ਇੱਕ ਹੋਰ ਐਨਕਾਊਂਟ : ਅੱਧੀ ਰਾਤ ਨੂੰ ਅਪਰਾਧ ਵਾਲੀ ਥਾਂ ਦਾ ਮੁੜ ਦ੍ਰਿਸ਼ ਬਣਾਉਣ ਦੌਰਾਨ ਮੁਕਾਬਲਾ, ਨਾਬਾਲਗ ਨਾਲ ਜਬਰ-ਜਨਾਹ ਤੇ ਕਤਲ ਦਾ ਮੁਲਜ਼ਮ ਮਾਰਿਆ ਗਿਆ
ਬੰਗਲਾਦੇਸ਼ ਸਰਹੱਦ ਤੋਂ ਸਿਰਫ਼ ਚਾਰ ਕਿਲੋਮੀਟਰ ਦੂਰ ਸਥਿਤ ਘਟਨਾ ਵਾਲੀ ਥਾਂ 'ਤੇ ਤੜਕੇ ਪੁਲਿਸ ਮੁਲਜ਼ਮ ਪ੍ਰਹਿਲਾਦ ਨੂੰ ਅਪਰਾਧ ਵਾਲੀ ਘਟਨਾ ਦਾ ਮੁੜ ਦ੍ਰਿਸ਼ ਬਣਾਉਣ (ਰੀ-ਕ੍ਰੀਏਸ਼ਨ) ਲਈ ਲੈ ਕੇ ਪਹੁੰਚੀ ਸੀ। ਇਸੇ ਦੌਰਾਨ ਮੁਲਜ਼ਮ ਨੇ ਅਚਾਨਕ ਇੱਕ ਪੁਲਿਸ ਮੁਲਾਜ਼ਮ ਦੀ ਸਰਕਾਰੀ ਪਿਸਤੌਲ ਖੋਹ ਲਈ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
Publish Date: Tue, 27 Oct 2026 10:48 AM (IST)
Updated Date: Tue, 27 Oct 2026 10:58 AM (IST)
ਰਾਜ ਬਿਊਰੋ, ਕੋਲਕਾਤਾ : ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਗਾਇਘਾਟਾ ਇਲਾਕੇ ਵਿੱਚ ਮੰਗਲਵਾਰ ਤੜਕੇ ਪੁਲਿਸ ਐਨਕਾਊਂਟਰ ਦੌਰਾਨ ਨਾਬਾਲਗ ਲੜਕੀ ਨਾਲ ਜਬਰ-ਜਨਾਹ ਅਤੇ ਬੇਰਹਿਮੀ ਨਾਲ ਕਤਲ ਦੇ ਮੁੱਖ ਮੁਲਜ਼ਮ ਪ੍ਰਹਿਲਾਦ ਦਾਸ ਦੀ ਮੌਤ ਹੋ ਗਈ। ਬਾਰੂਈਪੁਰ ਵਿੱਚ ਵਾਪਰੀ ਇਸੇ ਤਰ੍ਹਾਂ ਦੀ ਘਟਨਾ ਤੋਂ ਸਿਰਫ਼ ਸਾਢੇ ਤਿੰਨ ਮਹੀਨਿਆਂ ਦੇ ਅੰਦਰ ਸੂਬੇ ਵਿੱਚ ਪੁਲਿਸ ਮੁਕਾਬਲੇ ਦੀ ਇਹ ਦੂਜੀ ਘਟਨਾ ਹੈ।
ਪੁਲਿਸ ਸੂਤਰਾਂ ਅਨੁਸਾਰ, ਬੰਗਲਾਦੇਸ਼ ਸਰਹੱਦ ਤੋਂ ਸਿਰਫ਼ ਚਾਰ ਕਿਲੋਮੀਟਰ ਦੂਰ ਸਥਿਤ ਘਟਨਾ ਵਾਲੀ ਥਾਂ 'ਤੇ ਤੜਕੇ ਪੁਲਿਸ ਮੁਲਜ਼ਮ ਪ੍ਰਹਿਲਾਦ ਨੂੰ ਅਪਰਾਧ ਵਾਲੀ ਘਟਨਾ ਦਾ ਮੁੜ ਦ੍ਰਿਸ਼ ਬਣਾਉਣ (ਰੀ-ਕ੍ਰੀਏਸ਼ਨ) ਲਈ ਲੈ ਕੇ ਪਹੁੰਚੀ ਸੀ। ਇਸੇ ਦੌਰਾਨ ਮੁਲਜ਼ਮ ਨੇ ਅਚਾਨਕ ਇੱਕ ਪੁਲਿਸ ਮੁਲਾਜ਼ਮ ਦੀ ਸਰਕਾਰੀ ਪਿਸਤੌਲ ਖੋਹ ਲਈ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਸ ਅਚਾਨਕ ਹੋਏ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਪੁਲਿਸ ਦਾ ਦਾਅਵਾ ਹੈ ਕਿ ਸਵੈ-ਰੱਖਿਆ ਵਿੱਚ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਮੁਲਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਚਾਂਦਪਾੜਾ ਦੇ ਪੇਂਡੂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕੀ ਹੈ ਪੂਰਾ ਮਾਮਲਾ ਦੱਸਣਯੋਗ ਹੈ ਕਿ ਪਿਛਲੇ ਸ਼ਨੀਵਾਰ ਰਾਤ ਨੂੰ 17 ਸਾਲਾ ਨਾਬਾਲਗ ਲੜਕੀ ਆਪਣੇ ਪਿੰਡ ਵਿੱਚ ਕਰਵਾਏ ਗਏ ਇੱਕ ਸੱਭਿਆਚਾਰਕ ਪ੍ਰੋਗਰਾਮ (ਜਲਸੇ) ਵਿੱਚ ਗਈ ਸੀ। ਰਾਤ ਕਰੀਬ 11:30 ਵਜੇ ਇੱਕ ਸ਼ੱਕੀ ਫ਼ੋਨ ਆਉਣ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਈ।
ਅਗਲੀ ਸਵੇਰ ਗੁਆਂਢੀ ਦੇ ਘਰ ਦੇ ਪਿੱਛਿਓਂ ਉਸ ਦੀ ਨਗਨ ਅਤੇ ਖ਼ੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ ਸੀ। ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਦੇ ਆਧਾਰ 'ਤੇ ਪੁਲਿਸ ਨੇ ਰਿਸ਼ਤੇਦਾਰੀ ਵਿੱਚ ਲੱਗਦੇ ਮੁਲਜ਼ਮ ਪ੍ਰਹਿਲਾਦ ਦਾਸ ਨੂੰ ਐਤਵਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ ਵਿੱਚ ਬਾਰੂਈਪੁਰ ਵਿਖੇ ਵੀ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਦੇ ਮੁਲਜ਼ਮ ਪ੍ਰਭਾਸ ਮੰਡਲ ਦੀ ਇਸੇ ਤਰ੍ਹਾਂ ਅੱਧੀ ਰਾਤ ਨੂੰ ਘਟਨਾ ਦਾ ਮੁੜ ਦ੍ਰਿਸ਼ ਬਣਾਉਣ ਦੌਰਾਨ ਪੁਲਿਸ ਦੀ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ।
ਬਾਰੂਈਪੁਰ ਐਨਕਾਊਂਟਰ ਦੀ ਕਾਰਵਾਈ, ਸਮੇਂ ਅਤੇ ਹਾਲਾਤਾਂ ਬਾਰੇ ਕਲਕੱਤਾ ਹਾਈ ਕੋਰਟ ਵਿੱਚ ਪਹਿਲਾਂ ਹੀ ਸੁਣਵਾਈ ਚੱਲ ਰਹੀ ਹੈ। ਅਦਾਲਤ ਨੇ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ ਦੇ ਹੁਕਮ ਵੀ ਦਿੱਤੇ ਸਨ।