੇ ਬੁੱਧਵਾਰ ਨੂੰ ਪਾਸ ਕਰ ਦਿੱਤਾ ਸੀ। ਹੁਣ ਇਸ ’ਤੇ ਰਾਸ਼ਟਰਪਤੀ ਦੀ ਮਨਜ਼ੂਰੀ ਹੀ ਬਾਕੀ ਰਹਿ ਗਈ ਹੈ। ਦਿਨ ਵੇਲੇ ਜਦ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਬਿੱਲ ਪੇਸ਼ ਕਰਦੇ ਹੋਏ ਇਸ ਦੀਆਂ ਮਦਾਂ ਦਾ ਵੇਰਵਾ ਦਿੱਤਾ ਤਾਂ ਵਿਰੋਧੀ ਸੰਸਦ ਮੈਂਬਰਾਂ ਨੇ ਬੈਠੇ-ਬੈਠੇ ਨਾਅਰੇਬਾਜ਼ੀ ਤੇ ਟਿੱਪਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਨੇ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਸ਼ਾਇਦ ਤੀਰ ਸਹੀ ਨਿਸ਼ਾਨੇ ’ਤੇ ਲੱਗਾ ਹੈ। ਉੱਥੇ, ਵਿਰੋਧੀ ਧਿਰ ਨੇ ਕਾਨੂੰਨੀ ਮਦਾਂ ਨੂੰ ਸੁਧਾਰ ਲਈ ਨਾਕਾਫ਼ੀ ਦੱਸਦੇ ਹੋਏ ਸਰਕਾਰ ਦੀ ਨੀਅਤ ’ਤੇ ਸਵਾਲ ਖੜ੍ਹੇ ਕੀਤੇ। ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੇ ਸਰਕਾਰ ਤੋਂ ਪੰਜ ਸਵਾਲ ਪੁੱਛਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ ਇਨ੍ਹਾਂ ਦਾ ਜਵਾਬ ਦੇਣ ਜਾਂ ਅਸਤੀਫ਼ਾ ਦੇਣ।
ਮੌਨਸੂਨ ਸੈਸ਼ਨ ਦੇ ਸ਼ੁਰੂ ਤੋਂ ਸੱਤਾ ਧਿਰ ਤੇ ਵਿਰੋਧੀ ਧਿਰ ਵਿਚਾਲੇ ਚੱਲ ਰਹੀ ਰੱਸਾਕਸ਼ੀ ਵੀਰਵਾਰ ਨੂੰ ਰਾਜ ਸਭਾ ’ਚ ਵੀ ਦੇਖਣ ਨੂੰ ਮਿਲੀ। ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਖਾਸ ਤੌਰ ’ਤੇ ਕਾਂਗਰਸੀ ਮੈਂਬਰਾਂ ਨੇ ਗ੍ਰਹਿ ਮੰਤਰੀ ਸਦਨ ’ਚ ਆਓ ਦੇ ਨਾਅਰੇ ਦੇ ਨਾਲ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੇ ਬਾਵਜੂਦ ਜਦੋਂ ਚੇਅਰਮੈਨ ਸੀਪੀ ਰਾਧਾਕ੍ਰਿਸ਼ਣਨ ਨੇ ਕਾਰਵਾਈ ਜਾਰੀ ਰੱਖੀ ਤਾਂ ਸਮੁੱਚੀ ਵਿਰੋਧੀ ਧਿਰ ਵਾਕਆਊਟ ਕਰ ਗਈ, ਜਿਹੜੀ ਪ੍ਰਸ਼ਨਕਾਲ ’ਚ ਵੀ ਨਹੀਂ ਪਰਤੀ। ਦੁਪਹਿਰ ਦੋ ਵਜੇ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਪੀਐੱਮਓ ’ਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪੇਪਰ ਲੀਕ ਰੋਕੂ ਬਿੱਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਪੇਪਰ ਲੀਕ ਦੀਆਂ ਘਟਨਾਵਾਂ ਤੋਂ ਕੋਈ ਸੂਬਾ ਅਣਛੂਹਿਆ ਨਹੀਂ ਹੈ। ਇਸ ਦੀ ਸੂਚੀ ਬਹੁਤ ਲੰਬੀ ਹੈ। ਉਨ੍ਹਾਂ ਸੋਧੇ ਬਿਲ ਦੀਆਂ ਕਾਨੂੰਨੀ ਮਦਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਾਰਦਰਸ਼ੀ ਪ੍ਰੀਖਿਆਵਾਂ ਨੂੰ ਲੈ ਕੇ ਸਰਕਾਰ ਦੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ ਹੈ, ਇਸੇ ਲਈ ਕਾਨੂੰਨ ਨੂੰ ਸਖ਼ਤ ਬਣਾਇਆ ਜਾ ਰਿਹਾ ਹੈ।
ਵਿਰੋਧੀ ਧਿਰ ਵਲੋਂ ਚਰਚਾ ਦੀ ਸ਼ੁਰੂਆਤ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੇ ਕੀਤੀ। ਉਨ੍ਹਾਂ ਕਿਹਾ ਕਿ ਇਸ ਬਿੱਲ ’ਚ ਸਿਰਫ਼ ਅੰਕੜੇ ਬਦਲੇ ਹਨ। ਇਸ ਨਾਲ ਸੁਧਾਰ ਨਹੀਂ ਹੋਵੇਗਾ। ਫ਼ਰਕ ਤਾਂ ਇਸ ਨਾਲ ਪੈਂਦਾ ਹੈ ਕਿ ਤੁਸੀਂ ਪੇਪਰ ਲੀਕ ਦੇ ਬਿਨਾਂ ਪ੍ਰੀਖਿਆ ਕਿਵੇਂ ਕਰਾਉਂਦੇ ਹੋ। ਉਨ੍ਹਾਂ ਦੋਸ਼ ਲਗਾਇਆ ਕਿ 2024 ’ਚ ਬਣੇ ਕਾਨੂੰਨ ’ਚ ਬਦਲਾਅ ਦੀ ਮੰਗ ਕਾਂਗਰਸ ਨੇ ਤਦੇ ਕੀਤੀ ਸੀ, ਪਰ ਸਰਕਾਰ ਨੇ ਇਸ ਲਈ ਨਹੀਂ ਮੰਨੀ, ਕਿਉਂਕਿ ਰਾਹੁਲ ਗਾਂਧੀ ਵਿਦਿਆਰਥੀਆਂ ਦੀ ਆਵਾਜ਼ ਦੇਸ਼ ਭਰ ’ਚ ਉਠਾ ਰਹੇ ਸਨ। ਉਨ੍ਹਾਂ ਨੂੰ ਬਦਲਾਅ ਦਾ ਸਿਹਰਾ ਮਿਲ ਸਕਦਾ ਸੀ।
ਵਿਰੋਧੀ ਧਿਰ ਦੇ ਆਗੂ ਨੇ ਸਰਕਾਰ ਤੋਂ ਸਵਾਲ ਪੁੱਛੇ-ਲਾਠੀਚਾਰਜ ਕਿਸ ਨੇ ਕੀਤਾ, ਹੰਝੂ ਗੈਸ ਕਿਸ ਨੇ ਛੱਡੀ, ਪੈਲੇਟ ਗੰਨ ਦੀ ਵਰਤੋਂ ਦਾ ਆਦੇਸ਼ ਕਿਸ ਨੇ ਦਿੱਤਾ? ਸਾਦੇ ਕੱਪੜਿਆਂ ’ਚ ਵਿਦਿਆਰਥੀਆਂ ਨੂੰ ਕੁੱਟਣ ਵਾਲੇ ਲੋਕ ਕੌਣ ਸਨ? ਦਿੱਲੀ ਪੁਲਿਸ ਕਿਸ ਦੇ ਅਧੀਨ ਹੈ? ਸੀਆਰਪੀਐੱਫ ਤੇ ਆਰਏਐੱਫ ਕਿਸ ਦੇ ਆਦੇਸ਼ ’ਤੇ ਕੰਮ ਕਰਦੀਆਂ ਹਨ? ਇਸ ਪੂਰੇ ਘਟਨਾਕ੍ਰਮ ਦਾ ਸਰਬ ਉੱਚ ਸੂਤਰਧਾਰ ਕੌਣ ਸੀ? ਉਨ੍ਹਾਂ ਕਿਹਾ ਕਿ ਦੇਸ਼ ਇਨ੍ਹਾਂ ਸਵਾਲਾਂ ਦਾ ਜਵਾਬ ਚਾਹੁੰਦਾ ਹੈ। ਜੇਕਰ ਗ੍ਰਹਿ ਮੰਤਰੀ ਇਨ੍ਹਾਂ ਦੇ ਜਵਾਬ ਨਹੀਂ ਦੇ ਸਕਦੇ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਜਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਬਰਖ਼ਾਸਤ ਕਰਨ। ਇਸ ਦੌਰਾਨ ਖੜਗੇ ਨੇ ਕੁਝ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ, ਜਿਨ੍ਹਾਂ ਨੂੰ ਕਾਰਵਾਈ ਤੋਂ ਹਟਾਉਣ ਦੀ ਮੰਗ ਕਰਦੇ ਹੋਏ ਸਦਨ ਦੇ ਨੇਤਾ ਜੇਪੀ ਨੱਡਾ ਨੇ ਖੜਗੇ ਨੂੰ ਸਲਾਹ ਦਿੱਤੀ ਕਿ ਦਲੀਲ ਰੱਖਣ, ਭਾਵੁਕ ਨਾ ਹੋਣ।
ਸਮਾਜਵਾਦੀ ਪਾਰਟੀ ਨੂੰ ਦਿਖਾਇਆ ਸ਼ੀਸ਼ਾ, ਉੱਤਰ ਪ੍ਰਦੇਸ਼ ਤੋਂ ਹੋਈ ਨਕਲ ਮਾਫ਼ੀਆ ਦੀ ਸ਼ੁਰੂਆਤ
ਸਮਾਜਵਾਦੀ ਪਾਰਟੀ ਵਲੋਂ ਸਰਕਾਰ ਦੀ ਨੀਅਤ ’ਤੇ ਸਵਾਲ ਚੁੱਕੇ ਜਾਣ ਦਾ ਜਵਾਬ ਚਰਚਾ ਦੌਰਾਨ ਭਾਜਪਾ ਦੇ ਐੱਮਪੀ ਬ੍ਰਿਜਲਾਲ ਨੇ ਦਿੱਤਾ। ਉਨ੍ਹਾਂ ਨੇ 1992 ’ਚ ਉੱਤਰ ਪ੍ਰਦੇਸ਼ ’ਚ ਕਲਿਆਣ ਸਿੰਘ ਸਰਕਾਰ ਵਲੋਂ ਲਿਆਂਦੇ ਗਏ ਨਕਲ ਵਿਰੋਧੀ ਆਰਡੀਨੈਂਸ ਦਾ ਜ਼ਿਕਰ ਕੀਤਾ। ਕਿਹਾ ਕਿ ਉਸ ਤੋਂ ਪਹਿਲਾਂ ਇਕ ਸਰਕਾਰ ’ਚ ਨਕਲ ਦਾ ਬੋਲਬਾਲਾ ਸੀ। ਸਮਾਜਵਾਦੀ ਪਾਰਟੀ ਦੇ ਇਕ ਵੱਡੇ ਨੇਤਾ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਈ ਤਾਂ ਕੋਈ ਵਿਦਿਆਰਥੀ ਫੇਲ੍ਹ ਨਹੀਂ ਹੋਵੇਗਾ।
ਭਾਜਪਾ ਦੇ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਤਦ ਵਿਦਿਆਰਥੀ ਇਕ ਪਾਰਟੀ ਦੇ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਧੂੰਆਂਧਾਰ ਨਕਲ ਕਰਦੇ ਸਨ। ਉੱਥੋਂ ਨਕਲ ਮਾਫੀਆ ਦੀ ਸ਼ੁਰੂਆਤ ਹੋਈ। ਨਕਲ ਲਈ ਦੇਸ਼ ਭਰ ਦੇ ਵਿਦਿਆਰਥੀ ਉੱਤਰ ਪ੍ਰਦੇਸ਼ ’ਚ ਪ੍ਰੀਖਿਆ ਦੇਣ ਆਉਂਦੇ ਸਨ। ਉੱਤਰ ਪ੍ਰਦੇਸ਼ ਨਕਲ ਦੀ ਰਾਜਧਾਨੀ ਬਣ ਗਿਆ ਸੀ। ਹਾਲਾਂਕਿ, ਸਮਾਜਵਾਦੀ ਪਾਰਟੀ ਦੇ ਆਗੂ ਪ੍ਰੋ. ਰਾਮਗੋਪਾਲ ਯਾਦਵ ਨੇ ਦਾਅਵਾ ਕੀਤਾ ਕਿ ਬ੍ਰਿਜਲਾਲ ਦੀਆਂ 90 ਫ਼ੀਸਦੀ ਗੱਲਾਂ ਗ਼ਲਤ ਸਨ, ਇਸ ਲਈ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।
