ਏਅਰ ਟਰਬੂਲੈਂਸ ਨਾਲ ਹਵਾ 'ਚ 300 ਫੁੱਟ ਹੇਠਾਂ ਆਇਆ ਏਅਰ ਇੰਡੀਆ ਦਾ ਜਹਾਜ਼, ਚੀਕ-ਚਿਹਾੜੇ ਦੌਰਾਨ 10 ਯਾਤਰੀਆਂ ਸਮੇਤ 14 ਲੋਕ ਜ਼ਖ਼ਮੀ
ਏਅਰ ਇੰਡੀਆ ਦੇ ਬੁਲਾਰੇ ਅਨੁਸਾਰ, ਕੁਝ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਾਵਧਾਨੀ ਵਜੋਂ ਜਾਂਚ ਅਤੇ ਦੇਖਭਾਲ ਲਈ ਏਅਰਪੋਰਟ ਸਥਿਤ ਮੈਡੀਕਲ ਸੁਵਿਧਾ ’ਚ ਲਿਜਾਇਆ ਗਿਆ। ਏਅਰਲਾਈਨ ਦੀ ਏਅਰਪੋਰਟ ਟੀਮ ਅਤੇ ਮੈਡੀਕਲ ਕਰਮਚਾਰੀ ਉਨ੍ਹਾਂ ਦਾ ਧਿਆਨ ਰੱਖ ਰਹੇ ਹਨ।
Publish Date: Tue, 04 Aug 2026 03:12 PM (IST)
Updated Date: Tue, 04 Aug 2026 04:49 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਏਅਰ ਇੰਡੀਆ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਫੁਕੇਤ ਤੋਂ ਦਿੱਲੀ ਜਾ ਰਹੀ ਫਲਾਈਟ AI2379 ਨੂੰ ਸਫ਼ਰ ਦੌਰਾਨ ਟਰਬੂਲੈਂਸ (ਹਵਾ ਦੇ ਤੇਜ਼ ਝੱਖੜ/ਉਤਾਰ-ਚੜ੍ਹਾਅ) ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਚਾਈ ਵਿੱਚ ਪਲ ਭਰ ਦਾ ਬਦਲਾਅ ਆਇਆ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਵਿੱਚ 134 ਯਾਤਰੀ ਸਵਾਰ ਸਨ।
ਜ਼ਖ਼ਮੀਆਂ ਦਾ ਕੀਤਾ ਗਿਆ ਇਲਾਜ
ਹਾਦਸੇ ਤੋਂ ਬਾਅਦ ਜਹਾਜ਼ ਦਿੱਲੀ ਵਿੱਚ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀਆਂ ਤੇ ਕਰੂ ਮੈਂਬਰਾਂ ਨੇ ਸੁਰੱਖਿਅਤ ਉਡਾਣ ਪੂਰੀ ਕੀਤੀ। ਏਅਰਲਾਈਨ ਨੇ ਆਪਣੇ ਬਿਆਨ ’ਚ ਕਿਹਾ ਕਿ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।
ਏਅਰ ਇੰਡੀਆ ਦੇ ਬੁਲਾਰੇ ਅਨੁਸਾਰ, ਕੁਝ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਾਵਧਾਨੀ ਵਜੋਂ ਜਾਂਚ ਅਤੇ ਦੇਖਭਾਲ ਲਈ ਏਅਰਪੋਰਟ ਸਥਿਤ ਮੈਡੀਕਲ ਸੁਵਿਧਾ ’ਚ ਲਿਜਾਇਆ ਗਿਆ। ਏਅਰਲਾਈਨ ਦੀ ਏਅਰਪੋਰਟ ਟੀਮ ਅਤੇ ਮੈਡੀਕਲ ਕਰਮਚਾਰੀ ਉਨ੍ਹਾਂ ਦਾ ਧਿਆਨ ਰੱਖ ਰਹੇ ਹਨ।
ਕਾਰਨ ਤਲਾਸ਼ਣ ’ਚ ਜੁੱਟੀ ਤਕਨੀਕੀ ਟੀਮ
ਬੁਲਾਰੇ ਨੇ ਕਿਹਾ, 'ਸਾਡੇ ਯਾਤਰੀਆਂ ਅਤੇ ਕਰੂ ਦੀ ਸੁਰੱਖਿਆ ਅਤੇ ਭਲਾਈ ਏਅਰ ਇੰਡੀਆ ਦੀ ਸਰਵਉੱਚ ਤਰਜੀਹ ਹੈ। ਅਸੀਂ ਪ੍ਰਭਾਵਿਤ ਲੋਕਾਂ ਨੂੰ ਹਰ ਜ਼ਰੂਰੀ ਸਹਾਇਤਾ ਦੇ ਰਹੇ ਹਾਂ ਅਤੇ ਜਾਂਚ ਦੇ ਸਿਲਸਿਲੇ ਵਿੱਚ ਸਬੰਧਤ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ।' ਇਹ ਘਟਨਾ ਫੁਕੇਤ ਤੋਂ ਰਾਸ਼ਟਰੀ ਰਾਜਧਾਨੀ ਦੀ ਯਾਤਰਾ ਦੌਰਾਨ ਵਾਪਰੀ। ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਅੱਗੇ ਦੀ ਜਾਣਕਾਰੀ ਦੀ ਉਡੀਕ ਹੈ।
ਕੀ ਹੁੰਦਾ ਹੈ ਏਅਰ ਟਰਬੂਲੈਂਸ?
