- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਣਾਉਟੀ ਬੁੱਧੀਮਤਾ (ਏਆਈ) ਦੀ ਦੁਨੀਆ ਤੋਂ ਇਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਓਪਨਏਆਈ ਅਤੇ ਐਂਥ੍ਰੋਪਿਕ ਵਿਚ ਪਿਛਲੇ ਤਿੰਨ ਸਾਲਾਂ ਤੋਂ ਖੋਜ ਕਰ ਰਹੇ ਖੋਜਕਾਰ ਜੈਕਬ ਕਾਕਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਬਣਾਉਟੀ ਬੁੱਧੀਮਤਾ (ਏਆਈ) ਦੀ ਦੁਨੀਆ ਤੋਂ ਇਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਓਪਨਏਆਈ ਅਤੇ ਐਂਥ੍ਰੋਪਿਕ ਵਿਚ ਪਿਛਲੇ ਤਿੰਨ ਸਾਲਾਂ ਤੋਂ ਖੋਜ ਕਰ ਰਹੇ ਖੋਜਕਾਰ ਜੈਕਬ ਕਾਕਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਇਹ ਕਦਮ ਆਮ ਨੌਕਰੀ ਛੱਡਣ ਵਰਗਾ ਨਹੀਂ, ਸਗੋਂ ਤਕਨਾਲੋਜੀ ਦੀ ਦੁਨੀਆ ਵਿਚ ਚੱਲ ਰਹੀ ਅੰਨ੍ਹੀ ਦੌੜ ਵਿਰੁੱਧ ਇਕ ਗੰਭੀਰ ਚਿਤਾਵਨੀ ਮੰਨਿਆ ਜਾ ਰਿਹਾ ਹੈ। ਕਾਕਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰ ਕੇ ਦੋਸ਼ ਲਾਇਆ ਹੈ ਕਿ ਓਪਨਏਆਈ ਅਤੇ ਐਂਥ੍ਰੋਪਿਕ ਵਰਗੀਆਂ ਮੋਹਰੀ ਤਕਨਾਲੋਜੀ ਕੰਪਨੀਆਂ ਪੁਖ਼ਤਾ ਸੁਰੱਖਿਆ ਉਪਾਵਾਂ ਤੋਂ ਬਿਨਾਂ ਸੁਪਰਇੰਟੈਲੀਜੈਂਸ ਵੱਲ ਤੇਜ਼ੀ ਨਾਲ ਵਧ ਰਹੀਆਂ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਕੰਪਨੀਆਂ ਸਾਡੇ ਅਤੇ ਪੂਰੀ ਮਨੁੱਖਤਾ ਦੇ ਜੀਵਨ ਨਾਲ ਖ਼ਤਰਨਾਕ ਜੂਆ ਖੇਡ ਰਹੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਜੈਕਬ ਕਾਕਸਨ ਦਾ ਕਹਿਣਾ ਹੈ ਕਿ ਇਨ੍ਹਾਂ ਤਾਕਤਵਰ ਪ੍ਰਣਾਲੀਆਂ ਨੂੰ ਵਿਕਸਤ ਕਰਨ ਵਾਲੇ ਲੋਕ ਨਿੱਜੀ ਗੱਲਬਾਤ ਵਿਚ ਇਸ ਗੱਲ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਨ ਕਿ ਬੇਕਾਬੂ ਏਆਈ ਇਸ ਦਹਾਕੇ ਦੇ ਅੰਤ ਤੱਕ ਇਨਸਾਨਾਂ ਲਈ ਕਾਲ ਬਣ ਸਕਦੀ ਹੈ। ਕਾਕਸਨ ਨੇ ਦੱਸਿਆ ਕਿ ਓਪਨਏਆਈ ਵਿਚ ਕਈ ਲੋਕ ਇਸ ਸਭਿਅਤਾਗਤ ਖ਼ਤਰੇ ਦੀ ਗੰਭੀਰਤਾ ਨੂੰ ਡੂੰਘਾਈ ਨਾਲ ਨਹੀਂ ਸਮਝ ਰਹੇ, ਜਦਕਿ ਐਂਥ੍ਰੋਪਿਕ ਵਿਚ ਜੋਖ਼ਮ ਦਾ ਅੰਦਾਜ਼ਾ ਤਾਂ ਹੈ, ਪਰ ਕੰਪਨੀ ਸਭ ਤੋਂ ਅੱਗੇ ਰਹਿਣ ਦੀ ਅੰਨ੍ਹੀ ਦੌੜ ਵਿਚ ਸ਼ਾਮਲ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਉਹ ਇਸ ਨੂੰ ਨਹੀਂ ਬਣਾਉਣਗੇ ਤਾਂ ਕੋਈ ਹੋਰ ਇਸ ਨੂੰ ਬਣਾ ਦੇਵੇਗਾ। ਕਾਕਸਨ ਨੇ ਇਹ ਵੀ ਕਿਹਾ ਕਿ ਇਸ ਖੇਤਰ ਵਿਚ ਕੰਮ ਕਰਨ ਵਾਲੇ ਕਈ ਲੋਕਾਂ ਦਾ ਪੱਕਾ ਮੰਨਣਾ ਹੈ ਕਿ ਦਹਾਕੇ ਦੇ ਅੰਤ ਤੱਕ ਏਆਈ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ।
