'ਇੱਕ ਮਿੰਟ ’ਚ ਇੰਸਪੈਕਟਰੀ ਕਢਵਾ ਦਿਆਂਗਾ, ਅਨਿਲ ਵਿਜ ਹੈ ਮੇਰਾ ਨਾਂ', ਰਿਪੋਰਟ ਨਾ ਮਿਲਣ ’ਤੇ ਭੜਕੇ ਊਰਜਾ ਮੰਤਰੀ; ਤਬਾਦਲੇ ਦੇ ਦਿੱਤੇ ਹੁਕਮ ਮੰਤਰੀ ਅਨਿਲ ਵਿਜ ਨੇ ਅੰਬਾਲਾ ਛਾਉਣੀ ’ਚ ਜਨਤਾ ਦਰਬਾਰ ਦੌਰਾਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਫਟਕਾਰ ਲਗਾਈ। ਜੱਗੀ ਸਿਟੀ ਸੈਂਟਰ ’ਚ ਗ਼ੈਰ-ਕਾਨੂੰਨੀ ਬਿਜਲੀ ਸਪਲਾਈ ਦੇ ਮਾਮਲੇ ’ਚ ਉਨ੍ਹਾਂ ਨੇ ਐਕਸਈਐੱਨ ਹਰੀਸ਼ ਗੋਇਲ ਦਾ ਤਬਾਦਲਾ ਕਰਨ ਦੇ ਹੁਕਮ ਦੇ ਦਿੱਤੇ। ਉਨ੍ਹਾਂ ਨੇ ਸਿੱਖਿਆ, ਸਾਈਬਰ ਧੋਖਾਧੜੀ, ਕਤਲ ਦੀ ਸ਼ੰਕਾ ਤੇ ਵਿਕਾਸ ਕਾਰਜਾਂ ’ਚ ਦੇਰੀ ਸਮੇਤ ਕਈ ਹੋਰ ਸ਼ਿਕਾਇਤਾਂ ’ਤੇ ਵੀ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
Publish Date: Fri, 16 Oct 2026 11:27 AM (IST)
Updated Date: Fri, 16 Oct 2026 11:30 AM (IST)
ਜਾਗਰਣ ਸੰਵਾਦਦਾਤਾ, ਅੰਬਾਲਾ। ਛਾਉਣੀ ਦੇ ਪੀਡਬਲਯੂਡੀ ਰੈਸਟ ਹਾਊਸ ’ਚ ਵੀਰਵਾਰ ਨੂੰ ਕਰੀਬ ਚਾਰ ਘੰਟੇ ਚੱਲੇ ਜਨਤਾ ਦਰਬਾਰ ਦੌਰਾਨ ਮੰਤਰੀ ਅਨਿਲ ਵਿਜ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਜੱਗੀ ਸਿਟੀ ਸੈਂਟਰ ’ਚ ਗ਼ੈਰ-ਕਾਨੂੰਨੀ ਬਿਜਲੀ ਸਪਲਾਈ ਦੇ ਮਾਮਲੇ ’ਤੇ ਵਿਜ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਦੀ ਖੂਬ ਖਿਚਾਈ ਕੀਤੀ। ਤਿੰਨ ਹਫ਼ਤਿਆਂ ਬਾਅਦ ਵੀ ਜਾਂਚ ਰਿਪੋਰਟ ਨਾ ਮਿਲਣ ’ਤੇ ਵਿਜ ਨੇ ਬਿਜਲੀ ਨਿਗਮ ਦੇ ਐੱਸਈ ਤੋਂ ਸਵਾਲ ਕੀਤਾ, “ਰਿਪੋਰਟ ਪੈਦਲ ਆ ਰਹੀ ਹੈ ਜਾਂ ਗੱਡੀ ’ਚ?” ਇਸ ਤੋਂ ਬਾਅਦ ਵਿਜ ਨੇ ਫ਼ੋਨ ’ਤੇ ਚੀਫ਼ ਇਲੈਕਟ੍ਰੀਕਲ ਇੰਸਪੈਕਟਰ ਤੋਂ ਜਵਾਬ ਮੰਗਿਆ ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਇੰਸਪੈਕਟਰ ਦਾ ਜਵਾਬ ਸੁਣ ਕੇ ਵਿਜ ਨੇ ਕਿਹਾ, “ਐੱਸਈ ਮੇਰੇ ਸਾਹਮਣੇ ਖੜ੍ਹੇ ਹੋ ਕੇ ਕਹਿ ਰਹੇ ਹਨ ਕਿ ਰਿਪੋਰਟ ਨਹੀਂ ਮਿਲੀ, ਤਾਂ ਕਾਰਵਾਈ ਦੀ ਜਾਣਕਾਰੀ ਕਿਉਂ ਨਹੀਂ ਪਹੁੰਚੀ? ਮੈਂ ਇੱਕ ਦਿਨ ’ਚ ਇੰਸਪੈਕਟਰੀ ਕਢਵਾ ਦਿਆਂਗਾ। ਅਨਿਲ ਵਿਜ ਹੈ ਮੇਰਾ ਨਾਂ।”
ਇਸ ਤੋਂ ਕੁਝ ਦੇਰ ਬਾਅਦ ਹੀ ਅਧਿਕਾਰੀ ਚੰਡੀਗੜ੍ਹ ਤੋਂ ਅੰਬਾਲਾ ਪਹੁੰਚੇ ਤੇ ਆਪਣਾ ਪੱਖ ਰੱਖਿਆ। ਕਾਰਵਾਈ ’ਚ ਢਿੱਲ ਵਰਤਣ ’ਤੇ ਅੰਬਾਲਾ ਸ਼ਹਿਰ ਦੇ ਐਕਸਈਐੱਨ ਹਰੀਸ਼ ਗੋਇਲ ਦੇ ਨੂਹ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਗਏ।
ਗੌਰਵ ਗਰਗ ਨੇ ਦੋਸ਼ ਲਾਇਆ ਕਿ ਐੱਲਟੀ ਬਿਜਲੀ ਕੁਨੈਕਸ਼ਨ ਦੀ ਵਰਤੋਂ ਨਿਰਧਾਰਤ ਉਦੇਸ਼ ਤੋਂ ਵੱਖਰੇ ਕੰਮਾਂ ਲਈ ਕੀਤੀ ਜਾ ਰਹੀ ਹੈ। ਇੱਥੇ ਟਰੈਕਟਰ-ਟਰਾਲੀਆਂ ’ਤੇ ਬਣੇ ਕਿਓਸਕਾਂ ’ਚ ਏਸੀ, ਫਰਿੱਜ ਤੇ ਇੰਡਕਸ਼ਨ ਵਰਗੇ ਉਪਕਰਣ ਚਲਾਏ ਜਾ ਰਹੇ ਹਨ। ਝੂਲੇ ਚਲਾਉਣ ਲਈ ਬਿਜਲੀ ਕੁਨੈਕਸ਼ਨ ਦਿੱਤੇ ਜਾਣ ’ਤੇ ਵੀ ਸਵਾਲ ਉਠਾਏ ਗਏ। ਵਿਜ ਨੇ ਅਧਿਕਾਰੀਆਂ ਤੋਂ ਸਵਾਲ ਕੀਤੇ ਤੇ ਉਨ੍ਹਾਂ ਦੇ ਜਵਾਬ ਸੁਣ ਕੇ ਕਿਹਾ, “ਸਰਕਾਰ ਦੀ ਬੇਇੱਜ਼ਤੀ ਕਿਉਂ ਕਰਵਾ ਰਹੇ ਹੋ?”