ਫਲਾਈਟ ਟਰਬੂਲੈਂਸ ਹਵਾ ਦੇ ਪ੍ਰਵਾਹ ਵਿੱਚ ਅਚਾਨਕ ਆਉਣ ਵਾਲਾ ਵਿਘਨ ਜਾਂ ਉਤਾਰ-ਚੜ੍ਹਾਅ ਹੈ, ਜਿਸ ਕਾਰਨ ਉੱਡਦਾ ਹੋਮਾ ਜਹਾਜ਼ ਅਚਾਨਕ ਹਿੱਲਣ-ਡੁੱਲਣ ਜਾਂ ਝਟਕੇ ਖਾਣ ਲੱਗਦਾ ਹੈ। ਇਹ ਹਵਾ ਵਿੱਚ ਗੱਡੀ ਦੇ ਕਿਸੇ ਟੋਏ ਜਾਂ ਉਬੜ-ਖਾਬੜ ਰਸਤੇ ਤੋਂ ਲੰਘਣ ਵਰਗਾ ਹੁੰਦਾ ਹੈ। ਇਸ ਦੇ ਕਈ ਕਾਰਨ ਹੁੰਦੇ ਹਨ।
ਜਿਵੇਂ ਗਰਜ ਦੇ ਨਾਲ ਤੂਫ਼ਾਨ ਅਤੇ ਭਾਰੀ ਬੱਦਲਾਂ ਵਿੱਚੋਂ ਲੰਘਦੇ ਸਮੇਂ ਹਵਾ ਦਾ ਦਬਾਅ ਤੇਜ਼ੀ ਨਾਲ ਬਦਲਦਾ ਹੈ। ਉੱਥੇ ਹੀ, ਜਦੋਂ ਦੋ ਵੱਖ-ਵੱਖ ਦਿਸ਼ਾਵਾਂ ਜਾਂ ਗਤੀ ਨਾਲ ਵਗਣ ਵਾਲੀ ਹਵਾ ਆਪਸ ਵਿੱਚ ਟਕਰਾਉਂਦੀ ਹੈ ਤਾਂ ਉੱਥੇ ਟਰਬੂਲੈਂਸ ਦੀ ਸਥਿਤੀ ਪੈਦਾ ਹੁੰਦੀ ਹੈ।
ਇਸ ਤੋਂ ਇਲਾਵਾ ਪਹਾੜੀ ਇਲਾਕੇ ਦੇ ਉੱਪਰੋਂ ਹਵਾਈ ਜਹਾਜ਼ ਦੇ ਲੰਘਣ 'ਤੇ ਵੀ ਹਵਾ ਉੱਪਰ-ਹੇਠਾਂ ਲਹਿਰਾਂ ਦੀ ਤਰ੍ਹਾਂ ਵਗਣ ਲੱਗਦੀ ਹੈ। ਇਸੇ ਲੜੀ ਵਿੱਚ ਚੌਥਾ ਹੁੰਦਾ ਹੈ ਕਲੀਅਰ ਏਅਰ ਟਰਬੂਲੈਂਸ (CAT)। ਇਹ ਏਅਰ ਟਰਬੂਲੈਂਸ ਸਭ ਤੋਂ ਖ਼ਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਬੱਦਲ ਜਾਂ ਖ਼ਰਾਬ ਮੌਸਮ ਦੇ ਬਿਲਕੁਲ ਸਾਫ਼ ਆਸਮਾਨ ਵਿੱਚ ਅਚਾਨਕ ਆਉਂਦਾ ਹੈ। ਇਸ ਨੂੰ ਰਾਡਾਰ ਤੋਂ ਵੀ ਨਹੀਂ ਫੜਿਆ ਜਾ ਸਕਦਾ।