- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਮੀ ਰਾਜਮਾਰਗਾਂ 'ਤੇ ਹਾਦਸਾ ਹੋਣ 'ਤੇ ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸ ਦੀ ਸਹੂਲਤ ਮਿਲ ਸਕੇ, ਇਸ ਲਈ ਭਾਰਤੀ ਕੌਮੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਐਮਰਜੈਂਸੀ ਰਿਸਪਾਂਸ ਸਿਸਟਮ-ਕੰਪਿਊਟਰ ਏਡਿਡ ਡਿਸਪੈਚ (ਈਆਰਐੱਸ-ਸੀਏਡੀ) ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ, ਪਰ ਇਸ ਦੇ ਬਾਵਜੂਦ ਅਥਾਰਟੀ ਦੇ ਸਾਹਮਣੇ ਜਦੋਂ ਲਾਪਰਵਾਹੀ ਦੀਆਂ ਸ਼ਿਕਾਇਤਾਂ ਆਈਆਂ ਤਾਂ ਹੁਣ ਸੁਧਾਰ ਲਈ ਹੋਰ ਸਖ਼ਤ ਕਦਮ ਚੁੱਕੇ ਗਏ ਹਨ।

ਜਿਤੇਂਦਰ ਸ਼ਰਮਾ, ਜਾਗਰਣ, ਨਵੀਂ ਦਿੱਲੀ : ਕੌਮੀ ਰਾਜਮਾਰਗਾਂ 'ਤੇ ਹਾਦਸਾ ਹੋਣ 'ਤੇ ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸ ਦੀ ਸਹੂਲਤ ਮਿਲ ਸਕੇ, ਇਸ ਲਈ ਭਾਰਤੀ ਕੌਮੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਐਮਰਜੈਂਸੀ ਰਿਸਪਾਂਸ ਸਿਸਟਮ-ਕੰਪਿਊਟਰ ਏਡਿਡ ਡਿਸਪੈਚ (ਈਆਰਐੱਸ-ਸੀਏਡੀ) ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ, ਪਰ ਇਸ ਦੇ ਬਾਵਜੂਦ ਅਥਾਰਟੀ ਦੇ ਸਾਹਮਣੇ ਜਦੋਂ ਲਾਪਰਵਾਹੀ ਦੀਆਂ ਸ਼ਿਕਾਇਤਾਂ ਆਈਆਂ ਤਾਂ ਹੁਣ ਸੁਧਾਰ ਲਈ ਹੋਰ ਸਖ਼ਤ ਕਦਮ ਚੁੱਕੇ ਗਏ ਹਨ। ਸਰਵਿਸ ਲੈਵਲ ਐਗਰੀਮੈਂਟ (ਐੱਸਐੱਲਏ) 'ਚ ਜੁਰਮਾਨੇ ਦੇ ਪ੍ਰਬੰਧ ਸਖ਼ਤ ਕੀਤੇ ਗਏ ਹਨ। ਹਰ ਗ਼ਲਤੀ 'ਤੇ ਸਜ਼ਾ ਦਾ ਪ੍ਰਬੰਧ ਹੈ। ਹੁਣ ਜੇ ਐਂਬੂਲੈਂਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਦੇਰੀ ਨਾਲ ਪਹੁੰਚੀ ਤਾਂ ਉਸ 'ਤੇ 10,000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ। ਇੰਨਾ ਹੀ ਨਹੀਂ, ਸੂਚਨਾ ਮਿਲਦੇ ਹੀ ਦੋ ਮਿੰਟ 'ਚ ਨਾ ਚੱਲੀ ਐਂਬੂਲੈਂਸ ਤਾਂ ਹਰ ਮਿੰਟ ਦੀ ਦੇਰੀ 'ਤੇ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਲੱਗੇਗਾ।
ਐੱਨਐੱਚਏਆਈ ਕੇਅਰ ਸਿਸਟਮ ਦੇ ਨਿਯਮਾਂ ਤਹਿਤ ਐਂਬੂਲੈਂਸ ਨੂੰ ਸੂਚਨਾ ਦੀ ਪੁਸ਼ਟੀ ਤੋਂ ਬਾਅਦ 10 ਕਿਲੋਮੀਟਰ ਦੇ ਅੰਦਰ ਕਿਸੇ ਵੀ ਹਾਦਸੇ ਵਾਲੀ ਥਾਂ 'ਤੇ ਪਹੁੰਚਣ 'ਚ 10 ਮਿੰਟ ਤੋਂ ਵੱਧ ਦਾ ਸਮਾਂ ਨਹੀਂ ਲੱਗਣਾ ਚਾਹੀਦਾ।
ਨੈਸ਼ਨਲ ਹਾਈਵੇਅ 'ਤੇ ਤਾਇਨਾਤ ਐਂਬੂਲੈਂਸ, ਕਰੇਨ ਅਤੇ ਗਸ਼ਤੀ ਵਾਹਨਾਂ ਦੇ ਬਿਹਤਰ ਪ੍ਰਬੰਧਨ ਲਈ ਹੀ ਐੱਨਐੱਚਏਆਈ ਨੇ ਐਮਰਜੈਂਸੀ ਰਿਸਪਾਂਸ ਸਿਸਟਮ ਸ਼ੁਰੂ ਕੀਤਾ ਸੀ। ਇਸ ਦੇ ਨਾਲ ਹੀ ਇਨ੍ਹਾਂ ਸਾਰੇ ਸਬੰਧਤ ਵਾਹਨਾਂ 'ਚ ਏਆਈਐੱਸ-140 ਜੀਪੀਐੱਸ ਉਪਕਰਨ ਲਾਏ ਗਏ ਹਨ। ਹਰੇਕ ਆਨ-ਰੋਡ ਵਾਹਨ ਨੂੰ ਆਈਓਟੀ ਸਿਮ ਵਾਲਾ ਐਂਡਰਾਇਡ ਮੋਬਾਈਲ ਦਿੱਤਾ ਗਿਆ ਹੈ। ਇਹ ਐੱਨਐੱਚਏਆਈ ਕੇਅਰ ਮੋਬਾਈਲ ਐਪਲੀਕੇਸ਼ਨ ਨਾਲ ਜੁੜਿਆ ਹੈ, ਜੋ ਹਾਦਸੇ ਵਾਲੀ ਥਾਂ ਨਾਲ ਸਬੰਧਤ ਜਾਣਕਾਰੀ ਸੜਕ 'ਤੇ ਤਾਇਨਾਤ ਵਾਹਨ ਤੱਕ ਪਹੁੰਚਾਉਂਦਾ ਹੈ ਅਤੇ ਐਮਰਜੈਂਸੀ ਦੌਰਾਨ ਕੀਤੀ ਗਈ ਕਾਰਵਾਈ ਸਮੇਤ ਡਾਟਾ ਇਕੱਠਾ ਕਰਦਾ ਹੈ। ਇਸ ਤੋਂ ਇਲਾਵਾ ਹਰੇਕ ਘਟਨਾ ਪ੍ਰਬੰਧਕ ਭਾਵ ਇਨਸਿਡੈਂਟ ਮੈਨੇਜਰ ਨੂੰ ਆਈਓਟੀ ਸਿਮ ਵਾਲਾ ਐਂਡਰਾਇਡ ਟੈਬਲੇਟ ਦਿੱਤਾ ਗਿਆ ਹੈ। ਇਹ ਵੀ ਐੱਨਐੱਚਏਆਈ ਕੇਅਰ ਡੈਸ਼ਬੋਰਡ ਐਪਲੀਕੇਸ਼ਨ ਨਾਲ ਜੁੜਿਆ ਹੈ, ਜੋ ਆਈਐੱਮ ਨੂੰ ਵਾਹਨਾਂ ਨੂੰ ਟਰੈਕ ਕਰਨ ਅਤੇ ਹਾਦਸੇ ਦੇ ਪ੍ਰਬੰਧਨ ਦੀ ਰੀਅਲ ਟਾਈਮ ਨਿਗਰਾਨੀ 'ਚ ਮਦਦ ਕਰਦਾ ਹੈ।
ਇਕ ਕੇਂਦਰੀ ਕਾਲ ਸੈਂਟਰ ਹੈ ਜੋ 24 ਘੰਟੇ ਕੰਮ ਕਰਦਾ ਹੈ। ਇੰਨੇ ਪ੍ਰਬੰਧਾਂ ਦੇ ਬਾਵਜੂਦ ਐੱਨਐੱਚਏਆਈ ਨੇ ਪਾਇਆ ਹੈ ਕਿ ਐੱਨਐੱਚਏਆਈ ਕੇਅਰ ਡੈਸ਼ਬੋਰਡ ਅਤੇ ਐੱਨਐੱਚਏਆਈ ਕੇਅਰ ਐਪਲੀਕੇਸ਼ਨ ਦੀ ਸਹੀ ਤਰ੍ਹਾਂ ਵਰਤੋਂ ਨਹੀਂ ਹੋ ਰਹੀ, ਜਿਸ ਕਾਰਨ ਹਾਦਸੇ ਤੋਂ ਬਾਅਦ ਰਿਸਪਾਂਸ ਟਾਈਮ 'ਚ ਸੁਧਾਰ ਨਹੀਂ ਹੋ ਰਿਹਾ। ਸਭ ਤੋਂ ਵੱਡੀ ਰੁਕਾਵਟ ਇਹ ਹੈ ਕਿ ਆਨ-ਰੋਡ ਵਾਹਨਾਂ ਦੀ ਆਨਲਾਈਨ ਉਪਲਬਧਤਾ ਵੀ ਦਿਖਾਈ ਨਹੀਂ ਦੇ ਰਹੀ। ਹੁਣ ਹਰੇਕ ਵਾਹਨ ਲਈ ਆਈਐੱਮਐੱਸ ਕੇਅਰ ਸਿਸਟਮ ਦੀ ਵਰਤੋਂ ਲਾਜ਼ਮੀ ਕਰਦਿਆਂ ਐੱਨਐੱਚਏਆਈ ਨੇ ਜੁਰਮਾਨੇ ਦੇ ਪ੍ਰਬੰਧ ਬਣਾ ਦਿੱਤੇ ਹਨ। ਇਸ 'ਚ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਹਾਈਵੇਅ 'ਤੇ ਜੇ ਕਿਸੇ ਪ੍ਰਾਜੈਕਟ ਦੇ ਦਾਇਰੇ ਤੋਂ ਬਾਹਰ, ਨੇੜੇ-ਤੇੜੇ ਵੀ ਕੋਈ ਹਾਦਸਾ ਹੁੰਦਾ ਹੈ ਅਤੇ ਉੱਥੇ ਹੋਰ ਐਂਬੂਲੈਂਸ ਉਪਲਬਧ ਨਾ ਹੋਵੇ ਤਾਂ ਉੱਥੇ ਵੀ ਪਹੁੰਚਣਾ ਪਵੇਗਾ।
ਉਲੰਘਣਾਵਾਂ 'ਤੇ ਇਹ ਲੱਗੇਗਾ ਜੁਰਮਾਨਾ