ਅੱਠਵੀਂ ਤੱਕ ਮਾਨਤਾ, ਦਸਵੀਂ ਜਮਾਤ ’ਚ ਦਾਖ਼ਲੇ ਦੀ ਸ਼ਿਕਾਇਤ ਜਨਤਾ ਦਰਬਾਰ ’ਚ ਪਿੰਡ ਬਾੜਾ ਸਥਿਤ ਬ੍ਰਾਈਡ ਪਬਲਿਕ ਸਕੂਲ ਖ਼ਿਲਾਫ਼ ਵੀ ਸ਼ਿਕਾਇਤ ਪਹੁੰਚੀ। ਸੁੰਦਰ ਨਗਰ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਦੋਸ਼ ਲਾਇਆ ਕਿ ਸਕੂਲ ਨੂੰ ਅੱਠਵੀਂ ਜਮਾਤ ਤੱਕ ਮਾਨਤਾ ਮਿਲੀ ਹੋਈ ਹੈ, ਪਰ ਇਸ ਦੇ ਬਾਵਜੂਦ ਦਸਵੀਂ ਜਮਾਤ ’ਚ ਬੱਚਿਆਂ ਦੇ ਦਾਖ਼ਲੇ ਕੀਤੇ ਜਾ ਰਹੇ ਹਨ। ਵਿਜ ਨੇ ਐੱਸਡੀਐੱਮ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਅੰਬਾਲਾ ਸ਼ਹਿਰ ਦੇ ਇੱਕ ਵਿਅਕਤੀ ਨੇ ਨੌਂ ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦੀ ਸ਼ਿਕਾਇਤ ਦਿੱਤੀ। ਵਿਜ ਨੇ ਪੁਲਿਸ ਸੁਪਰਡੈਂਟ ਨੂੰ ਜਾਂਚ ਕਰਕੇ ਮੁਲਜ਼ਮਾਂ ਨੂੰ ਫੜਨ ਦੇ ਨਿਰਦੇਸ਼ ਦਿੱਤੇ। ਇਸੇ ਤਰ੍ਹਾਂ ਛਾਉਣੀ ਦੇ ਮਿਲਾਪ ਨਗਰ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਬੈਂਕ ਖਾਤੇ ਵਿੱਚੋਂ 3.40 ਲੱਖ ਰੁਪਏ ਤੋਂ ਵੱਧ ਦੀ ਰਕਮ ਕਢਵਾ ਲਈ ਗਈ ਹੈ। ਵਿਜ ਨੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ।
ਪਤੀ ਦੀ ਮੌਤ ਦੇ ਮਾਮਲੇ ’ਚ ਮੁੜ ਜਾਂਚ ਦੇ ਨਿਰਦੇਸ਼ ਬੋਹ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਦੋਸ਼ ਲਾਇਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਲਾਸ਼ ਬੋਹ ਦੇ ਮੈਦਾਨ ’ਚ ਝਾੜੀਆਂ ਵਿੱਚੋਂ ਮਿਲੀ ਸੀ। ਮਹਿਲਾ ਨੇ ਕਤਲ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਪੁਲਿਸ ਇਸ ਮਾਮਲੇ ’ਚ ਠੋਸ ਕਾਰਵਾਈ ਨਹੀਂ ਕਰ ਰਹੀ ਤੇ ਇਸ ਨੂੰ ਆਮ ਮੌਤ ਮੰਨ ਰਹੀ ਹੈ।
