- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਧਦੀਆਂ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਅਗਲੇ 15 ਦਿਨਾਂ ’ਚ 123 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ। ਜੇਕਰ ਤੇਲ ਦੀਆਂ ਕੀਮਤਾਂ ਉੱਚ ਪੱਧਰ ’ਤੇ ਬਣੀਆਂ ਰਹਿੰਦੀਆਂ ਹਨ ਤਾਂ ਹਿੰਗਾਈ ਵਧ ਕੇ 6.5 ਫ਼ੀਸਦੀ ਜਾਂ ਇਸ ਤੋਂ ਵੱਧ ਰਹਿ ਸਕਦੀ ਹੈ।

ਨਵੀਂ ਦਿੱਲੀ (ਏਜੰਸੀ) : ਆਰਬੀਆਈ ਗਵਰਨਰ ਸੰਜੇ ਮਲਹੋਤਰਾ ਨੇ ਸੋਮਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਇਸ ਬਾਰੇ ਖ਼ੁਦ ਵਿੱਤ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ। ਇਹ ਬੈਠਕ ਵਿਸ਼ਵ ਪੱਧਰੀ ਬੇਯਕੀਨੀਆਂ ਦੇ ਬਾਵਜੂਦ ਭਾਰਤ ਵੱਲੋਂ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਰਿਕਾਰਡ 7.8 ਫ਼ੀਸਦੀ ਜੀਡੀਪੀ ਵਾਧਾ ਦਰਜ ਕਰਨ ਦੇ ਕੁਝ ਹਫ਼ਤਿਆਂ ਬਾਅਦ ਹੋਈ ਹੈ। ਦੱਸਣਯੋਗ ਹੈ ਕਿ ਆਰਬੀਆਈ ਦੀ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੀ ਅਗਲੀ ਬੈਠਕ 5 ਤੋਂ 7 ਅਕਤੂਬਰ ਦਰਮਿਆਨ ਹੋਣੀ ਹੈ। ਅਗਸਤ ’ਚ ਹੋਈ ਬੈਠਕ ’ਚ ਐੱਮਪੀਸੀ ਨੇ ਲਗਾਤਾਰ ਚੌਥੀ ਵਾਰ ਰੈਪੋ ਦਰ ਨੂੰ 5.25 ਫ਼ੀਸਦੀ ’ਤੇ ਬਰਕਰਾਰ ਰੱਖਿਆ ਸੀ।
ਐੱਸਬੀਆਈ ਦੀ ਇੱਕ ਖੋਜ ਰਿਪੋਰਟ ’ਚ ਸ਼ੁੱਕਰਵਾਰ ਨੂੰ ਕਿਹਾ ਗਿਆ ਸੀ ਕਿ ਲਗਾਤਾਰ ਬਾਹਰੀ ਝਟਕਿਆਂ, ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਵਿਆਪਕ ਮਹਿੰਗਾਈ ਦੇ ਦਬਾਅ ਦੇ ਸੰਕੇਤਾਂ ਨੂੰ ਦੇਖਦਿਆਂ ਆਰਬੀਆਈ ਅਗਲੇ ਮਹੀਨੇ ਜਾਂ ਫਿਰ ਦਸੰਬਰ ’ਚ ਹੋਣ ਵਾਲੀ ਐੱਮਪੀਸੀ ਬੈਠਕ ’ਚ ਰੈਪੋ ਦਰ ’ਚ 25 ਆਧਾਰ ਅੰਕ ਦਾ ਵਾਧਾ ਕਰ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਿਰਫ਼ ਇੱਕ ਮਹੀਨਾ ਪਹਿਲਾਂ ਰੈਪੋ ਦਰ ’ਚ ਵਾਧੇ ਨੂੰ ਲੈ ਕੇ ਬਹੁਤੀ ਚਰਚਾ ਨਹੀਂ ਹੋਈ ਸੀ ਅਤੇ ਜ਼ਿਆਦਾਤਰ ਮੈਂਬਰਾਂ ਨੂੰ ਲੰਬੇ ਸਮੇਂ ਤੱਕ ਇਸ ਦੀ ਲੋੜ ਨਾ ਪੈਣ ਦੀ ਉਮੀਦ ਸੀ। ਹਾਲਾਂਕਿ, ਉਦੋਂ ਤੋਂ ਹੁਣ ਤੱਕ ਸਥਿਤੀ ਕਾਫ਼ੀ ਬਦਲ ਚੁੱਕੀ ਹੈ। ਬੈਂਕ ਦੇ ਆਰਥਿਕ ਖੋਜ ਵਿਭਾਗ ਵੱਲੋਂ ਤਿਆਰ ਐੱਸਬੀਆਈ ਈਕੋਰੈਪ ਨੇ ਕਿਹਾ ਕਿ ਰੈਪੋ ਦਰ ’ਚ ਵਾਧੇ ਦੀ ਉਸ ਦੀ ਮੰਗ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਤੋਂ ਸੁਤੰਤਰ ਹੈ।
ਦੱਸਣਯੋਗ ਹੈ ਕਿ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਹਾਲ ਹੀ ’ਚ 105 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈਆਂ ਹਨ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਵਧਦੀਆਂ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਅਗਲੇ 15 ਦਿਨਾਂ ’ਚ 123 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਤੇਲ ਦੀਆਂ ਕੀਮਤਾਂ ਉੱਚ ਪੱਧਰ ’ਤੇ ਬਣੀਆਂ ਰਹਿੰਦੀਆਂ ਹਨ ਤਾਂ ਅਕਤੂਬਰ ਅਤੇ ਨਵੰਬਰ ਦੌਰਾਨ ਮਹਿੰਗਾਈ ਵਧ ਕੇ 6.5 ਫ਼ੀਸਦੀ ਜਾਂ ਇਸ ਤੋਂ ਵੱਧ ਰਹਿ ਸਕਦੀ ਹੈ।