ਪ੍ਰੋ. ਯਾਦਵ ਨੇ ਪਾਰਟੀ ਦੀ ਮੰਗ ਦੋਹਰਾਈ ਕਿ ਨੀਟ ਨੂੰ ਖ਼ਤਮ ਕਰ ਕੇ ਸੂਬਿਆਂ ਨੂੰ ਅਧਿਕਾਰ ਦੇ ਦੇਣਾ ਚਾਹੀਦਾ ਹੈ। ਕੇਂਦਰ ਆਪਣਾ 15 ਸੀਟਾਂ ਦਾ ਕੋਟਾ ਰੱਖੇ। ਉਨ੍ਹਾਂ ਦਲੀਲ ਦਿੱਤੀ ਕਿ ਰਾਸ਼ਟਰੀ ਪੱਧਰ ’ਤੇ ਨੀਟ ’ਚ ਏਨੀਆਂ ਮੁਸ਼ਕਲਾਂ ਹਨ ਕਿ ਸਿਖ਼ਰ ’ਤੇ ਬੈਠੇ ਵਿਅਕਤੀ ਲਈ ਪੇਪਰ ਲੀਕ ਰੋਕਣਾ ਬਹੁਤ ਮੁਸ਼ਕਲ ਹੋਵੇਗਾ। ਉਨ੍ਹਾਂ ਨੇ ਬ੍ਰਿਜਲਾਲ ’ਤੇ ਇਵੇਂ ਵੀਂ ਟਿੱਪਣੀਆਂ ਕੀਤੀਆਂ ਕਿ ਕਾਂਗਰਸ ਦੇ ਸਮੇਂ ਤੋਂ ਹੀ ਮੁਲਾਇਮ ਸਿੰਘ ਤੇ ਸਮਾਜਵਾਦੀ ਪਾਰਟੀ ਦਾ ਵਿਰੋਧ ਕਰ ਕੇ ਉੱਤਰ ਪ੍ਰਦੇਸ਼ ਦੇ ਨੇਤਾ ਦਿੱਲੀ ’ਚ ਆਪਣੀ ਸਿਆਸਤ ਚਮਕਾਉਂਦੇ ਰਹੇ ਹਨ।
ਕਿਸ ਨੇ ਟਿਕਟ ਦੇ ਕੇ ਵਿਦਿਆਰਥੀ ਅੰਦੋਲਨ ’ਚ ਭੇਜੇ ਲੋਕ, ਹੋਵੇ ਜਾਂਚ: ਸੰਜੇ ਝਾਅ
ਚਰਚਾ ਦੌਰਾਨ ਜਨਤਾ ਦਲ (ਯੂਨਾਈਟਿਡ) ਦੇ ਸੰਜੇ ਕੁਮਾਰ ਝਾਅ ਨੇ ਕਿਹਾ ਕਿ ਇਸ ਵਿਸ਼ੇ ਨੂੰ ਸਿਆਸੀ ਲਾਭ-ਨੁਕਸਾਨ ਦੀ ਤੱਕੜੀ ’ਚ ਨਹੀਂ ਤੋਲਿਆ ਜਾਣਾ ਚਾਹੀਦਾ, ਕਿਉਂਕਿ ਪੇਪਰ ਲੀਕ ਦੀ ਸਮੱਸਿਆ ਨਵੀਂ ਨਹੀਂ ਹੈ। ਇਹ ਇਕ ਰਾਸ਼ਟਰੀ ਚੁਣੌਤੀ ਹੈ। ਉਨ੍ਹਾਂ ਕੱਲ੍ਹ ਲੋਕ ਸਭਾ ’ਚ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਮਦਰਾਸ ਆਈਆਈਟੀ ਦੇ ਪ੍ਰੋ. ਵੀ ਕਾਮਕੋਟੀ ’ਤੇ ਕੀਤੀ ਗਈ ਟਿੱਪਣੀ ’ਤੇ ਬਿਨਾਂ ਨਾਂ ਲਏ ਵਿਅੰਗ ਕੀਤਾ ਕਿ ਜਿਸ ਖਾਨਦਾਨ ਦੀਆਂ ਤਿੰਨ-ਚਾਰ ਪੀੜ੍ਹੀਆਂ ਦਾ ਉੱਚ ਸਿੱਖਿਆ ਨਾਲ ਖਾਸ ਨਾਤਾ ਨਹੀਂ ਰਿਹਾ, ਉਹ ਵੀ ਆਈਆਈਟੀ ਮਦਰਾਸ ’ਤੇ ਟਿੱਪਣੀ ਕਰ ਰਹੇ ਹਨ। ਨਾਲ ਹੀ ਸੰਜੇ ਝਾਅ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਕ ਮਲਿਆਲੀ ਚੈਨਲ ’ਤੇ ਦੇਖਿਆ ਕਿ 23 ਉਦਯੋਗਪਤੀਆਂ ਨੇ ਟਿਕਟ ਦੇ ਕੇ ਕੁਝ ਅਨਸਰਾਂ ਨੂੰ ਵਿਦਿਆਰਥੀ ਅੰਦੋਲਨ ’ਚ ਸ਼ਾਮਲ ਹੋਣ ਲਈ ਭੇਜਿਆ ਸੀ। ਗ੍ਰਹਿ ਮੰਤਰੀ ਨੂੰ ਇਸ ਦੀ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਿਦਿਆਰਥੀ ਅੰਦੋਲਨ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਹੋਈ। ਉਨ੍ਹਾਂ ਦੀ ਟਿੱਪਣੀ ’ਤੇ ਵਿਰੋਧੀ ਮੈਂਬਰਾਂ ਨੇ ਹੰਗਾਮਾ ਵੀ ਕੀਤਾ।