-ਵਾਹਨਾਂ ਵੱਲੋਂ ਐੱਨਐੱਚਏਆਈ ਕੇਅਰ ਐਪਲੀਕੇਸ਼ਨ ਦੀ ਵਰਤੋਂ ਨਾ ਕਰਨ 'ਤੇ ਰੋਜ਼ਾਨਾ 2,500 ਰੁਪਏ।
-ਘਟਨਾ ਪ੍ਰਬੰਧਕ ਵੱਲੋਂ ਐੱਨਐੱਚਏਆਈ ਕੇਅਰ ਦੀ ਵਰਤੋਂ ਨਾ ਕਰਨ 'ਤੇ ਰੋਜ਼ਾਨਾ 2,500 ਰੁਪਏ।
-ਆਨ-ਰੋਡ ਯੂਨਿਟ 'ਚ ਏਆਈਐੱਸ-140 ਅਨੁਕੂਲ ਜੀਪੀਐੱਸ ਨਾ ਹੋਣ 'ਤੇ ਰੋਜ਼ਾਨਾ 2,500 ਰੁਪਏ।
-ਆਈਐੱਮਐੱਸ ਕੇਅਰ ਡੈਸ਼ਬੋਰਡ 'ਤੇ ਐਂਬੂਲੈਂਸ ਆਨਬੋਰਡ ਨਾ ਹੋਣ 'ਤੇ ਰੋਜ਼ਾਨਾ 2,500 ਰੁਪਏ।
-ਐੱਨਐੱਚਏਆਈ ਕੇਅਰ ਐਪ 'ਤੇ ਸੂਚਨਾ ਸਵੀਕਾਰ ਕਰਨ 'ਚ ਦੇਰੀ 'ਤੇ ਪ੍ਰਤੀ ਮਿੰਟ 5000 ਰੁਪਏ।
-ਐੱਨਐੱਚਏਆਈ ਕੇਅਰ ਐਪ 'ਤੇ ਆਨ-ਰੋਡ ਇਕਾਈਆਂ ਵੱਲੋਂ ਸੂਚਨਾ ਰੱਦ ਕਰਨ 'ਤੇ ਹਰੇਕ ਘਟਨਾ ਲਈ 10 ਹਜ਼ਾਰ ਰੁਪਏ।
-ਹਸਪਤਾਲ ਤੱਕ ਪਹੁੰਚਣ 'ਚ ਦੇਰੀ 'ਤੇ ਪ੍ਰਤੀ ਘਟਨਾ 10 ਹਜ਼ਾਰ ਰੁਪਏ।
-ਨਿਰੀਖਣ ਦੌਰਾਨ ਉਪਕਰਨਾਂ ਅਤੇ ਦਵਾਈਆਂ 'ਚ ਕਮੀ ਜਾਂ ਸਟਾਫ਼ ਦੀ ਗ਼ੈਰ-ਉਪਲਬਧਤਾ 'ਤੇ ਪ੍ਰਤੀ ਨਿਰੀਖਣ 10 ਹਜ਼ਾਰ ਰੁਪਏ।
ਹਰ ਰੋਜ਼ ਪੰਜ ਕਿਲੋਮੀਟਰ ਦੀ ਰਨ ਮਾਕ ਡ੍ਰਿਲ ਲਾਜ਼ਮੀ
ਹਰ ਐਂਬੂਲੈਂਸ ਨੂੰ ਹਰ 24 ਘੰਟਿਆਂ 'ਚ ਘੱਟੋ-ਘੱਟ ਪੰਜ ਕਿਲੋਮੀਟਰ ਦੀ ਰਨ ਮਾਕ ਡ੍ਰਿਲ ਕਰਨੀ ਪਵੇਗੀ। ਜੇ ਕਿਸੇ ਦਿਨ ਐਂਬੂਲੈਂਸ ਕਿਸੇ ਹਾਦਸੇ ਦੇ ਮਾਮਲੇ 'ਚ ਪੰਜ ਕਿਲੋਮੀਟਰ ਤੋਂ ਵੱਧ ਦਾ ਆਉਣਾ-ਜਾਣਾ ਕਰਦੀ ਹੈ ਤਾਂ ਉਸ ਨੂੰ ਇਸ ਤੋਂ ਛੋਟ ਮਿਲੇਗੀ। ਇਸ ਨਿਯਮ ਦੀ ਪਾਲਣਾ ਨਾ ਕਰਨ 'ਤੇ ਵੀ 10 ਹਜ਼ਾਰ ਰੁਪਏ ਦਾ ਮਹੀਨਾਵਾਰ ਜੁਰਮਾਨਾ ਲੱਗ ਸਕਦਾ ਹੈ।