ਵਾਰਡ ਨੰਬਰ 27 ’ਚ ਵਿਕਾਸ ਕਾਰਜ ਨਾ ਹੋਣ ਦੀ ਸ਼ਿਕਾਇਤ ’ਤੇ ਵਿਜ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਫਟਕਾਰ ਲਗਾਈ। ਉਨ੍ਹਾਂ ਨੇ ਸਬੰਧਤ ਠੇਕੇਦਾਰ ਨੂੰ ਨੋਟਿਸ ਜਾਰੀ ਕਰਨ ਤੇ ਉਸ ਨੂੰ ਬਲੈਕਲਿਸਟ ਕਰਨ ਦੇ ਨਿਰਦੇਸ਼ ਦਿੱਤੇ। ਕੰਮ ਨਾ ਹੋਣ ਦੀ ਸੂਰਤ ’ਚ ਮੁੜ ਟੈਂਡਰ ਜਾਰੀ ਕਰਨ ਲਈ ਵੀ ਕਿਹਾ। ਨਗਰ ਕੌਂਸਲ ਤੋਂ ਸਾਰੇ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਵੀ ਮੰਗੀ ਗਈ। ਛਾਉਣੀ ਦੀ ਪਾਰਕਿੰਗ ’ਚ ਲਿਫ਼ਟ ਲਗਾਉਣ ਦੇ ਕੰਮ ’ਚ ਦੇਰੀ ਹੋਣ ’ਤੇ ਵੀ ਸਬੰਧਤ ਐਕਸਈਐੱਨ ਨੂੰ ਫਟਕਾਰ ਲਗਾਈ ਗਈ।
ਬਿਜਲੀ ਤੇ ਹੋਰ ਸ਼ਿਕਾਇਤਾਂ ’ਤੇ ਵੀ ਦਿੱਤੇ ਨਿਰਦੇਸ਼ ਜਨਤਾ ਦਰਬਾਰ ’ਚ ਸਾਹਾ ਦੇ ਉਦਯੋਗਿਕ ਖੇਤਰ ’ਚ ਪਾਵਰ ਹਾਊਸ ਲਈ ਟਾਵਰ ਲਗਾਉਣ ਨਾਲ ਸਬੰਧਤ ਸ਼ਿਕਾਇਤ ’ਤੇ ਵਿਜ ਨੇ ਬਿਜਲੀ ਅਧਿਕਾਰੀਆਂ ਨੂੰ ਮੌਕੇ ਦਾ ਨਿਰੀਖਣ ਕਰਨ ਤੇ ਬਦਲਵੀਂ ਥਾਂ ਦੀ ਪਛਾਣ ਕਰਨ ਲਈ ਕਿਹਾ। ਰਾਮਪੁਰ, ਸਰਸੇਹੜੀ, ਚੰਦਰਪੁਰੀ ਤੇ ਸੁੰਦਰ ਨਗਰ ’ਚ 24 ਘੰਟੇ ਬਿਜਲੀ ਸਪਲਾਈ, ਲੋਡ ਵਧਾਉਣ, ਟਰਾਂਸਫਾਰਮਰ ਸਹੀ ਥਾਂ ’ਤੇ ਲਗਾਉਣ ਤੇ ਬਿਜਲੀ ਨਾਲ ਸਬੰਧਤ ਹੋਰ ਸ਼ਿਕਾਇਤਾਂ ’ਤੇ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।
ਆਰੀਆ ਨਗਰ ’ਚ ਬਿਨਾਂ ਮਨਜ਼ੂਰੀ ਉਸਾਰੀ ਰੋਕਣ ਦੀ ਸ਼ਿਕਾਇਤ ’ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪੁਲਿਸ ਨਾਲ ਮਿਲ ਕੇ ਕਾਰਵਾਈ ਕਰਨ ਲਈ ਕਿਹਾ ਗਿਆ। ਪਟੇਲ ਨਗਰ ’ਚ ਚੋਰੀ ਦੇ ਮਾਮਲੇ ’ਚ ਵੀ ਪੁਲਿਸ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਜਨਤਾ ਦਰਬਾਰ ਦੌਰਾਨ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਨਾਲ ਜੁੜੇ ਬਿਜਲੀ ਵਿਭਾਗ ਦੇ ਵੈਂਡਰਾਂ ਨੇ ਵਿਜ ਨਾਲ ਮੁਲਾਕਾਤ ਕੀਤੀ ਤੇ ਯੋਜਨਾ ਨੂੰ ਲਾਗੂ ਕਰਨ ’ਚ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਜਨਤਾ ਦਰਬਾਰ ’ਚ਼ ਐੱਸਡੀਐੱਮ ਕਨਿਕਾ ਗੋਇਲ, ਨਗਰ ਕੌਂਸਲ ਦੀ ਪ੍ਰਧਾਨ ਸਵਰਨ ਕੌਰ, ਮੀਤ ਪ੍ਰਧਾਨ ਲਲਤਾ ਪ੍ਰਸਾਦ ਸਮੇਤ ਭਾਜਪਾ ਦੇ ਅਹੁਦੇਦਾਰ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।