ਪੀਟੀਆਈ ਮੁਤਾਬਕ, ਇਸ ਅਸਤੀਫ਼ੇ ਅਤੇ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਐਂਥ੍ਰੋਪਿਕ ਦੇ ਹੀ ਏਲਾਈਨਮੈਂਟ ਸਾਇੰਸ ਲੀਡ ਇਵਾਨ ਹੂਬਿੰਗਰ ਨੇ ਜੈਕਬ ਕਾਕਸਨ ਦੇ ਦਾਅਵਿਆਂ ਦਾ ਸਮਰਥਨ ਕੀਤਾ ਹੈ। ਹੂਬਿੰਗਰ ਨੇ ਮੰਨਿਆ ਕਿ ਖੋਜਕਾਰ ਅਸਲ ਵਿਚ ਇਹ ਮੰਨਦੇ ਹਨ ਕਿ ਏਆਈ ਸਾਰੇ ਇਨਸਾਨਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਅਗਲੇ ਇਕ ਦਹਾਕੇ ਵਿਚ ਅਜਿਹਾ ਹੋਣ ਦੀ ਸੰਭਾਵਨਾ 10 ਫ਼ੀਸਦ ਤੋਂ ਵੱਧ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਮੌਜੂਦਾ ਮਾਡਲਾਂ ਤੋਂ ਜੋਖ਼ਮ ਘੱਟ ਹੈ, ਪਰ ਜਿਵੇਂ-ਜਿਵੇਂ ‘ਰਿਕਰਸਿਵ ਸੈਲਫ਼-ਇੰਪਰੂਵਮੈਂਟ’ ਭਾਵ ਸਵੈ-ਸੁਧਾਰ ਦੀ ਪ੍ਰਕਿਰਿਆ ਤੇਜ਼ ਹੋਵੇਗੀ, ਖ਼ਤਰਾ ਭਿਆਨਕ ਰੂਪ ਧਾਰ ਸਕਦਾ ਹੈ। ਐਂਥ੍ਰੋਪਿਕ ਵਰਗੀਆਂ ਮੋਹਰੀ ਕੰਪਨੀਆਂ ਦੇ ਅੰਦਰੂਨੀ ਸੂਤਰਾਂ ਤੋਂ ਸਾਹਮਣੇ ਆ ਰਹੀਆਂ ਇਹ ਚਿੰਤਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਤਕਨਾਲੋਜੀ ਦੀ ਇਹ ਅੰਨ੍ਹੀ ਦੌੜ ਮਨੁੱਖਤਾ ਲਈ ਇਕ ਗੰਭੀਰ ਸੰਕਟ ਪੈਦਾ ਕਰ ਸਕਦੀ ਹੈ।
‘‘ਮੈਂ ਐਂਥ੍ਰੋਪਿਕ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੈਂ ਪਿਛਲੇ ਤਿੰਨ ਸਾਲ ਓਪਨਏਆਈ ਅਤੇ ਐਂਥ੍ਰੋਪਿਕ, ਦੋਵਾਂ ਥਾਵਾਂ ’ਤੇ ਪ੍ਰੀ-ਟ੍ਰੇਨਿੰਗ ਰਿਸਰਚ ਵਿਚ ਬਿਤਾਏ ਹਨ। ਕੋਈ ਵੀ ਕੰਪਨੀ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰ ਰਹੀ। ਉਹ ਤੇਜ਼ੀ ਨਾਲ ‘ਸੈਲਫ਼-ਇੰਪਰੂਵਿੰਗ ਸੁਪਰਇੰਟੈਲੀਜੈਂਸ’ (ਆਪਣੇ ਆਪ ਨੂੰ ਬਿਹਤਰ ਬਣਾਉਣ ਵਾਲੀ ਸੁਪਰਇੰਟੈਲੀਜੈਂਸ) ਵੱਲ ਵਧ ਰਹੀਆਂ ਹਨ ਅਤੇ ਸਾਡੀਆਂ ਜ਼ਿੰਦਗੀਆਂ ਨਾਲ ਜੂਆ ਖੇਡ ਰਹੀਆਂ ਹਨ। ਓਪਨਏਆਈ ਵਿਚ ਬਹੁਤ ਸਾਰੇ ਲੋਕ ਸੱਭਿਅਤਾ ਲਈ ਇਸ ਦੇ ਗੰਭੀਰ ਨਤੀਜਿਆਂ ਨੂੰ ਡੂੰਘਾਈ ਨਾਲ ਨਹੀਂ ਸਮਝ ਸਕੇ ਹਨ। ਐਂਥ੍ਰੋਪਿਕ ਵਿਚ ਜੋਖ਼ਮਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਂਦਾ ਹੈ, ਪਰ ਉਹ ਸਭ ਤੋਂ ਪਹਿਲਾਂ ਉੱਥੇ ਪਹੁੰਚਣ ਦੀ ਦੌੜ ਵਿਚ ਲੱਗੇ ਹੋਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਹੋਰ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰੇਗਾ, ਇਸ ਲਈ ਜੋਖ਼ਮ ਦੇ ਬਾਵਜੂਦ ਉਨ੍ਹਾਂ ਨੂੰ ਖ਼ੁਦ ਹੀ ਅਜਿਹਾ ਕਰਨਾ ਪਵੇਗਾ।’’
-ਜੈਕਬ ਕਾਕਸਨ, ਐਂਥ੍ਰੋਪਿਕ ਤੋਂ ਵੱਖ ਹੋਏ ਏਆਈ ਖੋਜਕਾਰ